
ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਹੈ ਪ੍ਰਾਈਮ ਟੀ ਵੀ ਯੂਐਸਏ -ਅਮਰਜੀਤ ਸਿੰਘ ਕਲਸੀ
ਮਾਹਿਲਪੁਰ- ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਹੈ ਪ੍ਰਾਈਮ ਟੀਵੀ ਯੂਐਸਏ । ਇਹ ਵਿਚਾਰ ਪਿੰਡ ਹੱਲੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਟੇਟ ਅਵਾਰਡੀ ਅਧਿਆਪਕ ਅਤੇ ਕੋਚ ਜਗਦੀਸ਼ ਸਿੰਘ ਦੇ ਅਮਰੀਕਾ ਵੱਸਦੇ ਸਪੁੱਤਰ, ਨਿਰਮਾਤਾ ਨਿਰਦੇਸ਼ਕ ਅਮਰਜੀਤ ਸਿੰਘ ਕਲਸੀ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ।
ਮਾਹਿਲਪੁਰ- ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਹੈ ਪ੍ਰਾਈਮ ਟੀਵੀ ਯੂਐਸਏ । ਇਹ ਵਿਚਾਰ ਪਿੰਡ ਹੱਲੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਟੇਟ ਅਵਾਰਡੀ ਅਧਿਆਪਕ ਅਤੇ ਕੋਚ ਜਗਦੀਸ਼ ਸਿੰਘ ਦੇ ਅਮਰੀਕਾ ਵੱਸਦੇ ਸਪੁੱਤਰ, ਨਿਰਮਾਤਾ ਨਿਰਦੇਸ਼ਕ ਅਮਰਜੀਤ ਸਿੰਘ ਕਲਸੀ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ।
ਉਹਨਾਂ ਅੱਗੇ ਕਿਹਾ ਕਿ ਪ੍ਰਾਈਮ ਟੀਵੀ ਯੂਐਸਏ ਦਾ ਮੁੱਖ ਮਨੋਰਥ ਪੰਜਾਬ ਦੀ ਅਮੀਰ ਵਿਰਾਸਤ ਨੂੰ ਨਵੀਂ ਪਨੀਰੀ ਤੱਕ ਪੁੱਜਦਾ ਕਰਨਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਕੇ ਉਚੇਰੀਆਂ ਮੰਜ਼ਿਲਾਂ ਵੱਲ ਤੋਰਨਾ ਵੀ ਇਸ ਚੈਨਲ ਦਾ ਮੁੱਖ ਕਾਰਜ ਹੈ। ਬੱਚਿਆਂ ਦੀਆਂ ਕਲਾਤਮਿਕ ਸਰਗਰਮੀਆਂ ਨੂੰ ਪੇਸ਼ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਜਿਸ ਵਾਸਤੇ ਪੰਜਾਬ ਵਿੱਚੋਂ ਉੱਘੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਇਸ ਚੈਨਲ ਨਾਲ ਜੋੜਿਆ ਜਾ ਰਿਹਾ ਹੈ।
ਜਿਨ੍ਹਾਂ ਨੇ ਹਿੰਮਤ ਲਗਨ ਅਤੇ ਹੌਸਲੇ ਨਾਲ ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਵਿੱਦਿਅਕ ਆਦਿ ਖੇਤਰਾਂ ਵਿੱਚ ਨਰੋਈਆਂ ਪੈੜਾਂ ਪਾਈਆਂ ਹਨ ਉਹਨਾਂ ਦੀ ਵਿਚਾਰ ਚਰਚਾ, ਮੁਲਾਕਾਤਾਂ ਅਤੇ ਡਾਕੂਮੈਂਟਰੀ ਫਿਲਮਾਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ। ਬਹੁਤ ਜਲਦੀ ਇਹ ਚੈਨਲ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਦੇਖਿਆ ਜਾ ਸਕੇਗਾ।
ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ ਪ੍ਰਿੰ. ਮਨਜੀਤ ਕੌਰ ਦੀ ਅਗਵਾਈ ਹੇਠ 'ਪ੍ਰਵਾਸੀ ਮੀਡੀਆ ਅਤੇ ਪੰਜਾਬੀ ਸੱਭਿਆਚਾਰ' ਵਿਸ਼ੇ ਤੇ ਕਰਵਾਈ ਗੋਸ਼ਟੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਮਰਜੀਤ ਸਿੰਘ ਕਲਸੀ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੂੰ ਆਪਣੇ ਸਪੁੱਤਰ ਤੇ ਬਹੁਤ ਮਾਣ ਹੈ ਜਿਨ੍ਹਾਂ ਅਮਰੀਕਾ ਵਰਗੇ ਦੇਸ਼ ਵਿੱਚ ਮੀਡੀਏ ਦੇ ਖੇਤਰ ਵਿੱਚ ਸ਼ਾਨਦਾਰ ਪੈੜਾਂ ਸਿਰਜੀਆਂ ਹਨ।
ਉਹ ਇੱਕੋ ਵੇਲੇ ਜਿੱਥੇ ਤਕਨੀਕੀ ਮਾਹਿਰ ਹੈ ਉੱਥੇ ਮੀਡੀਏ ਦਾ ਡੂੰਘਾ ਗਿਆਨ ਰੱਖਣ ਵਾਲਾ ਨਿਰਮਾਤਾ ਨਿਰਦੇਸ਼ਕ ਵੀ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਤਕਨੀਕੀ ਮਾਹਿਰ ਜਸਵੀਰ ਸਿੰਘ ਜੱਸੀ, ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ ਅਤੇ ਜੀਵਨ ਲਾਲ ਸ਼ਰਮਾ ਨੇ ਇਸ ਨੌਜਵਾਨ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕਰਦਿਆਂ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
ਉਹਨਾਂ ਅੱਗੇ ਕਿਹਾ ਕਿ ਪੰਜਾਬੀ ਮੀਡੀਏ ਨੂੰ ਆਪਣੀ ਅਮੀਰ ਵਿਰਾਸਤ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ । ਜੇਕਰ ਪੰਜਾਬੀ ਭਾਸ਼ਾ ਸੁਰੱਖਿਤ ਰਹੇਗੀ ਤਦ ਹੀ ਪੰਜਾਬੀਆਂ ਦੀ ਹੋਂਦ ਕਾਇਮ ਰਹਿ ਸਕਦੀ ਹੈ। ਉਹਨਾਂ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਵਿੱਚੋਂ ਪੰਜਾਬੀ ਖਤਮ ਹੋ ਰਹੀ ਹੈ ਅਤੇ ਪਰਵਾਸੀ ਪੰਜਾਬੀ ਇਸ ਨੂੰ ਬਚਾਉਣ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਹਨ।
ਮੀਡੀਏ ਨਾਲ ਸੰਬੰਧਿਤ ਸੁਖਮਨ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਜੇਕਰ ਮੀਡੀਆ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਹੇਗਾ ਤਦ ਹੀ ਭਾਰਤੀ ਲੋਕਤੰਤਰ ਕਾਇਮ ਰਹਿ ਸਕਦਾ ਹੈ। ਇਸ ਮੌਕੇ ਅਮਰਜੀਤ ਸਿੰਘ ਕਲਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਬੱਗਾ ਸਿੰਘ ਆਰਟਿਸਟ ਦੁਆਰਾ ਰਚਿਤ ਪੁਸਤਕ 'ਕੁਟੀਆ ਅਗੰਮ ਸਾਹਿਬ' ਭੇਟ ਕੀਤੀ ਗਈ। ਨਿਧੀ ਅਮਨ ਸਹੋਤਾ, ਹਰਮਨਪ੍ਰੀਤ ਕੌਰ, ਹਰਵੀਰ ਮਾਨ, ਰਾਹੁਲ, ਪਵਨ ਸਕਰੂਲੀ , ਮਨਜਿੰਦਰ ਹੀਰ ਸਮੇਤ ਵਿਦਿਆਰਥੀ ਅਤੇ ਕਲਾ ਪ੍ਰੇਮੀ ਸ਼ਾਮਿਲ ਹੋਏ। ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।
