ਪੰਜਾਬ ਐੰਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਪੰਜਾਬ ਸਰਕਾਰ ਖਿਲਾਫ਼ ਜਥੇਬੰਦਕ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ

ਫ਼ਤਿਹਗੜ੍ਹ ਸਾਹਿਬ- ਪੰਜਾਬ ਐੰਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਪੰਜਾਬ ਸਰਕਾਰ ਖਿਲਾਫ਼ ਜਥੇਬੰਦਕ ਸੰਘਰਸ਼ ਤੇਜ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਸਥਾਨਕ ਮਾਤਾ ਗੁਜਰੀ ਕਾਲਜ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਏਡਿਡ ਕਾਲਜ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਜਥੇਬੰਦਕ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ।

ਫ਼ਤਿਹਗੜ੍ਹ ਸਾਹਿਬ- ਪੰਜਾਬ ਐੰਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਪੰਜਾਬ ਸਰਕਾਰ ਖਿਲਾਫ਼ ਜਥੇਬੰਦਕ ਸੰਘਰਸ਼ ਤੇਜ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਸਥਾਨਕ ਮਾਤਾ ਗੁਜਰੀ ਕਾਲਜ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਏਡਿਡ ਕਾਲਜ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਜਥੇਬੰਦਕ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ।
 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਰਨਲ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ ਨੇ ਆਖਿਆ ਕਿ ਐੱਚ.ਐੱਮ.ਵੀ. ਕਾਲਜ ਨੂੰ ਆਟੋਨੋਮਸ ਕਰਨ ਵਿਰੁੱਧ ਐਜੀਟੇਸ਼ਨ ਸ਼ੁਰੂ ਕਰਨ, ਸੱਤਵੇੰ ਪੇਅ ਕਮਿਸ਼ਨ ਸੰਬੰਧੀ, 1925 ਅਧਿਆਪਕਾਂ ਦੀ ਰੈਗੂਲਰਾਈਜੇਸ਼ਨ, ਪੀ.ਐੱਫ. ਕਟੌਤੀ ਬੇਸਿਕ ਅਤੇ ਡੀ.ਏ. ਗਰੌਸ ਸੈਲਰੀ ਉੱਤੇ ਕਰਨ, ਅਨਏਡਿਡ ਸਟਾਫ ਨੂੰ ਸੱਤਵੇਂ ਪੇਅ ਕਮਿਸ਼ਨ ਦਾ ਲਾਭ ਨਾ ਦੇਣ ਵਾਲੀਆਂ ਕਾਲਜ ਮੈਨੇਜਮੈਂਟਾਂ ਖ਼ਿਲਾਫ਼ ਐਜੀਟੇਸ਼ਨ ਆਰੰਭ ਕਰਨ ਆਦਿ ਮੁੱਦਿਆਂ ਉੱਤੇ ਵਿਚਾਰ ਚਰਚਾ ਕਰਨ ਉਪਰੰਤ ਵੱਖ-ਵੱਖ ਪੱਧਰ ਦਾ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਕਾਲਜਾਂ ਦੀਆਂ ਲੋਕਲ ਮੈਨੇਜਮੈਂਟ ਕਮੇਟੀ ਦੇ ਨੁਮਾਇੰਦਿਆਂ ਨੂੰ ਅਧਿਆਪਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਨ ਸੰਬੰਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੀਸੀਸੀਟੀਯੂ ਆਪਣੇ ਸਮੂਹ ਅਧਿਆਪਕਾਂ ਦੇ ਹਰ ਸੰਘਰਸ਼ ਵਿੱਚ ਨਾਲ ਖੜੀ ਹੈ। 
ਪੀਪੀਸੀਟੀਯੂ ਦੇ ਸੂਬਾਈ ਪ੍ਰਧਾਨ ਡਾ. ਸੀਮਾ ਜੇਤਲੀ ਨੇ ਜਥੇਬੰਦਕ ਸੰਘਰਸ਼ ਦੀ ਰੂਪ ਰੇਖਾ ਜਾਰੀ ਕਰਦੇ ਹੋਏ ਆਖਿਆ ਕਿ ਡੀਏਵੀ ਅਤੇ ਐੱਚ.ਐੱਮ.ਵੀ. ਕਾਲਜ ਵਿਖੇ 21-22 ਅਪ੍ਰੈਲ ਨੂੰ ਕਾਲੇ ਬਿੱਲੇ ਲਗਾ ਕੇ, 23-24 ਅਪ੍ਰੈਲ ਨੂੰ ਦੋ ਘੰਟੇ ਦਾ ਕੈੰਪਸ ਰੋਸ ਧਰਨਾ, 25 ਅਪ੍ਰੈਲ ਨੂੰ ਕੈੰਡਲ ਮਾਰਚ, 26 ਅਪ੍ਰੈਲ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਅਤੇ 29 ਅਪ੍ਰੈਲ ਨੂੰ ਡੀਏਵੀ ਮੈਨੇਜਮੈੰਟ ਕਮੇਟੀ ਨਵੀਂ ਦਿੱਲੀ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਕੁੱਝ ਕਾਲਜਾਂ ਵਿੱਚ ਸੱਤਵੇਂ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਕੀਤੇ ਜਾ ਰਹੇ ਭੇਦਭਾਵ ਦੇ ਖ਼ਿਲਾਫ਼ 2 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਮੂਹਰੇ ਰੋਸ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਕਾਰਜਕਾਰਨੀ ਨੇ ਸੂਬਾ ਸਰਕਾਰ ਵੱਲੋਂ ਸੱਤਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਢਿੱਲਮੱਠ ਦੇ ਖ਼ਿਲਾਫ਼ ਲੁਧਿਆਣੇ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ। 
ਇਸ ਮੌਕੇ ਪੀਸੀਸੀਟੀਯੂ ਦੇ ਪ੍ਰਧਾਨ ਡਾ. ਸੀਮਾ ਜੇਤਲੀ ਨੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਵੱਲੋਂ ਕਾਰਜਕਾਰਨੀ ਦੀ ਮੀਟਿੰਗ ਲਈ ਦਿੱਤੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ। 
ਇਸ ਮੌਕੇ ਪੀਸੀਸੀਟੀਯੂ ਦੀ ਕਾਰਜਕਾਰਨੀ ਦੇ ਸਮੂਹ ਮੈੰਬਰ ਸਾਹਿਬਾਨ, ਏਆਈਫਕਟੋ ਦੇ ਵਾਈਸ ਪ੍ਰਧਾਨ ਡਾ. ਵਿਨੇ ਸੋਫਤ, ਜੀਐੱਨਡੀਯੂ ਦੇ ਏਰੀਆ ਸੈਕਟਰੀ ਡਾ. ਸੁਖਦੇਵ ਸਿੰਘ ਰੰਧਾਵਾ, ਪੰਜਾਬ ਯੂਨੀਵਰਸਿਟੀ ਦੇ ਏਰੀਆ ਸੈਕਟਰੀ ਡਾ. ਰਮਨ ਕੁਮਾਰ ਸ਼ਰਮਾ, ਪੰਜਾਬੀ ਯੂਨੀਵਰਸਿਟੀ ਦੇ ਏਰੀਆ ਸੈਕਟਰੀ ਡਾ. ਬਹਾਦਰ ਸਿੰਘ, ਡੀਏਵੀ ਕਾਲਜਾਂ ਦੇ ਕਨਵੀਨਰ ਡਾ. ਬੀ.ਬੀ. ਯਾਦਵ ਅਤੇ ਐੱਸ.ਜੀ.ਪੀ.ਸੀ. ਕਾਲਜਾਂ ਦੇ ਕਨਵੀਨਰ ਡਾ. ਬਿਕਰਮਜੀਤ ਸਿੰਘ ਸੰਧੂ ਅਤੇ ਕਾਰਜਕਾਰਨੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।