
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
ਐਸ ਏ ਐਸ ਨਗਰ, 4 ਅਕਤੂਬਰ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰੂਦੁਆਰਾ ਅਕਾਲੀ ਦਫਤਰ ਖਰੜ ਵਿਖੇ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਦੀ ਮੌਜੂਦਗੀ ਵਿੱਚ ਹੋਈ, ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰੂਦੁਆਰਾ ਅਕਾਲੀ ਦਫਤਰ ਖਰੜ ਵਿਖੇ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਦੀ ਮੌਜੂਦਗੀ ਵਿੱਚ ਹੋਈ, ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕਣਕ ਦੀ ਬਿਜਾਈ ਸਿਰ ਉੱਤੇ ਆ ਗਈ ਅਤੇ ਆਲੂਆਂ ਦੀ ਬਿਜਾਈ ਜੋਰਾਂ ਤੇ ਚਲ ਰਹੀ ਹੈ ਪਰੰਤੂ ਡੀ ਏ ਪੀ ਖਾਦ ਨਾ ਤਾਂ ਸੋਸਾਇਟੀਆਂ ਵਿੱਚ ਮਿਲ ਰਹੀ ਹੈ ਅਤੇ ਨਾ ਹੀ ਮਾਰਕੀਟ ਵਿੱਚ ਮਿਲ ਰਹੀ ਹੈ। ਉਹਨਾਂ ਮੰਗ ਕੀਤੀ ਕਿ ਖਾਦ ਦਾ ਛੇਤੀ ਤੋਂ ਛੇਤੀ ਪ੍ਰਬੰਧ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪਰਾਲੀ ਫੂਕਣ ਤੋਂ ਰੋਕਣ ਲਈ ਕਿਸਾਨਾਂ ਉੱਤੇ ਸਖਤ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਪਰੰਤੂ ਸੁਪਰੀਮ ਕੋਰਟ ਵੱਲੋਂ ਜੋ ਹੁਕਮ ਹੋਇਆ ਹੈ ਕਿ ਕਿਸਾਨਾਂ ਨੂੰ ਪਰਾਲੀ ਫੁਕਣ ਤੋਂ ਰੋਕਣ ਲਈ 2500 ਰੁਪਏ ਮੁਆਵਜਾ ਦਿੱਤਾ ਜਾਵੇ, ਤਰੁੰਤ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ।
ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਆਏ ਹੜਾਂ ਤੋਂ ਜਿਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਹੜ੍ਹ ਗਈਆਂ ਅਤੇ ਰੇਤਾ ਭਰ ਗਿਆ ਉਨ੍ਹਾਂ ਹੜ ਪੀੜਿਤਾਂ ਨੂੰ ਸਰਕਾਰ ਵਲੋਂ ਅੱਜ ਤੱਕ ਕੋਈ ਮੁਆਵਜਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਟੇਜਾਂ ਤੇ ਕਿਹਾ ਜਾਂਦਾ ਰਿਹਾ ਕਿ ਬਿਨਾਂ ਗਿਰਦਾਵਰੀ ਤੋਂ ਮੁਆਵਜਾ ਤੇ ਝੋਨੇ ਦੀ ਟਰਾਲੀ ਦਾ ਡਾਲਾ ਖੋਲਣ ਸਾਰ ਹੀ ਪੇਮੈਂਟ ਖਾਤਿਆਂ ਵਿੱਚ ਆ ਜਾਵੇਗੀ ਪਰੰਤੂ ਅਜਿਹਾ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਖਬਾਰਾਂ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤਾ 5 ਅਕਤੂਬਰ ਤੱਕ ਚੱਕ ਲੈਣ ਪਰੰਤੂ ਇਹਨਾਂ 24 ਘੰਟਿਆਂ ਵਿੱਚ ਕਿਸਾਨ ਕਿਸ ਤਰ੍ਹਾਂ ਪ੍ਰਬੰਧ ਕਰ ਸਕਦੇ ਹਨ।
ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਅਜਿਹਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਜੋ ਸੜਕਾਂ ਟੁੱਟ ਚੁੱਕੀਆਂ ਹਨ, ਉਨ੍ਹਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਕਿਉਂਕਿ ਕਿਸਾਨਾਂ ਨੇ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਜਾਣਾ ਹੈ ਤੇ ਹਰ ਰੋਜ਼ ਅਨੇਕਾਂ ਹਾਦਸੇ ਹੁੰਦੇ ਹਨ।
ਆਗੂਆਂ ਨੇ ਕਿਹਾ ਕਿ ਪਟਵਾਰੀਆਂ ਅਤੇ ਪ੍ਰਸ਼ਾਸ਼ਨ ਦੀ ਖਿਚੋਤਾਣ ਵਿੱਚ ਪਟਵਾਰੀਆਂ ਨੇ ਪਿੰਡਾਂ ਦੇ ਵਾਧੂ ਕਾਰਜ ਛੱਡੇ ਹੋਏ ਹਨ ਇਸ ਲਈ ਨਵੀਂ ਭਰਤੀ ਕਰਕੇ ਪਟਵਾਰੀ ਲਗਾਏ ਜਾਣ ਤਾਂ ਜੋ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।
ਮੀਟਿੰਗ ਦੌਰਾਨ ਹਕੀਕਤ ਸਿੰਘ ਘੰੜੂਆ, ਤਰਲੋਚਨ ਸਿੰਘ ਕਤਿਆਲੀ, ਬਹਾਦਰ ਸਿੰਘ ਨਿਆਮੀਆਂ, ਰਣਜੀਤ ਸਿੰਘ ਬਾਸੀਆਂ, ਗੁਰਜੰਟ ਸਿੰਘ ਪੋਪਨਾ, ਅਜੈਬ ਸਿੰਘ ਘੰੜੂਆਂ, ਹਰਵਿੰਦਰ ਸਿੰਘ ਪੋਪਨਾ, ਜੱਸੀ ਗਿੱਲ ਘੰੜੂਆਂ, ਸੁਰਮੱਖ ਸਿੰਘ ਛੱਜੂਮਾਜਰਾ, ਗੁਰਪ੍ਰੀਤ ਸਿੰਘ ਮਡਿਆਲੀ, ਭੁਪਿੰਦਰ ਸਿੰਘ, ਅਵਤਾਰ ਸਿੰਘ ਛੱਜੂਮਾਜਰਾ, ਗਿਆਨ ਸਿੰਘ ਧੜਾਕ, ਹਰਬਚਨ ਸਿੰਘ ਰੰਗੀਆਂ, ਹਰਦਿਆਲ ਸਿੰਘ ਰੜਿਆਲਾ, ਜਾਗਾ ਸਿੰਘ ਧੜਾਕ, ਜਸਵਿੰਦਰ ਸਿੰਘ ਨਿਆਮੀਆਂ, ਪਰਵਿੰਦਰ ਸਿੰਘ ਛੱਜੂਮਾਜਰਾ, ਹਰਬੰਸ ਸਿੰਘ ਹਾਜ਼ਰ ਸਨ।
