ਸੰਪਾਦਕ: ਦਵਿੰਦਰ ਕੁਮਾਰ

ਗਣਪਤੀ ਬੱਪਾ ਮੋਰਿਆ! ਮੰਗਲ ਮੂਰਤੀ ਮੋਰਿਆ!

ਲੇਖਕ :- ਪੈਗ਼ਾਮ-ਏ-ਜਗਤ
ਤਾਜਾ ਖਬਰਾਂ
ਮੰਡਿਆਲਾ 'ਚ ਐਲ.ਪੀ.ਜੀ ਟੈਂਕਰ ਧਮਾਕਾ : 2 ਮੌਤਾਂ, 21 ਜ਼ਖਮੀ ਯੂਕੇ ਸਟੱਡੀ ਵੀਜ਼ਾ ਜਨਵਰੀ 2026 ਸੈਸ਼ਨ ਲਈ ਦਾਖਲੇ ਜਾਰੀ : ਕਨਵਰ ਅਰੋੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵਿਖੇ ‘ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ* (ਲਾਇਬ੍ਰੇਰੀ) ਦਾ ਉਦਘਾਟਨ 28 ਅਗਸਤ ਨੂੰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਨ ਹੁਸ਼ਿਆਰਪੁਰ ਵੱਲੋਂ ਉੱਲਾਸ ਵਰਕਸ਼ਾਪਾਂ ਰਾਹੀਂ ਸਾਖਰਤਾ ਮੁਹਿੰਮ ਦੀ ਅਗਵਾਈ, ਸਿੱਖਿਆਰਥੀਆਂ ਦੇ ਲਕੜੇ ਵੱਲ ਤੇਜ਼ੀ ਨਾਲ ਅੱਗੇ. ਹੁਸ਼ਿਆਰਪੁਰ ਦੇ ਮੰਡਿਆਲਾ 'ਚ ਵਾਪਰੀ ਗੈਂਸ ਟੈਂਕਰ ਦੀ ਘਟਨਾ ਦੇ ਪੀੜ੍ਹਤਾਂ ਨੂੰ ਫੌਰੀ ਮੱਦਦ ਦਿੱਤੀ ਜਾਵੇ - ਪ੍ਰਧਾਨ ਸਤੀਸ਼ ਕੁਮਾਰ ਸੋਨੀ ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ ਪੀਆਰਟੀਸੀ ਪਟਿਆਲਾ ਡਿਪੂ ਦੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵਰਕਸ਼ਾਪ ਕਰਮਚਾਰੀਆਂ ਨੇ ਇਕੱਤਰ ਹੋਕੇ ਡਿਪੂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਨੂੰ ਬਣੇ ਭਾਰੀ ਖਤਰੇ ਦੇ ਸਬੰਧ ਵਿੱਚ ਰਿਪੋਰਟ ਜਨਰਲ ਮੈਨੇਜਰ ਕੋਲ ਕੀਤੀ ਗਈ।

ਤਾਜ਼ਾ ਖ਼ਬਰਾਂ

ਕਾਂਗਰਸ, ਭਾਜਪਾ, ਅਕਾਲੀ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ, ਮਾਰਿਆ ਅਤੇ ਬਰਬਾਦ ਕੀਤਾ – ਕਰੀਮਪੁਰੀ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸੰਭਾਲੋ ਅਭਿਆਨ ਦੇ ਤਹਿਤ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਦਾਣਾ ਮੰਡੀ ਚੱਬੇਵਾਲ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਹਜ਼ਾਰਾਂ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਭਾਗ ਲਿਆ। ਇਸ ਮੌਕੇ ਬਸਪਾ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਤੇ ਪੰਜਾਬ ਕੋਆਰਡੀਨੇਟਰ ਗੁਰਨਾਮ ਚੌਧਰੀ ਵਿਸ਼ੇਸ਼ ਮਹਿਮਾਨ ਰਹੇ।
ਵਿਸ਼ਾਲ ਸਭਾ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚੇਲੇਆਂ ‘ਤੇ ਹੋ ਰਿਹਾ ਜਾਤੀਅਤ ਅਤੇ ਸਮਾਜਕ ਉਤਪੀੜਨ ਚਿੰਤਾਜਨਕ ਹੈ, ਜਿਸ ਨੂੰ ਬਸਪਾ ਕਦੇ ਬਰਦਾਸ਼ਤ ਨਹੀਂ ਕਰੇਗੀ। ਧੁਲੇਟਾ ਵਿਖੇ ਗੁਰੂ ਰਵਿਦਾਸ ਮੰਦਰ ਦੀ ਚਾਰਦੀਵਾਰੀ ਡਾਹੁਣੀ, ਗੁਰੂ ਘਰ ਦਾ ਅਪਮਾਨ ਕਰਨਾ ਤੇ ਪੁਲਿਸ ਥਾਣਿਆਂ ‘ਚ ਸ਼ਰਧਾਲੂਆਂ ਦੀ ਬੇਇਜ਼ਤੀ ਕਰਨੀ ਬਹੁਤ ਹੀ ਦੁਖਦਾਈ ਤੇ ਗੰਭੀਰ ਗੱਲ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਨੇ ਹਮੇਸ਼ਾ ਦਲਿਤਾਂ ਅਤੇ ਗਰੀਬਾਂ ਨੂੰ ਲੁੱਟਿਆ, ਮਾਰਿਆ ਅਤੇ ਬਰਬਾਦ ਕੀਤਾ ਹੈ। ਚੋਣਾਂ ਤੋਂ ਪਹਿਲਾਂ ਕੁਝ ਦਿਨਾਂ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਆਪ ਸਰਕਾਰ ਨਸ਼ੇ ਦੇ ਮੁੱਦੇ ‘ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਨਸ਼ਾ ਮਾਫੀਆ ਕਾਲਜਾਂ ਤੋਂ ਪ੍ਰਾਇਮਰੀ ਸਕੂਲਾਂ ਤੱਕ ਪਹੁੰਚ ਗਿਆ ਹੈ। ਖੁਰਾਲਗੜ ਸਾਹਿਬ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਪਏ, ਉੱਥੇ ਸ਼ਰਾਬ ਦੇ ਠੇਕੇ ਤੇ ਗੈਰ-ਕਾਨੂੰਨੀ ਬਰਾਂਚ ਖੋਲ੍ਹਣਾ ਆਪ ਸਰਕਾਰ ਦੀ ਦਲਿਤਾਂ ਵੱਲ ਗੰਦੀ ਸੋਚ ਨੂੰ ਦਰਸਾਉਂਦਾ ਹੈ।
ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਸ਼ਰਾਬ ਦੇ ਠੇਕੇ ਤੇ ਬਰਾਂਚਾਂ ਖੋਲ੍ਹ ਕੇ ਨਸ਼ੇੜੀ ਪੈਦਾ ਕਰ ਰਹੀ ਹੈ। ਰੋਜ਼ਾਨਾ ਨਸ਼ੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਤੰਗੀ ਕਾਰਨ ਨਸ਼ੇ ਦੇ ਸ਼ਿਕਾਰ ਹੋਏ ਲਗਭਗ 30 ਹਜ਼ਾਰ ਨੌਜਵਾਨ ਜੇਲ੍ਹਾਂ ‘ਚ ਬੰਦ ਹਨ, ਜਦਕਿ ਦੋ ਲੱਖ ਤੋਂ ਵੱਧ ਨੌਜਵਾਨ ਚਿੱਟੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਸੈਂਕੜਿਆਂ ਨਸ਼ੇੜੀਆਂ ਦੇ ਘਰ ਡਾਹੇ ਗਏ ਹਨ ਪਰ ਨਸ਼ਾ ਤਸਕਰਾਂ ਦੇ ਇੱਕ ਵੀ ਘਰ ਨੂੰ ਹੱਥ ਨਹੀਂ ਲਾਇਆ ਗਿਆ। ਆਪ ਸਰਕਾਰ ਨਸ਼ਾ ਵਿਰੁੱਧ ਜੰਗ ਦਾ ਨਾਟਕ ਕਰਕੇ ਲੋਕਾਂ ਨੂੰ ਧੋਖਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਕਾਂਗਰਸ, ਅਕਾਲੀ ਅਤੇ ਭਾਜਪਾ ਸਰਕਾਰਾਂ ਵੱਲੋਂ ਚਲਾਏ ਜਾ ਰਹੇ ਨਸ਼ਾ ਮਾਫੀਆ ਦੇ ਨੈੱਟਵਰਕ ਨੂੰ ਨਹੀਂ ਤੋੜ ਸਕੀ, ਜਿਸ ਕਾਰਨ ਦੋ ਲੱਖ ਨੌਜਵਾਨ ਚਿੱਟੇ ਦੇ ਸ਼ਿਕਾਰ ਹੋ ਗਏ। ਚੱਬੇਵਾਲ ਹਲਕੇ ਦੇ ਹਾਰਟਾ, ਮਾਨਾ, ਬਾੜੀਆਂ, ਠੋਆਣਾ ਆਦਿ ਪਿੰਡਾਂ ਵਿੱਚ ਲੋਕਾਂ ‘ਤੇ ਸਰਕਾਰੀ ਜ਼ੁਲਮ ਹੋਇਆ ਹੈ ਪਰ ਬਸਪਾ ਪੀੜਤ ਲੋਕਾਂ ਦੇ ਨਾਲ ਖੜ੍ਹੀ ਹੈ। ਬਸਪਾ ਜਿੱਤੇ ਹੋਏ ਪੰਚਾਂ ਅਤੇ ਸਰਪੰਚਾਂ ਦਾ ਸਤਿਕਾਰ ਮੁੜ ਬਹਾਲ ਕਰੇਗੀ।
ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਨੇ ਪੰਜਾਬ ਸਰਕਾਰ ਨੂੰ ਹਿਲਾਉਣ ਅਤੇ ਲੋਕਾਂ ਨੂੰ ਜਗਾਉਣ ਲਈ ਪੰਜਾਬ ਸੰਭਾਲੋ ਅਭਿਆਨ ਸ਼ੁਰੂ ਕੀਤਾ ਹੈ। 2027 ਦੀਆਂ ਚੋਣਾਂ ਵਿੱਚ ਲੋਕ ਪੰਜਾਬ ਨੂੰ ਤਰੱਕੀ, ਖੁਸ਼ਹਾਲੀ ਵੱਲ ਲਿਜਾਣ ਲਈ ਅਤੇ ਨਸ਼ਾ-ਮੁਕਤ, ਡਰ-ਮੁਕਤ, ਕਰਜ਼ਾ-ਮੁਕਤ ਸਮਾਜ ਬਣਾਉਣ ਲਈ ਬਸਪਾ ਨੂੰ ਜ਼ਰੂਰ ਮੌਕਾ ਦੇਣਗੇ ਕਿਉਂਕਿ ਬਸਪਾ ਕਾਂਗਰਸ, ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਸਭ ਤੋਂ ਮਜ਼ਬੂਤ ਵਿਕਲਪ ਹੈ।
ਇਸ ਮੌਕੇ ਗੁਰਨਾਮ ਚੌਧਰੀ ਪੰਜਾਬ ਸੰਯੋਜਕ, ਮਨਿੰਦਰ ਸ਼ੇਰਪੁਰੀ ਸਚਿਵ ਪੰਜਾਬ, ਸੁਖਦੇਵ ਬਿੱਟਾ ਸਚਿਵ ਪੰਜਾਬ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਚੱਬੇਵਾਲ, ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ, ਐਡਵੋਕੇਟ ਧਰਮਿੰਦਰ ਦਾਦਰਾ ਮਹਾਂਸਚਿਵ ਜ਼ਿਲ੍ਹਾ ਹੁਸ਼ਿਆਰਪੁਰ, ਮਦਨ ਸਿੰਘ ਬੈਂਸ ਇੰਚਾਰਜ ਹੁਸ਼ਿਆਰਪੁਰ, ਮਾਸਟਰ ਹਰਿਕਿਸ਼ਨ ਕੋਆਰਡੀਨੇਟਰ ਬਾਮਸੇਫ ਚੱਬੇਵਾਲ, ਰਾਜੇਸ਼ ਕਿੱਟੀ, ਨਿਸ਼ਾਨ ਚੌਧਰੀ ਇੰਚਾਰਜ ਸ਼ਾਮ ਚੌਰਾਸੀ, ਸੁਰਜੀਤ ਮਹਮੀ ਪ੍ਰਧਾਨ ਹੁਸ਼ਿਆਰਪੁਰ, ਬਖ਼ਸ਼ੀਸ਼ ਵੀਮ, ਹਰਦੇਵ ਗੁਲਮਰਗ, ਅਮਨਦੀਪ ਸਿੱਧੂ, ਕੁਲਵੰਤ ਸਿੰਘ, ਗੁਰਬਖ਼ਸ਼ ਰਾਮ, ਸੁਬੇਦਾਰ ਹਰਭਜਨ ਸਿੰਘ ਮਾਨਾ, ਜਗਮੋਹਨ ਸੱਜਣ, ਹਰਜੀਤ ਲਾਡੀ, ਸੋਨੂ ਬਾਬਾ ਸਮੇਤ ਸੈਂਕੜੇ ਬਸਪਾ ਵਰਕਰ ਮੌਜੂਦ ਸਨ।

39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਬਰਾਬਰ ਰਹੇ

ਗੜ੍ਹਸ਼ੰਕਰ- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਰਵਾਇਆ ਗਿਆ। 
ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਅਤੇ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਦਰਮਿਆਨ ਹੋਇਆ ਮੁਕਾਬਲੇ 0-0 ਦੀ ਬਰਾਬਰੀ ’ਤੇ ਸਮਾਪਤ ਹੋਇਆ। ਮੁਕਾਬਲੇ ਦੌਰਾਨ ਡਾ. ਅਮਨਦੀਪ ਹੀਰਾ ਪਿ੍ਰੰਸੀਪਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਅਤੇ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਮੈਚ ਸ਼ੁਰੂ ਕਰਵਾਇਆ ਗਿਆ। 
ਇਸ ਮੌਕੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਟੂਰਨਾਮੈਂਟ ਕਮੇਟੀ ਵਲੋਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਟੂਰਨਾਮੈਂਟ ਕਮੇਟੀ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ। 
ਇਸ ਮੌਕੇ ਕਮੇਟੀ ਵਲੋਂ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰਜੀਤ ਸਿੰਘ ਬੈਂਸ ਰਿਟਾ. ਐੱਸ.ਪੀ., ਜਨਰਲ ਸਕੱਤਰ ਬਲਵੀਰ ਸਿੰਘ ਬੈਂਸ, ਰੋਸ਼ਨਜੀਤ ਸਿੰਘ ਪਨਾਮ, ਸ਼ਲਿੰਦਰ ਸਿੰਘ ਰਾਣਾ, ਅਮਨਦੀਪ ਸਿੰਘ ਬੈਂਸ, ਪਰਮਿੰਦਰ ਸਿੰਘ ਸੁਪਰਡੈਂਟ, ਨੰਬਰਦਾਰ ਸੁਰਜੀਤ ਸਿੰਘ, ਭੁਪਿੰਦਰ ਸਿੰਘ ਸਿੰਬਲੀ, ਕੋਚ ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ ਤੇ ਹੋਰ ਮੈਂਬਰ ਹਾਜ਼ਰ ਹੋਏ।

ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ

ਹੁਸ਼ਿਆਰਪੁਰ- ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਪ੍ਰਧਾਨ ਸ੍ਰ.ਸੁਰਿੰਦਰ ਪਾਲ ਸਿੰਘ ਪ੍ਰਦੇਸੀ ਅਤੇ ਮੀਤ ਪ੍ਰਧਾਨ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਨੇ ਸਾਂਝੇ ਤੌਰ ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25ਅਗਸਤ2025 ਦਿਨ ਸੋਮਵਾਰ ਨੂੰ ਪੰਜਾਬ ਦੇ ਉੱਘੇ ਲੇਖਕ ਜਗਜੀਤ ਸਿੰਘ ਗਣੇਸ਼ ਪੁਰ ਦੀ ਪੁਸਤਕ ਚਿੰਤਨ ਤੋਂ ਚਾਨਣ ਤੱਕ ਲੋਕ ਅਰਪਣ ਕੀਤੀ ਜਾ ਰਹੀ ਹੈ।
ਇਹ ਸਮਾਰੋਹ ਖ਼ਾਲਸਾ ਕਾਲਜ ਮਾਹਿਲਪੁਰ ਦੇ ਗ਼ਦਰੀ ਬਾਬਾ ਹਰਜਾਪ ਸਿੰਘ ਮੈਮੋਰੀਅਲ ਕਨਵੈਨਸ਼ਨ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਪ੍ਰਿੰਸੀਪਲ ਡਾ.ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਅਤੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰ.ਜੈ ਕਿ੍ਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਹੋਣਗੇ। 
ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਵੀ, ਲੇਖਕ, ਬੁੱਧੀਜੀਵੀ ਡਾ.ਧਰਮਪਾਲ ਸਾਹਿਲ, ਡਾ.ਜੇ.ਬੀ ਸੇਖੋਂ, ਵਰਿੰਦਰ ਨਿਮਾਣਾ, ਅਮਰੀਕ ਦਿਆਲ,ਪਾਲੀ ਖ਼ਾਦਿਮ,ਪ੍ਰੋ.ਅਪਿੰਦਰ ਸਿੰਘ ਆਦਿ ਪਹੁੰਚ ਰਹੇ ਹਨ।

ਦਰਸ਼ਨ ਸਿੰਘ ਮੱਟੂ ਦੀ ਮੌਜੂਦਗੀ 'ਚ ਇਨਕਲਾਬ ਸੇਵਾ ਸੁਸਾਇਟੀ ਵੱਲੋਂ ਕੈਂਸਰ ਪੀੜਤ ਪਰਿਵਾਰ ਦੀ ਕੀਤੀ ਆਰਥਿਕ ਸਹਾਇਤਾ

ਗੜ੍ਹਸ਼ੰਕਰ 23 ਅਗਸਤ- ਗੜ੍ਹਸ਼ੰਕਰ ਦੇ ਵਾਰਡ ਨੰਬਰ 01,  ਮੁਹੱਲਾ ਜੋੜਿਆ ਦਾ ਨਿਵਾਸੀ ਸ਼ਮੀ ਪੁੱਤਰ ਲੇਟ ਮਨਹੋਰ ਲਾਲ ਜੋਕਿ ਕੈਂਸਰ ਪੀੜਤ ਹੈ ਅਤੇ ਉਸ ਦਾ ਇਲਾਜ ਟਾਟਾ ਹੋਮੀਭਾਵਾ ਕੈਂਸਰ ਹਸਪਤਾਲ ਮੁੱਲਾਪੁਰ ਗਰੀਬ ਦਾਸ ਵਿਖੇ ਚੱਲ ਰਿਹਾ ਹੈ। ਪਰ ਆਰਥਿਕ ਪੱਖੋਂ ਪਰਿਵਾਰ ਦੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਇਸ ਸਬੰਧੀ ਜਦੋਂ ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨਬੀ ਅਸਟ੍ਰੇਲੀਆ ਅਤੇ ਜਸਕਰਨ ਸਿੰਘ ਕਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਪਰਿਵਾਰ ਦੀ ਮਦਦ ਕੀਤੀ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ਵਲੋਂ ਸੁਖਪਾਲ ਸਿੰਘ, ਗੁਰਦੀਪ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਦੀ ਮੌਜੂਦਗੀ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਭੇਂਟ ਕੀਤੀ ਗਈ ਹੈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਇਨਕਲਾਬ ਸੇਵਾ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਂਸਰ ਦਾ ਇਲਾਜ ਬਹੁਤ ਹੀ ਮਹਿੰਗਾ ਹੈ। 
ਜਿਸ ਨਾਲ ਪਰਿਵਾਰਾਂ ਦੀ ਆਰਥਿਕ ਹਾਲਤ ਡਾਵਾਂ-ਡੋਲ ਹੋ ਜਾਂਦੀ ਹੈ। ਇਸ ਲਈ ਹੋਰ ਦਾਨੀ ਸੱਜਣਾਂ ਨੂੰ ਵੀ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵੀਰ ਸਿੰਘ ਮਾਨ, ਸੋਨੂੰ ਗੜ੍ਹਸ਼ੰਕਰ, ਜੁਗਿੰਦਰ ਸਿੰਘ ਕੁੱਲੇਵਾਲ, ਹਰਕ੍ਰਿਸ਼ਨ ਸਿੰਘ ਗੰਗੜ ਆਦਿ ਵੀ ਹਾਜ਼ਰ ਸਨ।

ਕੇਂਦਰ ਦੇ ਸਵੱਛ ਸਰਵੇਖਣ ਦੀ ਤਰਜ 'ਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਦੀ ਹੋਵੇਗੀ ਸਵੱਛਤਾ ਰੇਂਕਿੰਗ-ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 23 ਅਗਸਤ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਟੀਮ ਹਰਿਆਣਾ ਵੱਜੋਂ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਸੂਬੇ ਨੂੰ ਅਗ੍ਰਣੀ ਬਨਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਹੋਰ ਵੱਧ ਸਵੱਛ, ਸੁੰਦਰ ਅਤੇ ਹਰਾ-ਭਰਾ ਬਨਾਉਣ ਅਤੇ ਸਵੱਛਤਾ ਲਈ ਭਾਗੀਦਾਰੀ ਦੀ ਭਾਵਨਾ ਵਧਾਉਣ ਦੇ ਟੀਚੇ ਨੂੰ ਜਲਦ ਹੀ ਕੇਂਦਰ ਦੇ ਸਵੱਛ ਸਰਵੇਖਣ ਦੀ ਤਰਜ 'ਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਦੀ ਸਵੱਛਤਾ ਰੇਂਕਿੰਗ ਸ਼ੁਰੂ ਕੀਤੀ ਜਾਵੇਗੀ। ਸਵੱਛਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਵਿੱਚ ਨਵੇ ਬਣੇ ਸਵਰਣ ਜੈਯੰਤੀ ਹਰਿਆਣਾ ਵਿਤੀ ਪ੍ਰਬੰਧਨ ਸੰਸਥਾਨ ਦਾ ਉਦਘਾਟਨ ਕਰਨ ਤੋਂ ਬਾਅਦ ਸਵੱਛਤਾ ਨੂੰ ਲੈਅ ਕੇ ਸਾਰੇ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮੀਸ਼ਨਰ, ਨਗਰ ਨਿਗਮ ਕਮੀਸ਼ਨਰ, ਜ਼ਿਲ੍ਹਾ ਨਗਰ ਨਗਰ ਕਮੀਸ਼ਨਰ, ਮੁੱਖ ਮੈਡੀਕਲ ਅਧਿਕਾਰੀ ( ਸੀਐਮਓ ) ਅਤੇ ਪ੍ਰਧਾਨ ਮੈਡੀਕਲ ਅਧਿਕਾਰੀ ( ਪੀਐਮਓ ) ਸਮੇਤ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮੀਸ਼ਨਰਾਂ ਨੇ ਵੀਡੀਓ ਕਾਨਫੈ੍ਰਂਸਿੰਗ ਰਾਹੀਂ ਹਿੱਸਾ ਲਿਆ।
ਇਸ ਮੌਕੇ 'ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਲੋਕ ਭਲਾਈ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਰਾਓ ਵੀ ਮੌਜ਼ੂਦ ਸਨ।

ਨੇੜੇ-ਤੇੜੇ ਦੇ ਵਾਤਾਵਰਣ ਨੂੰ ਸਵੱਛ ਰੱਖਣ ਦੀ ਸਾਡੀ ਸਾਰਿਆਂ ਦੀ ਸਾਮੂਹਿਕ ਜਿੰਮੇਦਾਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047  ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਦੀ ਕਲਪਨਾ ਕੀਤੀ ਹੈ ਜਿਸਦੀ ਪਟਕਥਾ ਲਿਖਣ ਵਿੱਚ ਅਧਿਕਾਰੀਆਂ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2014 ਵਿੱਚ ਜਦੋਂ ਦੇਸ਼ ਦੀ ਜਿੰਮੇਦਾਰੀ ਸੰਭਾਲੀ ਤਾਂ ਉਨ੍ਹਾਂ ਨੇ ਸਵੱਛ ਭਾਰਤ- ਸਵੱਛ ਭਾਰਤ ਦਾ ਸੰਦੇਸ਼ ਦਿੱਤਾ ਸੀ ਅਤੇ ਇਸ ਦਾ ਸਰਗਰਮੀ ਅਸਰ ਸਾਡੀ ਭਾਵੀ ਪੀਢੀ 'ਤੇ ਪਿਆ ਹੈ।  ਅੱਜ ਬੱਚਾ ਬੱਚਾ ਸਵੱਛਤਾ ਨੂੰ ਲੈਅ ਕੇ ਜਾਗਰੂਕ ਹੈ।

ਲੋਕਾਂ ਦੀ ਸਵੱਛਤਾ ਨੂੰ ਲੈਅ ਕੇ ਛੋਟੀ ਤੋਂ ਛੋਟੀ ਸ਼ਿਕਾਇਤ ਦਾ ਤੁਰੰਤ ਕੀਤਾ ਜਾਵੇ ਹੱਲ
ਉਨ੍ਹਾਂ ਨੇ ਕਿਹਾ ਕਿ ਆਗਾਮੀ 17 ਸਤੰੰਬਰ ਤੋਂ 2 ਅਕਤੂਬਰ ਤੱਕ ਸੂਬੇਭਰ ਵਿੱਚ ਸਵੱਛਤਾ ਪਖਵਾੜਾ ਮਨਾਇਆ ਜਾਵੇਗਾ ਜਿਸ ਵਿੱਚ ਲੋਕਾਂ ਦੀ ਭਾਗੀਦਾਰੀ ਯਕੀਨੀ ਕਰਦੇ ਹੋਏ ਜਾਗਰੂਕਤਾ ਦੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀ ਸਵੱਛਤਾ ਨੂੰ ਲੈਅ ਕੇ ਛੋਟੀ ਤੋਂ ਛੋਟੀ ਸ਼ਿਕਾਇਤ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਭਰੋਸਾ ਸਰਕਾਰ ਵਿੱਚ ਹੋਰ ਵੱਧ ਸਕੇ। ਸੀਆਰ ਤਹਿਤ ਚੌਰਾਹਾਂ ਦਾ ਸੁੰਦਰੀਕਰਨ ਅਤੇ ਰੱਖ ਰਖਾਵ ਕਰਨ ਤਾਂ ਜੋ ਸ਼ਹਿਰਾਂ ਦੀ ਸੁੰਦਰਤਾ ਨੂੰ ਹੋਰ ਵਧਾਇਆ ਜਾ ਸਕੇ।

ਸੂਬੇ ਦੀ ਸੜਕਾਂ 'ਤੇ ਬੇਸਹਾਰਾ ਪਸ਼ੁ ਨਾ ਆਵੇ ਨਜਰ
ਮੁੱਖ ਮੰਤਰੀ ਨੇ ਸ਼ਹਿਰਾਂ ਵਿੱਚ ਬੇਸਹਾਰਾ ਪਸ਼ੁਆਂ ਦੀ ਸਮੱਸਿਆ ਦੀ ਜਾਣਕਾਰੀ ਲੈਂਦੇ ਹੋਏ ਨਿਰਦੇਸ਼ ਦਿੱਤੇ ਕਿ ਸੜਕਾਂ 'ਤੇ ਇੱਕ ਵੀ ਬੇਸਹਾਰਾ ਪਸ਼ੁ ਨਹੀਂ ਰਹਿਣਾ ਚਾਹੀਦਾ। ਜੇਕਰ ਇੱਕ ਵੀ ਗੌਵੰਸ਼ ਸੜਕਾਂ 'ਤੇ ਨਜਰ ਆਵੇ ਤਾਂ ਉਸ ਨੂੰ ਤੁਰੰਤ ਗੌਸ਼ਾਲਾਵਾਂ ਵਿੱਚ ਭਿਜਵਾਨਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਗੌਸ਼ਾਲਾਵਾਂ ਦੇ ਨਿਰਮਾਣ ਲਈ ਬਜਟ ਵਿੱਚ ਵਾਧਾ ਕੀਤਾ ਗਿਆ ਹੈ।

ਸਰਕਾਰ ਦਾ ਟੀਚਾ ਸੂਬੇ ਦੇ ਲੋਕਾਂ ਦੇ ਜੀਵਨ ਨੂੰ ਆਸਾਨ ਬਨਾਉਣਾ ਅਤੇ ਸਰਗਰਮੀ ਬਦਲਾਵ ਲਿਆਉਣਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਬਿਜਲੀ, ਪਾਣੀ, ਸਿੱਖਿਆ, ਸਿਹਤ ਅਤੇ ਸਵੱਛਤਾ ਜਿਹੀ ਆਧਾਰਭੂਤ ਲੋੜਾਂ ਨੂੰ ਪੂਰਾ ਕਰਨ ਲਈ ਤੱਤਪਰਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦਾ ਟੀਚਾ ਸੂਬੇ ਦੇ ਲੋਕਾਂ ਦੇ ਜੀਵਨ ਨੂੰ ਆਸਾਨ ਬਨਾਉਣਾ ਅਤੇ ਸਰਗਰਮੀ ਬਦਲਾਵ ਲਿਆਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਟੀਮ ਵੱਜੋਂ ਕੰਮ ਕਰਦੇ ਹੋਏ ਸਮਾਜ ਭਲਾਈ ਵਿੱਚ ਆਪਣੀ ਡਿਯੂਟੀ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕਰਨ।

ਹਰੇਕ ਮਰੀਜ ਨੂੰ ਬੇਹਤਰੀਨ ਇਲਾਜ ਸਹੂਲਤਾਂ ਕਰਵਾਈ ਜਾਵੇ ਉਪਲਬਧ
ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੀਰਜਾਂ ਲਈ ਡਾਕਟਰ ਭਗਵਾਨ ਵਾਂਗ ਹੁੰਦਾ ਹੈ। ਹੱਸਪਤਾਲ ਵਿੱਚ ਆਉਣ ਮਰੀਜ ਨੂੰ ਧਿਆਨ ਨਾਲ ਸੁਨਣ ਅਤੇ ਉਸ ਨੂੰ ਬੇਹਤਰੀਨ ਇਲਾਜ ਸਹੂਲਤ ਮੁਹੱਈਆ ਕਰਵਾਈ ਜਾਵੇ। ਸਰਕਾਰ ਦਾ ਟੀਚਾ ਹੈ ਕਿ ਸਾਰੇ ਸਿਵਲ ਹੱਸਪਤਾਲਾਂ ਵਿੱਚ ਪ੍ਰਾਇਵੇਟ ਹੱਸਪਤਾਲਾਂ ਦੀ ਤਰਜ 'ਤੇ ਸਿਹਤ ਸਹੂਲਤਾਂ ਉਪਲਬਧ ਹੋਣ ਤਾਂ ਜੋ ਲੋਕਾਂ ਦੇ ਇਲਾਜ ਲਈ ਪ੍ਰਾਇਵੇਟ ਹੱਸਪਤਾਲਾਂ ਵਿੱਚ ਜਾਣ ਦੀ ਲੋੜ ਨਾ ਪਵੇ। ਇਸ ਦੇ ਲਈ ਸਾਰੇ ਜ਼ਿਲਾ  ਹੱਸਪਤਾਲਾਂ ਨੂੰ ਸੀਟੀ ਸਕੈਨ, ਐਮਆਰਆਈ, ਡਿਜ਼ੀਟਲ ਐਕਸ-ਰੇ, ਐਲਟ੍ਰਾਸਾਉਂਡ ਅਤੇ ਟੈਸਟਿੰਗ ਲੈਬ ਆਦਿ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਇਸ ਵਾਰ ਮਾਨਸੂਨ ਦੌਰਾਨ ਜਲ੍ਹ ਨਿਕਾਸੀ ਦੀ ਵਿਵਸਥਾ ਪਹਿਲਾਂ ਤੋਂ ਕਾਫੀ ਬਿਹਤਰ ਰਹੀ ਹੈ। ਇਸ ਦੇ ਲਈ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਦੀ ਵੀ ਪ੍ਰਸੰਸਾਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਸਥਾਨਕ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ 24 ਅਗਸਤ ਤੋਂ 11 ਹਫਤੇ ਦਾ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸ਼ਹਿਰੀ ਸਥਾਨਕ ਨਿਗਮ ਦੇ ਭਵਨਾਂ, ਸੜਕਾਂ, ਹਸਪਤਾਲਾਂ ਅਤੇ ਹੋਰ ਪ੍ਰਤਿਸ਼ਠਾਨਾਂ ਵਿੱਚ ਸਾਫ-ਸਫਾਈ ਕੀਤੀ ਜਾਵੇਗੀ।
          ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਟੀਚਾ ਹੈ ਕਿ ਲੋਕਾਂ ਨੂੰ ਨਾਗਰਿਕ ਹਸਪਤਾਲਾਂ ਵਿੱਚ ਨਿਜੀ ਹਸਪਤਾਲਾਂ ਤੋਂ ਬਿਹਤਰ ਮੈਡੀਕਲ ਸਹੂਲਤਾਂ ਉਪਲਬਧ ਹੋਣ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਨੂੰ ਇੱਕ ਬਿਹਤਰ ਵਾਤਾਵਰਣ ਮਿਲੇ ਇਸ ਦੇ ਲਈ ਨਾਗਰਿਕ ਹਸਪਤਾਲਾਂ ਦੇ ਨਵੀਨੀਕਰਣ ਅਤੇ ਸੁੰਦਰੀਕਰਣ ਦੇ ਕੰਮ ਕੀਤੇ ਜਾ ਰਹੇ ਹਨ।
          ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੂਰਾਗ ਰਸਤੋਗੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਯੂਕੇ ਸਟੱਡੀ ਵੀਜ਼ਾ ਜਨਵਰੀ 2026 ਸੈਸ਼ਨ ਲਈ ਦਾਖਲੇ ਜਾਰੀ : ਕਨਵਰ ਅਰੋੜਾ

ਨਵਾਂਸ਼ਹਿਰ, 23 ਅਗਸਤ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂਕੇ ਸਟੱਡੀ ਵੀਜ਼ੇ ਦੇ ਲਗਾਤਾਰ ਵੀਜ਼ੇ ਆ ਰਹੇ ਹਨ।  ਯੂਕੇ ਸਟੱਡੀ ਵੀਜ਼ਾ ਤੇ ਜਾਣ ਦੇ ਚਾਹਵਾਨ ਜਨਵਰੀ 2026 ਇੰਟੇਕ ਲਈ ਅਪਲਾਈ ਕਰ ਸਕਦੇ ਹਨ। ਕਈ ਯੂਨੀਵਰਸਿਟੀਆਂ ਅਕਤੂਬਰ ਨਵੰਬਰ ਦਸੰਬਰ 2025 ਸੈਸ਼ਨ ਚ ਵੀ ਦਾਖਲਾ ਦਿੰਦੀਆਂ ਹਨ। 
ਓਹ ਵਿਦਿਆਰਥੀ ਜਿਹਨਾਂ ਨੇ  ਬਾਰਵੀਂ ਆਰਟਸ ਕਾਮਰਸ ਨਾਨ ਮੈਡੀਕਲ ਜਾਂ ਮੈਡੀਕਲ ਦੀ ਪੜ੍ਹਾਈ ਸੀ ਬੀ ਐਸ ਈ, ਜਾਂ ਆਈ ਸੀ ਐਸ ਈ ਬੋਰਡ ਤੋਂ ਕਲੀਅਰ ਕੀਤੀ ਹੈ ਬਿਨਾਂ ਆਈਲੈਟਸ ਤੋਂ ਯੂਕੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਬਿਨਾਂ ਆਈਲੈਟਸ ਤੋਂ ਕੰਪਨੀ ਦੇ ਪਿਛਲੇ ਦਿਨਾਂ ਚ ਯੂਕੇ ਦੇ ਵਧੀਆ ਨਤੀਜੇ ਆਏ ਹਨ। ਆਈਲੈਟਸ ਓਵਰਆਲ 6 ਬੈਂਡ ਇੱਕ ਜਾਂ ਦੋ ਚੋਂ 5.5 ਬੈਂਡ ਹਨ ਓਹਨਾ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਦਾ ਬਹੁਤ ਵਧੀਆ ਮੌਕਾ ਹੈ। ਡਿਗਰੀ ਤੋਂ ਬਾਅਦ 15 ਸਾਲ ਦਾ ਗੈਪ ਵੀ ਸਵੀਕਾਰ ਹੈ।
ਜ੍ਹਿਨਾਂ ਬੱਚਿਆਂ ਨੇ 2024 ਜਾਂ 2025 ਚ ਬਾਰ੍ਹਵੀਂ ਕਲੀਅਰ ਕੀਤੀ ਹੈ ਚਾਹੇ ਪੰਜਾਬ ਬੋਰਡ ਤੋਂ ਕੀਤੀ ਹੈ ਸੀ ਬੀ ਐਸ ਈ ਜਾਂ ਆਈ ਸੀ ਐਸ ਈ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਪਾਸ ਕੀਤੀ ਹੈ ਓਹ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਆਈਲੈਟਸ ਓਵਰਆਲ 6 ਬੈਂਡ ਜਾਂ ਪੀ ਟੀ ਈ 51 ਸਕੋਰ ਨਾਲ਼ ਕੀਤੀ ਹੋਣੀ ਚਾਹੀਦੀ ਹੈ।ਓਹਨਾ ਨੇ ਦੱਸਿਆ ਕਿ ਜ੍ਹਿਨਾਂ ਵਿਦਿਆਰਥੀਆਂ ਨੇ ਕਿਸੇ ਵੀ ਫ਼ੀਲਡ ਚ ਡਿਗਰੀ ਕੀਤੀ ਹੈ। 
ਜਿਹੜ੍ਹੇ ਵਿਦਿਆਰਥੀ ਆਪਣੇ ਸਪਾਊਜ਼ ਨਾਲ਼ ਅਪਲਾਈ ਕਰਨਾ ਚਾਹੁੰਦੇ ਹਨ ਓਹਨਾ ਕੋਲ ਕਿਸੇ ਵੀ ਫ਼ੀਲਡ ਚ ਡਿਗਰੀ ਹੋਣੀ ਜਰੂਰੀ ਹੈ ਆਈਲੈਟਸ 6.5 ਬੈਂਡ ਅਤੇ ਪੜਾਈ ਤੋਂ ਬਾਅਦ 5 ਤੋਂ 7 ਸਾਲ ਦਾ ਗੈਪ ਵੀ ਸਵੀਕਾਰ ਹੈ। ਕੰਪਨੀ ਦੇ ਆਸਟ੍ਰੇਲੀਆ ਦੀਆਂ ਟੌਪ ਯੂਨੀਵਰਸਿਟੀਆਂ ਨਾਲ਼ ਸਿਧੇ ਟਾਈ ਅਪ ਹਨ।ਸਟੱਡੀ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ। ਬਹੁਤ ਯੂਨੀਵਰਸਿਟੀਆਂ ਚ ਸਕੌਲਰਸ਼ਿਪ ਵੀ ਦਿਤੀ ਜਾਂਦੀ ਹੈ। 
ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਨਾਲ ਸਪਾਉਜ਼ ਵੀ ਜਾ ਸਕਦਾ ਹੈ।ਪਿਛਲੇ ਦਿਨਾਂ ਚ ਕੰਪਨੀ ਦੇ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਸ਼ਾਨਦਾਰ ਨਤੀਜੇ ਆਏ ਹਨ।  ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਬੱਚੇ ਲੈ ਸਕਦੇ ਹਨ। ਵਿਦਿਆਰਥੀ ਆਪਣੇ ਮਨ ਚਾਹੇ ਸ਼ਹਿਰ ਅਤੇ ਮਨਪਸੰਦ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਜਾ ਸਕਦੇ ਹਨ। ਯੂਕੇ ਸਟੱਡੀ ਵੀਜ਼ਾ ਦੇ ਨਤੀਜੇ ਵੀ ਸ਼ਾਨਦਾਰ ਆ ਰਹੇ ਹਨ।ਕੰਪਨੀ ਵੱਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿਤੀ ਜਾਂਦੀ ਹੈ। 
ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ  ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।

ਮੁੱਖ ਮੰਤਰੀ ਵੱਲੋਂ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਹੁਸ਼ਿਆਰਪੁਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚ ਐਲ.ਪੀ.ਜੀ. ਟੈਂਕਰ ਵਿੱਚ ਧਮਾਕਾ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ।
 ਇਸ ਘਟਨਾ ’ਤੇ ਦੁੱਖ ਤੇ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਲਈ ਦੋ-ਦੋ ਲੱਖ ਰੁਪਏ ਦੀ ਵਿੱਤੀ ਇਮਦਾਦ ਦਾ ਐਲਾਨ ਕੀਤਾ। 
 ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਰੱਖ ਕੇ ਸਮੁੱਚੀ ਸਥਿਤੀ ’ਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖਮੀਆਂ ਦੇ ਮੁਫਤ ਇਲਾਜ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਨੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ।

ਬ੍ਰਹਮਾਕੁਮਾਰੀਜ ਮੋਹਾਲੀ ਕੈਂਪ ਵਿੱਚ 114 ਲੋਕਾਂ ਨੇ ਖੂਨਦਾਨ ਕੀਤਾ

ਮੁਹਾਲੀ, 23 ਅਗਸਤ: ਬ੍ਰਹਮਾਕੁਮਾਰੀਜ ਸੰਸਥਾ ਨੇ ਅੱਜ ਮੋਹਾਲੀ ਵਿੱਚ ਸੁਖ ਸ਼ਾਂਤੀ ਭਵਨ ਫੇਜ਼ 7 ਵਿਖੇ ਇੱਕ ਮੈਗਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ 114 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਹਿੰਦੂ, ਮੁਸਲਿਮ ਅਤੇ ਸਿੱਖ ਧਰਮਾਂ ਦੇ ਪੈਰੋਕਾਰਾਂ ਨੇ ਇਕੱਠੇ ਖੂਨਦਾਨ ਕੀਤਾ ਅਤੇ ਬ੍ਰਹਮਾਕੁਮਾਰੀਜ ਅਤੇ ਬ੍ਰਹਮਾਕੁਮਾਰਾਂ ਨੇ ਇਸ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। 
ਖੂਨਦਾਨ ਕੈਂਪ ਦਾ ਉਦਘਾਟਨ ਪੰਜਾਬ ਦੇ ਸਿਹਤ ਸਕੱਤਰ ਡਾ ਬਸੰਤ ਗਰਗ ਆਈ ਏ ਐਸ, ਬ੍ਰਹਮਾਕੁਮਾਰੀ ਪ੍ਰੇਮਲਤਾ ਮੋਹਾਲੀ—ਰੋਪੜ ਰਾਜਯੋਗ ਕੇਂਦਰਾਂ ਦੀ ਇਨਚਾਰਜ , ਪੰਜਾਬ ਦੇ ਵਣਪਾਲ ਸ਼੍ਰੀ ਵਿਸ਼ਾਲ ਚੌਹਾਨ ਆਈ ਐਫ ਐਸ, ਮੋਹਾਲੀ—ਰੋਪੜ ਰਾਜਯੋਗ ਕੇਂਦਰਾਂ ਦੀ ਸਹਿ—ਇਨਚਾਰਜ ਬ੍ਰਹਮਾਕੁਮਾਰੀ ਡਾ ਰਮਾ, ਇਨਰ ਵੀਲ ਕਲੱਬ ਅਤੇ ਲਾਇਨਜ਼ ਕਲੱਬ ਦੇ ਅਧਿਕਾਰੀ, ਸ਼੍ਰੀ ਗੁਰਚਰਨ ਸਿੰਘ ਸਰਾਂ ਅਤੇ ਬੀ ਕੇ  ਨਮਰਤਾ, ਬੀ ਕੇ ਅੰਜੂ ਆਦਿ ਨੇ 25 ਦੀਪਕ ਜਗਾ ਕੇ ਅਤੇ ਹਜ਼ਾਰਾਂ ਲੋਕਾਂ ਨੇ ਦਾਦੀ ਪ੍ਰਕਾਸ਼ਮਨੀ ਨੂੰ ਉਨ੍ਹਾਂ ਦੀ 18ਵੀਂ ਬਰਸੀ ਤੇ ਸ਼ਰਧਾਂਜਲੀ ਵੀ ਦਿੱਤੀ।
ਖੂਨਦਾਨ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬ ਸਿਹਤ ਵਿਭਾਗ ਦੇ ਸਕੱਤਰ ਡਾ  ਬਸੰਤ ਗਰਗ ਨੇ ਬ੍ਰਹਮਾਕੁਮਾਰੀ ਸੰਗਠਨ ਦੇ ਤਿਆਗ, ਤਪੱਸਿਆ ਅਤੇ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਸੰਸਥਾ 6000 ਸੇਵਾ ਕੇਂਦਰਾਂ ਰਾਹੀਂ ਇੱਕ ਮਹਾਨ ਸਮਾਜ ਸੇਵਾ ਕਰ ਰਹੀ ਹੈ। ਖੂਨਦਾਨ ਕਰਨਾ ਨਾ ਸਿਰਫ ਇੱਕ ਦਾਨ ਹੈ ਬਲਕਿ ਇੱਕ ਸਮਾਜਿਕ ਸੇਵਾ ਵੀ ਹੈ ਜਿਸ ਰਾਹੀਂ ਕਿਸੇ ਜ਼ਖਮੀ ਜਾਂ ਹੋਰ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਡਾ ਬਸੰਤ ਗਰਗ ਨੇ ਖੁਦ ਵੀ ਖੂਨਦਾਨ ਕੀਤਾ।
ਬ੍ਰਹਮਾਕੁਮਾਰੀ ਮੋਹਾਲੀ—ਰੋਪੜ ਰਾਜਯੋਗਾ ਕੇਂਦਰਾਂ ਦੀ ਇਨਚਾਰਜ ਬਰ੍ਰਮਾਕੁਮਾਰੀ ਪ੍ਰੇਮਲਤਾ ਭੈਣ ਜੀ, ਜੋ ਖੂਨਦਾਨ ਕੈਂਪ ਦਾ ਸੰਚਾਲਨ ਕਰ ਰਹੀ ਸੀ, ਨੇ ਕਿਹਾ ਕਿ ਇਹ ਕੈਂਪ ਰਾਜਯੋਗਿਨੀ ਡਾ ਦਾਦੀ ਪ੍ਰਕਾਸ਼ਮਨੀ ਜੀ ਬ੍ਰਹਮਾਕੁਮਾਰੀ ਸੰਸਥਾ ਦੇ ਸਾਬਕਾ ਪ੍ਰਸ਼ਾਸਕੀ ਮੁਖੀ ਦੀ 18ਵੀਂ ਬਰਸੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਹਰ ਸਾਲ ਸੰਸਥਾ ਵੱਲੋਂ ਇਸਨੂੰ ਵਿਸ਼ਵ ਭਾਈਚਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਇਸ ਸਾਲ ਉਨ੍ਹਾਂ ਦੀ ਬਰਸੀ ਦੇ ਮੌਕੇਤੇ ਭਾਰਤ ਅਤੇ ਨੇਪਾਲ ਦੇ ਸਾਰੇ ਰਾਜਯੋਗ ਕੇਂਦਰਾਂ ਤੇ ਇੱਕ ਵਿਸ਼ਾਲ ਖੂਨਦਾਨ ਮੁਹਿੰਮ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ 22 ਤੋਂ 25 ਅਗਸਤ ਤੱਕ ਚੱਲੇਗੀ। 
ਦਾਦੀ ਜੀ ਨੇ ਸਮਾਜ ਦੇ ਹਰ ਵਰਗ ਅਤੇ ਦੇਸ਼—ਵਿਦੇਸ਼ ਵਿੱਚ ਰੁਹਾਨੀ ਸੰਦੇਸ਼ ਫੈਲਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੋਹਾਲੀ ਸਰਕਲ ਵਿੱਚ 100 ਯੂਨਿਟ ਖੂਨ ਇਕੱਠਾ ਕਰਨ ਦਾ ਟੀਚਾ ਸੀ, ਪਰ ਬ੍ਰਹਮਾਕੁਮਾਰੀਜ ਦੇ ਭਰਾਵਾਂ—ਭੈਣਾਂ ਅਤੇ ਖੂਨਦਾਨੀਆਂ ਦੇ ਭਾਰੀ ਉਤਸ਼ਾਹ ਕਾਰਨ 114 ਯੂਨਿਟ ਖੂਨਦਾਨ ਕੀਤਾ ਗਿਆ ਹੈ।
ਮੋਹਾਲੀ—ਰੋਪੜ ਰਾਜਯੋਗ ਕੇਂਦਰਾਂ ਦੀ ਸਹਿ—ਇਨਚਾਰਜ ਬ੍ਰਹਮਾਕੁਮਾਰੀ ਡਾ ਰਮਾ ਭੈਣ ਜੀ ਨੇ ਕਿਹਾ ਕਿ ਇਹ ਵਿਸ਼ਾਲ ਖੂਨਦਾਨ ਮੁਹਿੰਮ ਜ਼ਖਮੀਆਂ, ਔਰਤਾਂ ਅਤੇ ਹੋਰ ਲੋਕਾਂ ਦੀਆਂ ਖੂਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਇਨਰ ਵੀਲ ਕਲੱਬ, ਲਾਇਨ ਕਲੱਬ ਅਤੇ ਸਥਾਨਕ ਖੂਨਦਾਨੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਹੈ।
 ਸਾਰੇ ਖੂਨਦਾਨੀਆਂ ਨੂੰ ਬ੍ਰਹਮਾਕੁਮਾਰੀਜ, ਪੀਜੀਆਈ ਅਤੇ ਰੋਟਰੀ ਕਲੱਬ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

ਪੀਆਰਟੀਸੀ ਪਟਿਆਲਾ ਡਿਪੂ ਦੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵਰਕਸ਼ਾਪ ਕਰਮਚਾਰੀਆਂ ਨੇ ਇਕੱਤਰ ਹੋਕੇ ਡਿਪੂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਨੂੰ ਬਣੇ ਭਾਰੀ ਖਤਰੇ ਦੇ ਸਬੰਧ ਵਿੱਚ ਰਿਪੋਰਟ ਜਨਰਲ ਮੈਨੇਜਰ ਕੋਲ ਕੀਤੀ ਗਈ।

ਪਟਿਆਲਾ 23 ਅਗਸਤ: ਅੱਜ ਪੀ ਆਰ ਟੀ ਸੀ ਪਟਿਆਲਾ ਡਿਪੂ ਦੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵਰਕਸ਼ਾਪ ਕਰਮਚਾਰੀਆਂ ਨੇ ਇਕੱਤਰ ਹੋਕੇ ਡਿਪੂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਨੂੰ ਬਣੇ ਭਾਰੀ ਖਤਰੇ ਦੇ ਸਬੰਧ ਵਿੱਚ ਅਤੇ ਪਿਛਲੇ ਦਿਨੀ ਵਾਪਰੀ ਹਿੰਸਕ ਘਟਨਾ ਅਤੇ ਵਰਕਸ਼ਾਪ ਇੰਚਾਰਜਾਂ ਨੂੰ ਡਰਾਇਵਰ ਸੰਦੀਪ ਸਿੰਘ ਅਤੇ ਜ਼ਸਦੀਪ ਸਿੰਘ ਵੱਲੋਂ ਧਮਕੀਆਂ ਦੇਣ ਅਤੇ ਵਰਕਸ਼ਾਪ ਦੇ ਕੰਮ ਵਿੱਚ ਵਿਘਨ ਪਾਉਣ ਵਰਗੇ ਵਰਤਾਰੇ ਦੀ ਰਿਪੋਰਟ ਜਨਰਲ ਮੈਨੇਜਰ ਕੋਲ ਕੀਤੀ ਗਈ।
 ਪਰ ਜਨਰਲ ਮੈਨੇਜਰ ਵੱਲੋਂ ਉੱਕਾ ਹੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਘਟਨਾਵਾਂ ਨੂੰ ਜਨਰਲ ਮੈਨੇਜਰ ਵੱਲੋਂ ਅਣਗੋਲਿਆ ਕਰਨਾ ਜਿੱਥੇ ਮੰਦਭਾਗਾ ਅਤੇ ਗੈਰ ਜਿੰਮੇਵਾਰਾਨਾ ਵੀ ਹੈ। ਉੱਥੇ ਹੀ ਉਹਨਾਂ ਦਾ ਇਸ ਤਰ੍ਹਾਂ ਦਾ ਰਵਈਆ ਭਵਿੱਖ ਵਿੱਚ ਕਿਸੇ ਵੀ ਮਾੜੀ ਘਟਨਾ ਦੇ ਵਾਪਰਨ ਦਾ ਵੀ ਖਤਰਾ ਖੜਾ ਕਰਦਾ ਹੈ। 
ਘਟਨਾਵਾਂ ਦਾ ਵੇਰਵਾ ਦਿੰਦਿਆ ਵਰਕਸ਼ਾਪ ਵਿੱਚ ਕੰਮ ਕਰਦੇ ਜਥੇਬੰਦੀਆਂ ਦੇ ਆਗਆਂ ਪਰਮਜੀਤ ਸਿੰਘ, ਤਰਸੇਮ ਸਿੰਘ, ਦਲੇਰ ਸਿੰਘ, ਲਾਲ ਸਿੰਘ, ਪਰਮਿੰਦਰ ਸਿੰਘ ਸਬ ਇੰਸਪੈਕਟਰ, ਇੰਦਰਜੀਤ ਸਿੰਘ ਆਦਿ ਨੇ ਦੱਸਿਆ ਕਿ 21 ਅਗਸਤ ਨੂੰ ਸੰਦੀਪ ਸਿੰਘ ਡਰਾਈਵਰ ਵਰਕਸ਼ਾਪ ਦੇ ਸਿਫਟ ਇੰਚਾਰਜ ਦੀਪਕ ਕੁਮਾਰ ਅਤੇ ਵਰਕਸ਼ਾਪ ਦੇ ਇੰਚਾਰਜ ਸਤਵੀਰ ਸਿੰਘ ਨਾਲ ਬਹਿਸਬਾਜੀ ਕਰਦਾ ਕਰਦਾ ਧਮਕੀਆਂ ਦੇਣ ਅਤੇ ਮਾੜੀ ਭਾਸ਼ਾ ਬੋਲਣ ਤੇ ਉਤਰ ਆਇਆ ਸੀ। 
ਜੇਕਰ ਉਸ ਨੂੰ ਡਰਾਇਵਰ ਰਮਨ ਕੁਮਾਰ ਨੇ ਸਮਝਾਉਣ ਦਾ ਜਤਨ ਕੀਤਾ ਤਾਂ ਸੰਦੀਪ ਸਿੰਘ ਉਸਨੂੰ ਮਾੜਾ ਬੋਲਣ ਲੱਗ ਪਿਆ ਅਤੇ ਕੋਈ ਲੋਹੇ ਦੀ ਭਾਰੀ ਚੀਜ ਜ਼ੋਰ ਨਾਲ ਉਸਦੇ ਸਿਰ ਵਿੱਚ ਮਾਰ ਦਿੱਤੀ ਜਿਸ ਨਾਲ ਰਮਨ ਕੁਮਾਰ ਗੰਭੀਰ ਜਖਮੀ ਹੋ ਗਿਆ। 
ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਅਤੇ ਉਹ ਜੇਰੇ ਇਲਾਜ ਹੈ, ਪੁਲਿਸ ਕੇਸ ਦਰਜ ਹੈ। ਅਜਿਹਾ ਕੁੱਝ ਵਾਪਰਨ ਦੇ ਬਾਵਜੂਦ ਦੋਸ਼ੀ ਦਾ ਮੌਕੇ ਤੇ ਹਾਜਰ ਭਰਾ ਡਰਾਈਵਰ ਜ਼ਸਦੀਪ ਸਿੰਘ ਵੀ ਧਮਕਾਉਂਦਾ ਰਿਹਾ। ਇਹਨਾਂ ਵਾਕਿਅਤਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਜਨਰਲ ਮੈਨੇਜਰ ਦੇ ਨੋਟਿਸ ਵਿੱਚ ਹੋਣਦੇ ਬਾਵਜੂਦ ਕੋਈ ਐਕਸ਼ਨ ਨਾ ਕਰਨ ਦੇ ਵਿਰੋਧ ਵਿੱਚ ਕਰਮਚਾਰੀਆਂ ਵਲੋਂ ਸੋਮਵਾਰ 25 ਅਗਸਤ ਤੋਂ ਹਰ ਰੋਜ਼ ਰੋਸ ਪ੍ਰਗਟ ਕਰਨ ਲਈ ਮੁਜਾਹਰਾ ਕੀਤਾ ਜਾਇਆ ਕਰੇਗਾ। 
ਇਸ ਐਕਸ਼ਨ ਦੀ ਹਿਮਾਇਤ ਪਟਿਆਲਾ ਡਿਪੂ ਵਿੱਚ ਕੰਮ ਕਰਦੀਆਂ 4-5 ਜਥੇਬੰਦੀਆਂ ਵਲੋਂ ਕੀਤੀ ਜਾਵੇਗੀ। ਇਹਨਾਂ ਘਟਨਾਵਾਂ ਸਬੰਧੀ ਉੱਚ ਅਧਿਕਾਰੀ ਦੇ ਧਿਆਨ ਵਿੱਚ ਵੀ ਲਿਆਦਾ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀਆਂ ਏਟਕ ਪਰਮਜੀਤ ਸਿੰਘ ਅਤੇ ਦਲੇਰ ਸਿੰਘ, ਸੀਟੂ ਦੇ ਤਰਸੇਮ ਸਿੰਘ ਤੇ ਪਰਮਿੰਦਰ ਸਿੰਘ ਸਬ ਇੰਸਪੈਕਟਰ, ਇੰਟਕ ਗੁਰਨੈਬ ਸਿੰਘ, ਐਸ ਸੀ ਬੀ ਸੀ ਰਜਿੰਦਰ ਸਿੰਘ, ਨਸੀਬ ਚੰਦ, ਅਤੇ ਕਰਮਚਾਰੀ ਦਲ ਦੇ ਇੰਦਰਜੀਤ ਸਿੰਘ ਹਾਜਰ ਸਨ।

ਹੁਸ਼ਿਆਰਪੁਰ ਦੇ ਮੰਡਿਆਲਾ 'ਚ ਵਾਪਰੀ ਗੈਂਸ ਟੈਂਕਰ ਦੀ ਘਟਨਾ ਦੇ ਪੀੜ੍ਹਤਾਂ ਨੂੰ ਫੌਰੀ ਮੱਦਦ ਦਿੱਤੀ ਜਾਵੇ - ਪ੍ਰਧਾਨ ਸਤੀਸ਼ ਕੁਮਾਰ ਸੋਨੀ

ਗੜ੍ਹਸ਼ੰਕਰ- ਬੀਤੇ ਕੱਲ੍ਹ ਪਿੰਡ ਮੰਡਿਆਲਾਂ ਦੇ ਬੱਸ ਅੱਡੇ 'ਚ ਐਲ ਪੀ ਜੀ ਗੈਸ ਵਾਲੇ ਟੈਂਕਰ ਨਾਲ ਦਰਦਨਾਕ ਦੁਰਘਟਨਾ ਹੋਈ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਅਫ਼ਸੋਸ ਜਾਹਿਰ ਕਰਦੀ ਹੈ ਅਤੇ ਉਸ ਦੀ ਚਪੇਟ 'ਚ ਆ ਕੇ ਜਖਮੀ ਹੋਏ ਵਿਅਕਤੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ। 
ਜਿਹੜੇ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ, ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਭਰੀ ਘੜੀ ਵਿੱਚ ਸ਼ਰੀਕ ਹੋ ਕੇ ਉਹਨਾਂ ਪਰਿਵਾਰਾਂ ਦੀ ਤੰਦਰੁਸਤੀ ਲਈ ਪਰਮਾਤਮਾ ਕੋਲੋਂ ਅਰਦਾਸ ਬੇਨਤੀ ਕਰਦੇ ਹਾਂ। 
ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਰਾਹੀ ਇਕ ਸੰਦੇਸ਼ ਵਿੱਚ ਕਿਹਾ ਕਿ ਇਹ ਇਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਨਾ ਸਹਿਣਯੋਗ ਘਟਨਾ ਹੈ। ਇਹੋ ਜਿਹੀਆਂ ਦੁਰਘਟਨਾਵਾਂ ਇਨਸਾਨ ਨੂੰ ਅੰਦਰ ਤਕ ਹਿਲਾ ਕੇ ਰੱਖ ਦਿੰਦੀਆਂ ਹਨ। 
ਇਹ ਇਕ ਬਹੁਤ ਹੀ ਵੱਡੀ ਲਾਪਰਵਾਹੀ ਦਾ ਨਤੀਜਾ ਹੈ। ਐਲ. ਪੀ .ਜੀ. ਗੈਸ 'ਤੇ ਜਲਣਸ਼ੀਲ  ਤੇਲ ਦਾ ਸਟੋਰੀ ਕਰਨ ਸ਼ਹਿਰ ਦੀ ਆਬਾਦੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜ਼ੋ ਭਵਿੱਖ 'ਚ ਇਹੋ ਜਿਹੀ ਕਿਸੇ ਹੋਰ ਘਟਨਾ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਸਰਕਾਰ ਕੋਲੋ ਮੰਗ ਕਰਦੇ ਹਾਂ, ਕਿ ਜਿਹੜੇ ਵੀ ਗੈਸ ਏਜੰਸੀਆਂ ਨੇ ਸ਼ਹਿਰ ਦੇ ਨੇੜੇ ਗੈਸ ਸਿਲੰਡਰ ਰੱਖਣ ਲਈ ਆਬਾਦੀ ਦੇ ਨੇੜੇ ਸਟੋਰ ਬਣਾਏ ਹਨ। 
ਉਹਨਾਂ ਨੂੰ ਬਿਨਾ ਦੇਰੀ ਹਟਾਇਆ ਜਾਵੇ ਅਤੇ ਆਬਾਦੀ ਤੋਂ ਬਾਹਰ ਸੁਰੱਖਿਅਤ ਥਾਵਾਂ ਤੇ ਬਣਾਉਣਾ ਯਕੀਨੀ ਬਣਾਇਆ ਜਾਵੇ। ਸਾਡੀ ਸੰਸਥਾ ਇਸ ਗੈਸ ਟੈਂਕਰ ਦੁਰਘਟਨਾ 'ਚ ਜਖਮੀਆਂ ਅਤੇ ਆਪਣੀ ਜਾਨ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਜਲਦੀ ਤੋਂ ਜਲਦੀ ਕਰਨ ਦੀ ਮੰਗ ਕਰਦੀ ਹੈ। ਜਿਹਨਾਂ ਦੁਕਾਨਾਂ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ, ਉਸ ਦੀ ਭਰਪਾਈ ਲਈ ਉਹਨਾਂ ਪਰਿਵਾਰਾਂ ਲਈ ਪੈਕੇਜ ਦਾ ਐਲਾਨ ਕੀਤਾ ਜਾਵੇ।

ਰੈੱਡ ਕਰਾਸ ਸੋਸਾਇਟੀ ਨੇ ਐਕਟ ਹਿਊਮਨ ਸੋਸਾਇਟੀ ਦੇ ਸਹਿਯੋਗ ਨਾਲ ਲਗਾਇਆ ਨਕਲੀ ਅੰਗ ਲਗਾਉਣ ਸਬੰਧੀ ਮੁਫਤ ਕੈਂਪ

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉਦੇਸ਼ ਲੋੜਵੰਦ, ਗਰੀਬ, ਸਰੀਰਕ ਤੌਰ 'ਤੇ ਦਿਵਿਆਂਗ ਅਤੇ ਵਿਧਵਾ ਔਰਤਾਂ ਦੀ ਮਦਦ ਕਰਨਾ ਹੈ। 
ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਮੇਂ-ਸਮੇਂ 'ਤੇ ਰੈੱਡ ਕਰਾਸ ਸੋਸਾਇਟੀ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਉਂਦੀ ਹੈ। ਇਸੇ ਸਬੰਧ ਵਿਚ ਸੁਸਾਇਟੀ ਵੱਲੋਂ ਐਕਟ ਹਿਊਮਨ ਸੋਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਰੈੱਡ ਕਰਾਸ ਦਫ਼ਤਰ ਵਿਖੇ ਨਕਲੀ ਅੰਗ ਫਿੱਟ ਕਰਨ ਲਈ ਇਕ ਮੁਫ਼ਤ ਕੈਂਪ ਲਗਾਇਆ ਗਿਆ। 
ਇਸ ਕੈਂਪ ਵਿੱਚ ਐਕਟ ਹਿਊਮਨ ਸੋਸਾਇਟੀ ਦੇ ਸੰਸਥਾਪਕ ਹਰਲੀਨ ਕੌਰ, ਜਨਰਲ ਮੈਨੇਜਰ ਦੀਪ ਕਾਲੜਾ, ਫੂਪਰੋ ਮੋਹਾਲੀ ਦੇ ਸੰਸਥਾਪਕ ਨਿਮਿਸ਼ ਮਹਿਰਾ, ਗਿਆਨ ਸਿੰਘ  ਅਤੇ ਸੁਰਿੰਦਰ ਕੌਰ ਐਨ.ਆਰ.ਆਈ (ਕੈਨੇਡਾ) ਦੀ ਸਹਾਇਤਾ ਨਾਲ 21 ਲਾਭਪਾਤਰੀਆਂ ਨੂੰ ਮੁਫਤ ਪ੍ਰੋਸਥੈਟਿਕ ਅੰਗ ਪ੍ਰਦਾਨ ਕੀਤੇ ਗਏ। ਇਹ ਉਹ ਲਾਭਪਾਤਰੀ ਸਨ, ਜਿਨ੍ਹਾਂ ਦੀ ਇਕ ਜਾਂ ਦੋਵੇਂ ਲੱਤਾਂ ਕਿਸੇ ਦੁਰਘਟਨਾ ਜਾਂ ਹੋਰ ਕਾਰਨਾਂ ਕਰਕੇ ਕੱਟੀਆਂ ਗਈਆਂ ਸਨ। 
ਇਸ ਤੋਂ ਪਹਿਲਾਂ ਇਨ੍ਹਾਂ 21 ਲਾਭਪਾਤਰੀਆਂ ਦੀ ਪਛਾਣ ਕਰਨ ਲਈ 7 ਅਗਸਤ ਨੂੰ ਇਕ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਮਾਪ ਲਏ ਗਏ ਸਨ ਅਤੇ ਨਕਲੀ ਅੰਗ ਤਿਆਰ ਕੀਤੇ ਗਏ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਐਕਟ ਹਿਊਮਨ ਸੋਸਾਇਟੀ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ। 
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਰੈੱਡ ਕਰਾਸ ਸੋਸਾਇਟੀ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾ ਕੇ ਸਰੀਰਕ ਤੌਰ 'ਤੇ ਦਿਵਿਆਂਗ ਲੋਕਾਂ ਦੀ ਮਦਦ ਕਰਦੀ ਰਹੇਗੀ। ਉਨ੍ਹਾਂ ਨੇ ਰੈੱਡ ਕਰਾਸ ਦਾ ਸਮਰਥਨ ਕਰਨ ਲਈ ਐਕਟ ਹਿਊਮਨ ਸੋਸਾਇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਪ੍ਰੋਸਥੈਟਿਕ ਅੰਗਾਂ ਦੇ ਕਾਰਨ ਇਹ ਲਾਭਪਾਤਰੀ ਹੁਣ ਇਕ ਆਮ ਜੀਵਨ ਜੀਅ ਸਕਣਗੇ ਅਤੇ ਆਪਣੀ ਰੋਜ਼ੀ-ਰੋਟੀ ਕਮਾ ਸਕਣਗੇ। 
ਇਸ ਤੋਂ ਇਲਾਵਾ ਨਕਲੀ ਅੰਗ ਇਨ੍ਹਾਂ ਲਾਭਪਾਤਰੀਆਂ ਦੇ ਆਤਮ-ਵਿਸ਼ਵਾਸ ਨੂੰ ਵੀ ਵਧਾਉਣਗੇ। ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮੰਗੇਸ਼ ਸੂਦ ਨੇ ਕਿਹਾ ਕਿ ਇਸ ਮੌਕੇ 'ਤੇ ਨਕਲੀ ਲੱਤਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਬਹੁਤ ਖੁਸ਼ ਸਨ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਖੁਸ਼ੀ ਪ੍ਰਗਟ ਕੀਤੀ।

ਸਿਹਤਮੰਦ ਜੀਵਨ ਲਈ ਖੇਡਾਂ ਅਤਿ ਜ਼ਰੂਰੀ - ਕ੍ਰਿਤਿਕਾ ਗੋਇਲ

ਨਵਾਂਸ਼ਹਿਰ- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਟਬਾਲ ਮੈਚ ਕਰਵਾਇਆ ਗਿਆ। ਜਿਥੇ ਬਲਾਚੌਰ ਦੇ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਸਿਹਤਮੰਦ ਜੀਵਨ ਲਈ ਖੇਡਾਂ ਦੇ ਮਹੱਤਵ ਬਾਰੇ ਦੱਸਿਆ। ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਕਿਹਾ ਕਿ ਖੇਡਾਂ ਨਾਲ ਜੁੜ ਕੇ ਨਾ ਸਿਰਫ਼ ਆਪਣੀ ਸ਼ਖਸ਼ੀਅਤ ਦੇ ਚਹੁੰਮੁਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਸਗੋਂ ਖੇਡਾਂ ਦੇ ਪਾਸਾਰ ਨਾਲ ਨਸ਼ਿਆਂ ਦੀ ਅਲਾਮਤ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਝੋਲੀ ਵਿੱਚ ਬਹੁਤ ਸਾਰੇ ਖਿਡਾਰੀ ਪਾਉਂਦਿਆਂ ਦੁਨੀਆ ਦੇ ਖੇਡ ਨਕਸ਼ੇ ‘ਤੇ ਵੱਖਰੀ ਪਛਾਣ ਕਾਇਮ ਕੀਤੀ ਹੈ ਅਤੇ ਨੌਜਵਾਨ ਪੀੜੀ ਨੂੰ ਵੀ ਪੰਜਾਬ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖੇਡ ਵਿਭਾਗ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਸਮੇਂ ਸਮੇਂ ‘ਤੇ ਖੇਡ ਸਰਗਰਮੀਆਂ ਕਰਵਾਏਗਾ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਖੇਡਾਂ ਨਾਲ ਜੋੜਿਆ ਜਾ ਸਕੇ। 
ਪੰਜਾਬ ਸਰਕਾਰ ਵੱਲੋਂ ਇਸ ਸਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਬਾਰੇ ਗੱਲ ਕਰਦਿਆਂ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਕਿਹਾ ਕਿ ਇਸ ਵਾਰ ਬਲਾਕ, ਜਿਲ੍ਹਾ ਅਤੇ ਰਾਜ ਪੱਧਰੀ ਖੇਡਾਂ 03 ਸਤੰਬਰ ਤੋਂ 23 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਹਰ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਲਾਕ ਪੱਧਰੀ ਖੇਡਾਂ 4 ਸਤੰਬਰ ਤੋਂ 12 ਸਤੰਬਰ ਤੱਕ ਵੱਖ-ਵੱਖ ਬਲਾਕਾਂ ਵਿੱਚ ਹੋਣਗੀਆਂ। 
ਉਨ੍ਹਾਂ ਦੱਸਿਆ ਕਿ ਬਲਾਕ ਨਵਾਸ਼ਹਿਰ ਵਿੱਚ 04-05 ਸਤੰਬਰ, ਬਲਾਕ ਬਲਾਚੌਰ ਅਤੇ ਸੜੋਆ ਵਿੱਚ 08-09 ਸਤੰਬਰ ਅਤੇ ਬਲਾਕ ਬੰਗਾ ਵਿਖੇ 11-12 ਸਤੰਬਰ ਨੂੰ ਵੱਖ-ਵੱਖ ਉਮਰ ਵਰਗ ਦੀਆਂ ਖੇਡਾਂ ਹੋਣਗੀਆਂ। ਜਿਨ੍ਹਾਂ ਵਿੱਚ ਅਥਲੈਟਿਕਸ, ਵਾਲੀਬਾਲ, ਸ਼ੂਟਿੰਗ ਤੇ ਵਾਲੀਬਾਲ ਸ਼ਮੇਸ਼ਿੰਗ, ਕਬੱਡੀ ਸਰਕਲ, ਖੋ-ਖੋ ਸ਼ਾਮਲ ਹਨ।

ਮੰਡਿਆਲਾ 'ਚ ਐਲ.ਪੀ.ਜੀ ਟੈਂਕਰ ਧਮਾਕਾ : 2 ਮੌਤਾਂ, 21 ਜ਼ਖਮੀ

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਲਤ ਮੋੜ ਕੱਟਣ ਕਾਰਨ ਜਲੰਧਰ-ਹੁਸ਼ਿਆਰਪੁਰ ਸੜਕ 'ਤੇ ਪਿੰਡ ਮੰਡਿਆਲਾ ਨੇੜੇ ਐਚ.ਪੀ ਪੈਟਰੋਲੀਅਮ ਟੈਂਕਰ ਦੀ ਸਬਜ਼ੀਆਂ ਨਾਲ ਭਰੇ ਮਹਿੰਦਰਾ ਪਿਕਅੱਪ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ 'ਚ ਧਮਾਕਾ ਹੋ ਗਿਆ, ਜਿਸ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। 
ਇਸ ਹਾਦਸੇ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 21 ਲੋਕ ਜ਼ਖਮੀ ਹੋ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਉਹ ਖ਼ੁਦ ਵੀ ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਤੇ ਪ੍ਰਸ਼ਾਸਨਿਕ ਅਮਲੇ ਨਾਲ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਸੇ ਤਰ੍ਹਾਂ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਥਾਣਾ ਸਿਟੀ, ਸਦਰ, ਮਾਡਲ ਟਾਊਨ, ਪੁਰਹੀਰਾਂ, ਚੱਬੇਵਾਲ ਅਤੇ ਗੜ੍ਹਦੀਵਾਲਾ ਦੇ ਐਸ.ਐਚ.ਓ ਸਮੇਤ ਹੋਰ ਅਧਿਕਾਰੀਆਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ, ਹੁਸ਼ਿਆਰਪੁਰ ਪਹੁੰਚਾਇਆ ਗਿਆ ਅਤੇ ਗੰਭੀਰ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦੇ ਇਲਾਜ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਸਿਵਲ ਹਸਪਤਾਲ ਪਹੁੰਚ ਗਈ ਹੈ ਅਤੇ ਸਾਰੇ ਜ਼ਖਮੀਆਂ ਦਾ ਪੰਜਾਬ ਸਰਕਾਰ ਦੀ "ਫਰਿਸ਼ਤੇ ਸਕੀਮ" ਤਹਿਤ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਫਾਇਰ ਬ੍ਰਿਗੇਡ ਤੋਂ ਇਲਾਵਾ, ਜਲੰਧਰ, ਕਪੂਰਥਲਾ, ਫਗਵਾੜਾ ਅਤੇ ਆਦਮਪੁਰ ਏਅਰ ਫੋਰਸ ਸਟੇਸ਼ਨ ਤੋਂ ਐਂਬੂਲੈਂਸਾਂ ਅਤੇ ਫਾਇਰ ਇੰਜਣ ਵੀ ਮੌਕੇ 'ਤੇ ਭੇਜੇ ਗਏ ਅਤੇ ਐਸ.ਡੀ.ਆਰ.ਐਫ ਦੀ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ।
ਐਸ.ਐਸ.ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ (2023) ਦੀ ਧਾਰਾ 105 ਅਤੇ 324 (4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਸਥਾਨ ਤੋਂ ਦੂਰ ਰਹਿਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਇਸ ਘਟਨਾ ਨੂੰ ਬਹੁਤ ਦੁਖਦਾਈ ਦੱਸਿਆ ਅਤੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਖਮੀਆਂ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।
ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਐਸ.ਐਮ.ਓ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਕੁੱਲ 23 ਮਰੀਜ਼ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ। ਦੋ ਮਰੀਜ਼ਾਂ ਨੂੰ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ। ਇਸ ਵੇਲੇ ਸਿਵਲ ਹਸਪਤਾਲ ਵਿੱਚ 5 ਮਰੀਜ਼ ਦਾਖਲ ਹਨ। ਇਸ ਤੋਂ ਇਲਾਵਾ 14 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਸਾਰੀਆਂ ਖਬਰਾਂ ਦੇਖੋ   

ਅੱਜ ਦੀ ਵੀਡੀਓ ਗੈਲਰੀ

ਸਾਰੇ ਵੀਡੀਓ ਦੇਖੋ