ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਆਰਥਿਕਤਾ ਤੇ ਹੋਵੇ ਬਹਿਸ : ਭੂੰਦੜ

ਗੜ੍ਹਸ਼ੰਕਰ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਦੀ ਕਾਨੂੰਨ ਅਵਸਥਾ ਅਤੇ ਆਰਥਿਕਤਾ ਤੇ ਬਹਿਸ ਕਰਵਾਉਣ ਕਿਉਂਕਿ ਪਿਛਲੇ ਡੇਢ ਸਾਲ ਦੌਰਾਨ ਪੰਜਾਬ ਵਿੱਚ ਲੋਕਾਂ ਦੇ ਅਨੇਕਾਂ ਕਤਲ ਹੋਏ ਹਨ ਪੰਜਾਬ ਦੀ ਆਰਥਿਕਤਾ ਡਗਮਗਾਈ ਹੋਈ ਹੈ।

ਗੜ੍ਹਸ਼ੰਕਰ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਦੀ ਕਾਨੂੰਨ ਅਵਸਥਾ ਅਤੇ ਆਰਥਿਕਤਾ ਤੇ ਬਹਿਸ ਕਰਵਾਉਣ ਕਿਉਂਕਿ ਪਿਛਲੇ ਡੇਢ ਸਾਲ ਦੌਰਾਨ ਪੰਜਾਬ ਵਿੱਚ ਲੋਕਾਂ ਦੇ ਅਨੇਕਾਂ ਕਤਲ ਹੋਏ ਹਨ ਪੰਜਾਬ ਦੀ ਆਰਥਿਕਤਾ ਡਗਮਗਾਈ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ। ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਵੱਡੀ ਤੋਂ ਵੱਡੀ ਸਮੱਸਿਆ ਨੂੰ ਸਰਕਾਰ ਵੱਲੋਂ ਮਖੌਲ ਵਿੱਚ ਉਡਾ ਦਿੱਤਾ ਜਾਂਦਾ ਹੈ ਜੋ ਕਿ ਪੰਜਾਬ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਨਾਲ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਦੋਵੇਂ ਮੁਖੀ ਗਵਰਨਰ ਅਤੇ ਮੁੱਖ ਮੰਤਰੀ ਦੇ ਸਿੰਗ ਫਸੇ ਹੋਏ ਹਨ ਜੋ ਕਿ ਸੂਬੇ ਲਈ ਠੀਕ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਆਰਡੀਐੱਫ ਬੰਦ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਆਰਡੀਐੱਫ ਅਤੇ ਬੀਬੀਐੱਮਬੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਸਤਲੁਜ ਜਮਨਾ ਲਿੰਕ ਲਹਿਰ ਬਾਰੇ ਕਾਨੂੰਨੀ ਤੌਰ ਤੇ ਪੱਖ ਰੱਖਣ ਦੀ ਥਾਂ ਕੇਵਲ ਵਿਰੋਧੀ ਪਾਰਟੀਆਂ ਨੂੰ ਦੋਸ਼ੀ ਠਹਿਰਾ ਕੇ ਪੰਜਾਬ ਦਾ ਕੇਸ ਕਮਜ਼ੋਰ ਕਰ ਦਿੱਤਾ ਗਿਆ। ਪੰਜਾਬ ਤੋਂ ਚੁਣੇ ਗਏ ਆਪ ਦੇ ਰਾਜਸਭਾ ਮੈਂਬਰ ਪਾਣੀ ਦੇ ਮੁੱਦੇ ਤੇ ਹਰਿਆਣਾ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੂਰੇ ਦੇਸ਼ ਦਾ ਆਗੂ ਬਣਾਉਣ ਲਈ ਪੰਜਾਬ ਵਿੱਚ ਨੌਕਰੀਆਂ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਦਿਆਂ ਤੇ 'ਸਾਡਾ ਪੰਜਾਬ ਅਸੀਂ ਪੰਜਾਬ ਦੇ' ਲਹਿਰ ਸ਼ੁਰੂ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਬਣੀ ਪਾਰਟੀ ਦੇ ਅੱਜ ਸ਼ਰਾਬ ਘੁਟਾਲਿਆਂ ਵਿੱਚ ਵੱਡੇ ਆਗੂ ਜੇਲ ਵਿੱਚ ਨਜ਼ਰਬੰਦ ਹਨ ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਹੁਜਨ ਸਮਾਜ ਪਾਰਟੀ ਨਾਲ ਇੱਕ ਸਿਧਾਂਤਕ ਅਤੇ ਯੋਗ ਅਗਵਾਈ ਵਾਲਾ ਗਠਜੋੜ ਹੈ।ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਜਰਨੈਲ ਸਿੰਘ ਨੂਰਪੁਰ ਜੱਟਾਂ, ਰਜਿੰਦਰ ਸਿੰਘ ਸ਼ੂਕਾ,ਜਿੰਦਰ ਸਿੰਘ ਗਿੱਲ, ਡਾ.ਕ੍ਰਿਸਣ ਬੱਧਣ , ਤਰਸੇਮ ਕਸਾਣਾ,ਏ ਐੱਸ ਪਰਮਾਰ, ਸੁਰਿੰਦਰ ਦਾਰਾਪੁਰੀ, ਅਜੇ ਖੇਪੜ, ਅਸ਼ੋਕ ਨਾਨੋਵਾਲ, ਰਿੱਕੀ ਨੈਣਵਾਂ,ਡਾ. ਗੋਪਾਲ ਲੱਲੀਆਂ, ਰਮਨਪ੍ਰੀਤ ਢਿੱਲੋਂ, ਅਨਮੋਲ ਰਾਣਾ ਆਦਿ ਹਾਜ਼ਰ ਸਨ।