
ਪੰਜਾਬ ਦਿਵਸ ਦੀ ਸਾਰਥਿਕਤਾ ਲਈ ਪੰਜਾਬੀ ਬੋਲੀ ਪ੍ਰਤੀ ਚੇਤਨਾ ਜਗਾਉਣ ਦੀ ਲੋੜ— ਡਾ. ਆਸ਼ਟ
ਪਟਿਆਲਾ, 1 ਨਵੰਬਰ: ਪੰਜਾਬੀਆਂ ਦੀ ਵਰ੍ਹਿਆਂ ਬੱਧੀ ਜੱਦੋਜਹਿਦ ਅਤੇ ਕੁਰਬਾਨੀਆਂ ਪਿੱਛੋਂ ਹੀ ਪੰਜਾਬ ਦਿਵਸ ਦੀ ਸਥਾਪਨਾ ਹੋਈ ਹੈ। ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਤੇ ਭਾਰਤ ਉਪਰ ਜਿੰਨੇ ਵੀ ਹਮਲਾਵਰ ਜਾਂ ਧਾੜਵੀ ਆਉਂਦੇ ਰਹੇ, ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਡਿਊਢੀ ਰਾਹੀਂ ਹੀ ਭਾਰਤ ਵਿਚ ਪ੍ਰਵੇਸ਼ ਕੀਤਾ ਜਿਸ ਕਰਕੇ ਇਸ ਨੂੰ ਭਾਰਤ ਦੇਸ਼ ਦੀ ਤਲਵਾਰ ਵਾਲੀ ਭੁਜਾ (ਬਾਂਹ) ਦਾ ਦਰਜਾ ਹਾਸਿਲ ਹੈ।
ਪਟਿਆਲਾ, 1 ਨਵੰਬਰ: ਪੰਜਾਬੀਆਂ ਦੀ ਵਰ੍ਹਿਆਂ ਬੱਧੀ ਜੱਦੋਜਹਿਦ ਅਤੇ ਕੁਰਬਾਨੀਆਂ ਪਿੱਛੋਂ ਹੀ ਪੰਜਾਬ ਦਿਵਸ ਦੀ ਸਥਾਪਨਾ ਹੋਈ ਹੈ। ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਤੇ ਭਾਰਤ ਉਪਰ ਜਿੰਨੇ ਵੀ ਹਮਲਾਵਰ ਜਾਂ ਧਾੜਵੀ ਆਉਂਦੇ ਰਹੇ, ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਡਿਊਢੀ ਰਾਹੀਂ ਹੀ ਭਾਰਤ ਵਿਚ ਪ੍ਰਵੇਸ਼ ਕੀਤਾ ਜਿਸ ਕਰਕੇ ਇਸ ਨੂੰ ਭਾਰਤ ਦੇਸ਼ ਦੀ ਤਲਵਾਰ ਵਾਲੀ ਭੁਜਾ (ਬਾਂਹ) ਦਾ ਦਰਜਾ ਹਾਸਿਲ ਹੈ। ਵਿਸ਼ਵ ਵਿਚ ਇਸ ਸਮੇਂ 6700 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਨੂੰ 13ਵਾਂ ਦਰਜਾ ਹਾਸਿਲ ਹੈ ਪਰੰਤੂ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਮੇਂ ਸਮੇਂ ਤੇ ਰਾਜਨੀਤੀ ਦੀਆਂ ਕੋਝੀਆਂ ਚਾਲਾਂ ਨੇ ਨਾ ਕੇਵਲ ਪੰਜਾਬੀ ਭਾਸ਼ਾ ਅਤੇ ਲਿਪੀ ਨੂੰ ਹੀ ਵੰਡਿਆ ਸਗੋਂ ਪੰਜਾਬ ਦੀਆਂ ਭੂਗੋਲਿਕ ਹੱਦਾਂ ਨੂੰ ਵੀ ਕੱਟ ਵੱਢ ਕੇ ਮਹਿਦੂਦ ਕਰ ਦਿੱਤਾ ਜਿਸ ਕਾਰਨ ਵਰਤਮਾਨ ਸਮੇਂ ਵਿਚ ‘ਮਹਾਂ ਪੰਜਾਬ' ਸਿਮਟਦਾ ਸਿਮਟਦਾ ਇਕ ਛੋਟੀ ਜਿਹੀ ‘ਸੂਬੀ' ਬਣ ਕੇ ਹੀ ਰਹਿ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਟੇਟ ਐਵਾਰਡੀ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਡਾ. ਦਰਸ਼ਨ ਸਿੰਘ ਆਸ਼ਟ, ਜੋ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਵੀ ਹਨ, ਨੇ ਕੀਤਾ। ਡਾ. ਆਸ਼ਟ ਨੇ ਸਮੂਹ ਪੰਜਾਬੀਆਂ ਨੂੰ ਪੰਜਾਬ ਦਿਵਸ ਦੀ 57ਵੇਂ ਵਰ੍ਹੇਗੰਢ ਤੇ ਬੋਲਦਿਆਂ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 1947 ਤੋਂ ਬਾਅਦ ਪੰਜਾਬੀ ਬੋਲਦੇ ਇਲਾਕਿਆਂ ਦਾ ਭਾਰਤੀ ਪੰਜਾਬ ਵਿਚ ਕੇਵਲ 38 % ਹਿੱਸਾ ਹੀ ਰਹਿ ਗਿਆ। ਪਾਕਿਸਤਾਨ 1 ਨਵੰੰਬਰ ਨੂੰ ਜਦੋਂ ਪੰਜਾਬ ਸੂਬੇ ਦੀ ਸਥਾਪਨਾ ਦਾ ਐਲਾਨ ਹੋਇਆ ਤਾਂ ਇਸ ਦੀ ਵਿਸ਼ਾਲ ਕਾਇਆ ਨੂੰ ਕੱਟ ਵੱਢ ਕਰਕੇ ਇਸ ਵਿਚੋਂ ਹਿਮਾਚਲ ਪ੍ਰਦੇਸ਼ ਅਤੇ ਫਿਰ ਹਰਿਆਣਾ ਪ੍ਰਾਂਤ ਬਣਾਏ ਗਏ। ਇਹੀ ਨਹੀਂ, ਪੰਜਾਬ ਦੇ ਪੁਆਧ ਇਲਾਕੇ ਦੇ 28 ਪਿੰਡ ਉਜਾੜ ਕੇ ਹੀ ਚੰਡੀਗੜ੍ਹ ਬਣਾਇਆ ਗਿਆ ਸੀ।ਪਰੰਤੂ ਅੱਜ ਪੰਜਾਬ ਦਾ ਖੇਤਰਫ਼ਲ ਕੇਵਲ 14% ਹਿੱਸਾ ਰਹਿ ਗਿਆ ਹੈ ਅਤੇ ਆਪਣੇ ਹੱਕਾਂ ਤੋਂ ਵਿਰਵਾ ਹੋਇਆ ਮਹਿਸੂਸ ਕਰ ਰਿਹਾ ਹੈ।ਪੰਜਾਬ ਅਤੇ ਇੱਥੋਂ ਦੀ ਪੰਜਾਬੀ ਬੋਲੀ ਨਾਲ ਧੱਕੇਸ਼ਾਹੀ ਦਾ ਦੌਰ ਅਜੇ ਖ਼ਤਮ ਨਹੀਂ ਹੋਇਆ।
ਡਾ. ‘ਆਸ਼ਟ ਨੇ ਕਿਹਾ ਕਿ ਪੰਜਾਬ ਦਿਵਸ ਦੀ ਸਾਰਥਿਕਤਾ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜੇਕਰ ਪੰਜਾਬ ਦੀ ਸਰਜ਼ਮੀਂ ਉਪਰ ਸਥਾਪਿਤ ਹੋਏ ਸਾਰੇ ਸੀ.ਬੀ.ਐਸ.ਈ.,ਆਈ.ਸੀ.ਐਸ.ਸੀ. ਬੋਰਡਾਂ ਅਤੇ ਕਾਨਵੈਂਟ ਸਕੂਲਾਂ ਵਿਚ ਪੰਜਾਬੀ ਮਾਤ ਭਾਸ਼ਾ ਮੁੱਢਲੀ ਸਿੱਖਿਆ ਵਜੋਂ ਲਾਗੂ ਕੀਤੀ ਜਾਵੇ, ਇਸ ਨੂੰ ਰੋਜ਼ਗਾਰ ਮੁਖੀ ਬਣਾਇਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਬੱਚਿਆਂ ਦੇ ਬਹੁਪੱਖੀ ਮੁਕਾਬਲੇ ਉਹਨਾਂ ਦੀ ਆਪਣੀ ਮਾਤ ਭਾਸ਼ਾ ਵਿਚ ਹੀ ਕਰਵਾ ਕੇ ਉਹਨਾਂ ਨੂੰ ਦੂਜੇ ਲੇਖਕਾਂ ਵਾਂਗ ਉਚਿਤ ਮਾਣ—ਸਨਮਾਨ ਅਤੇ ਪੁਰਸਕਾਰ ਪ੍ਰਦਾਨ ਕੀਤੇ ਜਾਣ ਅਤੇ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਦਾ ਬਹੁਪੱਖੀ ਵਿਕਾਸ ਹੋ ਸਕੇ।
