ਮੌਤ ਦਾ ਸਮਾਨ ਲੱਦ ਕੇ ਸੜਕਾਂ ਤੇ ਦੌੜਦੇ ਨੇ ਓਵਰਲੋਡਿਡ ਵਾਹਨ, ਪ੍ਰਸ਼ਾਸਨ ਨੇ ਧਾਰੀ ਚੁੱਪ

ਮੌਤ ਦਾ ਸਮਾਨ ਲੱਦ ਕੇ ਸੜਕਾਂ ਤੇ ਦੌੜਦੇ ਨੇ ਓਵਰਲੋਡਿਡ ਵਾਹਨ, ਪ੍ਰਸ਼ਾਸਨ ਨੇ ਧਾਰੀ ਚੁੱਪ ਵਾਹਨ ਚਾਲਕਾ ਨੇ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ

ਗੜ੍ਹਸ਼ੰਕਰ (ਬਲਵੀਰ ਚੌਪੜਾ ) : ਜਿੱਥੇ ਲੋਕਾਂ ਨੂੰ ਸੜਕੀ ਅਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਦੇਣ ਲਈ ਸਮੇਂ ਸਮੇਂ 'ਤੇ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ 'ਚ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਲਗਾਏ ਜਾਂਦੇ ਹਨ। ਪਰ ਇਨ੍ਹਾਂ ਵੱਲੋਂ ਇਹ ਕੀਤੇ ਉਪਰਾਲੇ ਉਸ ਵੇਲੇ ਫੇਲ੍ਹ ਹੁੰਦੇ ਜਾਪਦੇ ਹਨ ਜਦੋਂ ਲੋਕਾਂ ਵਲੋਂ ਬੇਖੌਫ ਨਿਯਮਾਂ ਦੀ ਧੱਜੀਆਂ ਉਡਾਈਆਂ ਜਾਂਦੀਆਂ ਹਨ। ਵਾਹਨ ਚਾਲਕ ਆਪਣੇ ਵਾਹਨ 'ਚ ਸਮਰੱਥਾ ਤੋਂ ਕਈ ਗੁਣਾਂ ਵੱਧ ਸਾਮਾਨ ਰੱਖ ਕੇ ਜਿੱਥੇ ਆਪਣੀ ਜਾਨ ਜ਼ੋਖਮ 'ਚ ਪਾਉਂਦੇ ਹਨ, ਉਥੇ ਰਾਹਗੀਰਾਂ ਦੀ ਜਾਨ ਵੀ ਲੈਣ 'ਚ ਸਹਾਈ ਹੁੰਦੇ ਹਨ। ਇੱਥੇ ਗੱਲ ਕੀਤੀ ਜਾਵੇਂ ਗੜ੍ਹਸ਼ੰਕਰ ਸ਼ਹਿਰ ਦੀ ਜਿੱਥੇ ਸ਼ਹਿਰ  ਅੰਦਰ ਦੀਆਂ  ਸੜਕ ਤੋਂ ਹਰ ਰੋਜ਼ ਪਤਾ ਨਹੀਂ ਕਿੰਨੇ ਵਾਹਨ ਲੰਘਦੇ  ਜਾਪਦੇ ਹਨ ਜਿਹੜੇ ਸਮਰੱਥਾ ਤੋਂ ਵੱਧ ਲੋਡ ਕੀਤੇ ਹੁੰਦੇ  ਹਨ। ਪਰ  ਸਥਾਨਕ ਟਰੈਫਿਕ ਪੁਲਿਸ ਵੇਖ ਕੇ ਵੀ ਇਨ੍ਹਾਂ  ਓਵਰਲੋਡਿਡ ਵਾਹਨਾਂ ਨੂੰ ਅਣਦੇਖਿਆ ਕਰਨ ਵਿੱਚ ਅਕਸਰ ਨਜ਼ਰ ਆਉਂਦੀ ਹੈ ਜੋ ਬਿਨ੍ਹਾਂ ਖੌਫ਼ ਤੋਂ ਗੜ੍ਹਸ਼ੰਕਰ ਸ਼ਹਿਰ ਅੰਦਰ ਦਾਖ਼ਿਲ ਹੁੰਦੀਆਂ ਹਨ  | ਇਸ ਦੀ ਵੱਡੀ ਮਿਸਾਲ ਸੜਕ ਤੋਂ ਲੰਘਦੀਆਂ ਤੂੜੀ ਨਾਲ ਭਰੀਆਂ ਤੇ ਲੱਕੜ ਨਾਲ ਹੱਦ ਤੋਂ ਵੱਧ ਭਰੀਆਂ ਟਰਾਲੀਆਂ ,ਜਿਹੜੀਆਂ ਆਪਣੇ ਅਕਾਰ ਤੋਂ ਕਈ ਗੁਣਾਂ ਵੱਧ ਉੱਪਰ ਅਤੇ ਸਾਇਡਾਂ ਨੂੰ ਫੈਲੀਆਂ ਹੁੰਦੀਆਂ ਹਨ। ਸੜਕ ਤੋਂ ਲੰਘਣ ਵਾਲੇ ਦੂਜੇ ਵਾਹਨਾਂ ਨੂੰ ਉਸ ਨੂੰ ਪਾਰ ਕਰਨਾ ਬਹੁਤ ਹੀ ਜੋਖਮ ਭਰਿਆ ਕਾਰਨਾਮਾ ਹੁੰਦਾ ਹੈ। ਇਸ ਟਰਾਲੀਆਂ ਦੇ ਅੱਗੇ ਟਰੈਕਟਰਾਂ ਦੀ ਜਗ ਰਹੀ ਲਾਈਟ ਰਾਤ ਵੇਲੇ ਇਸ ਨੂੰ ਕਿਸੇ ਛੋਟੀ ਗੱਡੀ ਦਾ ਭੁਲੇਖਾ ਪਾਉਂਦੀ ਹੈ ਤੇ ਇਸ ਤਰਾਂ ਭਿਆਨਕ ਹਾਦਸੇ ਵਾਪਰਦੇ ਹਨ। ਇਨ੍ਹਾਂ ਟਰਾਲੀ ਵਾਲਿਆਂ ਨੂੰ ਚਾਹੀਦਾ ਹੈ ਕਿ ਆਪਣੀ ਟਰਾਲੀ ਦੇ ਸਾਈਜ ਅਨੁਸਾਰ ਹੀ ਉਸ 'ਚ ਤੂੜੀ ਭਰੀ ਜਾਵੇ ਤਾਂ ਕਿ ਆਪਣੀ ਅਤੇ ਦੂਸਰੇ ਲੋਕਾਂ ਦੀ ਜਾਨ ਦੀ ਰਾਖੀ ਕੀਤੀ ਜਾ ਸਕੇ। ਤੜਕੇ ਵੇਲੇ ਇਹ ਟਰਾਲੀਆਂ ਆਮ ਹੀ ਲੰਘਦੀਆਂ ਦੇਖੀਆਂ ਜਾ ਸਕਦੀਆਂ ਹਨ।ਸਥਾਨਕ  ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਆਪਣੀ ਡਿਊਟੀ ਨਿਰਸਵਾਰਥ ਹੋ ਕੇ ਸਭ ਦੇ ਭਲੇ ਲਈ ਕਰਨ।