ਆਈ ਲੀਗ ਮਾਹਿਲਪੁਰ, ਕੇਰਲਾ ਕਲੱਬ ਨੇ ਦਿੱਲੀ ਫੁੱਟਬਾਲ ਕਲੱਬ ਦੀਆਂ ਘੱਤੀਆਂ ਘੁੰਮਾਈਆਂ

ਮਾਹਿਲਪੁਰ- ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਨੂੰ ਫੁੱਟਬਾਲ ਕਲੱਬ ਦਿੱਲੀ ਵੱਲੋਂ ਆਪਣੀ ਹੋਮ ਗਰਾਊਂਡ ਬਣਾਇਆ ਗਿਆ ਹੈ। ਜਿਸ ਵਿੱਚ ਆਈ ਲੀਗ ਦੇ ਮੁਕਾਬਲੇ ਖੇਡੇ ਜਾ ਰਹੇ ਹਨ। ਇੱਥੇ ਖੇਡੇ ਗਏ ਦੂਜੇ ਆਈ ਲੀਗ ਦੇ ਮੁਕਾਬਲੇ ਵਿੱਚ ਗੋਕੁਲਮ ਫੁੱਟਬਾਲ ਕਲੱਬ ਕੇਰਲਾ ਨੇ ਫੁੱਟਬਾਲ ਕਲੱਬ ਦਿੱਲੀ ਦੀਆਂ ਘੱਤੀਆਂ ਘੁੰਮਾ ਦਿੱਤੀਆਂ।

ਮਾਹਿਲਪੁਰ- ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਨੂੰ ਫੁੱਟਬਾਲ ਕਲੱਬ ਦਿੱਲੀ ਵੱਲੋਂ ਆਪਣੀ ਹੋਮ ਗਰਾਊਂਡ ਬਣਾਇਆ ਗਿਆ ਹੈ। ਜਿਸ ਵਿੱਚ ਆਈ ਲੀਗ ਦੇ ਮੁਕਾਬਲੇ ਖੇਡੇ ਜਾ ਰਹੇ ਹਨ। ਇੱਥੇ ਖੇਡੇ ਗਏ ਦੂਜੇ ਆਈ ਲੀਗ ਦੇ ਮੁਕਾਬਲੇ ਵਿੱਚ ਗੋਕੁਲਮ ਫੁੱਟਬਾਲ ਕਲੱਬ ਕੇਰਲਾ ਨੇ ਫੁੱਟਬਾਲ ਕਲੱਬ ਦਿੱਲੀ ਦੀਆਂ ਘੱਤੀਆਂ ਘੁੰਮਾ ਦਿੱਤੀਆਂ। 
ਪਹਿਲੇ ਅੱਧ ਤਕ ਤਾਂ ਦਿੱਲੀ ਦੀ ਫੁੱਟਬਾਲ ਕਲੱਬ ਮੁਕਾਬਲਾ ਕਰਨ ਵਿੱਚ ਸਫ਼ਲ ਰਹੀ। ਪਰ ਆਖਰੀ ਮਿੰਟਾਂ ਵਿੱਚ ਗੋਕੁਲਮ ਦੇ ਤੇਜ਼ ਤਾਰ ਖਿਡਾਰੀ ਇੱਕ ਗੋਲ ਦੀ ਬੜਤ ਲੈਣ ਵਿੱਚ ਸਫ਼ਲ ਹੋ ਗਏ। ਮੈਚ ਦਾ ਦੂਸਰਾ ਅੱਧ ਤਾਂ ਬਿਲਕੁਲ ਗੋਕੁਲਮ ਦੇ ਹੱਕ ਵਿੱਚ ਗਿਆ। ਕੇਰਲਾ ਦੀ ਫੁੱਟਬਾਲ ਕਲੱਬ ਨੇ ਆਪਣੀ ਤੇਜ਼ ਤਰਾਰ ਖੇਡ ਸਦਕਾ ਲਗਾਤਾਰ ਗੋਲ ਦਾਗਣ ਦੀ ਮੁਹਿੰਮ ਜਾਰੀ ਰੱਖੀ। ਅਖੀਰ ਇਹ ਮੁਹਿੰਮ ਚਾਰ ਜ਼ੀਰੋ ਤੇ ਜਾ ਕੇ ਸਮਾਪਤ ਹੋਈ। ਕੇਰਲਾ ਕਲੱਬ ਨੇ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੀ ਖੇਡ ਕਿੰਨੀ ਉੱਚੀ ਤੇ ਸੁੱਚੀ ਹੈ। ਤਕਨੀਕੀ ਜੁਗਤਾਂ ਨਾਲ ਅਤੇ ਸਮੇਂ ਦੀ ਹਾਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਹਨਾਂ ਦਰਸ਼ਕਾਂ ਦਾ ਮਨ ਮੋਹ ਲਿਆ।
        ਇਸ ਮੁਕਾਬਲੇ ਦਾ ਆਨੰਦ ਮਾਨਣ ਵਾਸਤੇ ਮੁੱਖ ਮਹਿਮਾਨ ਵਜੋਂ ਐਮਪੀ ਡਾਕਟਰ ਰਾਜ ਕੁਮਾਰ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਪੁੱਜੇ। ਉਹਨਾਂ ਆਪਣੇ ਭਾਸ਼ਣ ਵਿੱਚ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਖੇਡਾਂ ਅਤੇ ਸਿੱਖਿਆ ਨੂੰ ਤਰਜੀਹੀ ਅਧਾਰ ਤੇ ਵਿਕਸਿਤ ਕਰ ਰਹੀ ਹੈ। ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣੇ ਵਾਲੇ ਖਿਡਾਰੀਆਂ ਦੀ ਕੋਚਿੰਗ ਵਾਸਤੇ ਲੱਖਾਂ ਰੁਪਏ ਖਰਚੇ ਜਾ ਰਹੇ ਹਨ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਦੇ ਨਾਲ ਨਾਲ ਲੱਖਾਂ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾ ਰਹੀ ਹੈ। 
ਇਸ ਮੌਕੇ ਉਨ੍ਹਾਂ ਨੂੰ ਦਿੱਲੀ ਫੁੱਟਬਾਲ ਕਲੱਬ ਵੱਲੋਂ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਿੰ.ਪਰਵਿੰਦਰ ਸਿੰਘ, ਡੀਐਸਓ ਝੱਲਮਣ ਸਿੰਘ, ਡੀਐਸਪੀ ਜਸਪ੍ਰੀਤ ਸਿੰਘ ,ਐਸ ਐਚ ਓ ਗਗਨਦੀਪ ਸਿੰਘ ਸੇਖੋਂ,ਹਰਨੰਦਨ ਸਿੰਘ ਖਾਬੜਾ, ਮਾਸਟਰ ਬਨਿੰਦਰ ਸਿੰਘ, ਮੈਡਮ ਹੀਨਾ ਬਜਾਜ, ਰਣਜੀਤ ਬਜਾਜ ਅਤੇ ਡਾ.ਪਰਮਪ੍ਰੀਤ ਕੈਂਡੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ, ਤਰਲੋਚਨ ਸਿੰਘ ਸੰਧੂ, ਬੀ ਐਸ ਬਾਗਲਾ, ਜੈਲਦਾਰ ਗੁਰਿੰਦਰ ਸਿੰਘ, ਬਲਜਿੰਦਰ ਮਾਨ, ਗੁਰਪ੍ਰੀਤ ਸਿੰਘ ਬੈਂਸ,ਅਰਵਿੰਦਰ ਸਿੰਘ ਹਵੇਲੀ, ਪ੍ਰਿੰਸੀਪਲ ਗੁਰਾਂ ਦਾਸ,ਚੈਂਚਲ ਸਿੰਘ ਬੈਂਸ, ਪ੍ਰਿੰਸੀਪਲ ਰੋਹਤਾਸ਼, ਪ੍ਰਿੰ. ਸ਼ਿਬੂ ਕੇ ਮੈਥੀਓ, ਰੋਸ਼ਨਜੀਤ ਸਿੰਘ ਪਨਾਮ, ਗੁਰਮੇਲ ਸਿੰਘ ਗਿੱਲ, ਪ੍ਰਿੰਸੀਪਲ ਜਗਮੋਹਣ ਸਿੰਘ, ਆਸਿਮ ਹਸਨ, ਸ਼ਿਰਾਜ ਹਸਨ ਆਦਿ ਸ਼ਾਮਿਲ ਹੋਏ।
        ਇਸ ਮੌਕੇ ਖੇਡ ਪ੍ਰੇਮੀਆਂ ਨਾਲ ਖਚਾ ਖੱਚ ਭਰੇ ਕੋਚ ਅਲੀ ਹਸਨ ਸਟੇਡੀਅਮ ਵਿੱਚ ਦੂਰ ਨੇੜੇ ਦੇ 10 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਖੇਡ ਦਾ ਆਨੰਦ ਮਾਣਿਆ। ਨਗਰ ਪੰਚਾਇਤ ਮਹਿਲਪੁਰ ਦੇ ਚੁਣੇ ਗਏ ਐਮਸੀ, ਸਿੱਖ ਵਿੱਦਿਅਕ ਕੌਂਸਲ ਦੇ ਮੈਂਬਰਾਂਨ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਟਾਫ਼ ਮੈਂਬਰਾਂ ਤੋਂ ਇਲਾਵਾ ਖੇਡ ਸੰਸਥਾਵਾਂ ਦੇ ਮੁਖੀ ਪ੍ਰਬੰਧਕ ਅਤੇ ਖੇਡ ਪ੍ਰੇਮੀ ਹਾਜ਼ਰ ਹੋਏ। ਇਲਾਕੇ ਦੇ ਉੱਘੇ ਫੁੱਟਬਾਲਰਾਂ ਅਤੇ ਖੇਡ ਪ੍ਰਮੋਟਰਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਮਾਹਿਲਪੁਰ ਦੇ ਇਤਿਹਾਸ ਵਿੱਚ ਆਈ ਲੀਗ ਇੱਕ ਨਵੇਂ ਅਧਿਆਏ ਦਾ ਆਰੰਭ ਹੈ ਜਿਸ ਨਾਲ ਮਾਹਿਲਪੁਰ ਦੇ ਫੁੱਟਬਾਲ ਨੂੰ ਹੋਰ ਉੱਚੀਆਂ ਉਡਾਰੀਆਂ ਮਾਰਨ ਲਈ ਖੁੱਲ੍ਹਾ ਅੰਬਰ ਮਿਲੇਗਾ। ਜਿਸ ਵਾਸਤੇ ਪੰਜਾਬ ਸਰਕਾਰ ਅਤੇ ਮਿਨਰਵਾ ਕਲੱਬ ਦੇ ਸੀਈਓ ਰਣਜੀਤ ਬਜਾਜ ਦਾ ਪੂਰਾ ਇਲਾਕਾ ਧੰਨਵਾਦੀ ਹੈ।