ਪੰਜਾਬ 'ਚ 2 ਤੋਂ ਵੱਧ ਬੱਚੇ ਪੈਦਾ ਕਰਨ 'ਤੇ ਲੱਗੇਗਾ 10 ਲੱਖ ਜੁਰਮਾਨਾ !

ਜਲੰਧਰ ਤੋਂ ਵਿਧਾਇਕ ਬਾਵਾ ਹੈਨਰੀ ਨੇ ਪੰਜਾਬ ਵਿਧਾਨ ਸਭਾ ਵਿੱਚ ‘ਜਨਸੰਖਿਆ ਕੰਟਰੋਲ ਬਿੱਲ 2025’ ਪੇਸ਼ ਕੀਤਾ, ਜਿਸ ਵਿੱਚ 2 ਤੋਂ ਵੱਧ ਬੱਚੇ ਪੈਦਾ ਕਰਨ 'ਤੇ 10 ਲੱਖ ਰੁਪਏ ਜੁਰਮਾਨਾ, ਵੋਟਿੰਗ ਅਧਿਕਾਰ ਅਤੇ ਸਰਕਾਰੀ ਨੌਕਰੀ ਤੇ ਚੋਣਾਂ ਲੜਨ 'ਤੇ ਪਾਬੰਦੀ ਦੀ ਮੰਗ ਕੀਤੀ ਗਈ। ਬਿੱਲ ਵਿੱਚ 2 ਬੱਚਿਆਂ ਵਾਲੇ ਪਰਿਵਾਰਾਂ ਲਈ ਨਕਦ ਇਨਾਮ, ਸਬਸਿਡੀ ਅਤੇ ਕਰਜ਼ਾ ਛੂਟ ਦੀ ਵੀ ਸਿਫਾਰਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਵਧ ਰਹੀ ਜਨਸੰਖਿਆ ਦੇਸ਼ ਦੇ ਵਿਕਾਸ 'ਚ ਰੁਕਾਵਟ ਬਣ ਰਹੀ ਹੈ।

ਜਲੰਧਰ, 6 ਜੁਲਾਈ (ਪੈਗ਼ਾਮ-ਏ-ਜਗ਼ਤ) ਪੰਜਾਬ ਵਿਧਾਨ ਸਭਾ ਵਿੱਚ ਇੱਕ ਇਤਿਹਾਸਕ ਬਿੱਲ ਪੇਸ਼ ਕਰਦਿਆਂ, ਉੱਤਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਆਬਾਦੀ ਕੰਟਰੋਲ ਲਈ ਸਖ਼ਤ ਕਾਨੂੰਨਾਂ ਦੀ ਮੰਗ ਚੁੱਕੀ ਹੈ।

ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਾਵਾ ਦੇ ਸਾਹਮਣੇ ‘ਜਨਸੰਖਿਆ ਕੰਟਰੋਲ ਬਿੱਲ 2025' ਦਾ ਖਰੜਾ ਪੇਸ਼ ਕੀਤਾ, ਜਿਸ ਵਿੱਚ ਵਿਧਾਇਕ ਬਾਵਾ ਹੈਨਰੀ ਨੇ ਮੰਗ ਕੀਤੀ ਕਿ ਨਵੇਂ ਪਰਿਵਾਰਾਂ ਨੂੰ 2 ਤੋਂ ਵੱਧ ਬੱਚੇ ਪੈਦਾ ਕਰਨ 'ਤੇ ਪਾਬੰਦੀ ਲਗਾਈ ਜਾਵੇ। 10 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਜਾਵੇ ਅਤੇ 2 ਤੋਂ ਵੱਧ ਬੱਚੇ ਹੋਣ ਵਾਲੇ ਮਾਪਿਆਂ 'ਤੇ ਵੋਟ ਪਾਉਣ ਦੇ ਅਧਿਕਾਰ ਨੂੰ ਖਤਮ ਕੀਤਾ ਜਾਵੇ। ਇੰਨਾ ਹੀ ਨਹੀਂ, 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਚੋਣਾਂ ਲੜਨ ਅਤੇ ਸਰਕਾਰੀ ਨੌਕਰੀ ਕਰਨ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ 2 ਬੱਚਿਆਂ ਤੱਕ ਸੀਮਤ ਬੀਪੀਐਲ ਪਰਿਵਾਰਾਂ ਨੂੰ ਨਕਦ ਪ੍ਰੋਤਸਾਹਨ ਮਿਲਣੇ ਚਾਹੀਦੇ ਹਨ, ਜਦੋਂ ਕਿ ਆਮ ਪਰਿਵਾਰਾਂ ਨੂੰ ਵੀ ਸਬਸਿਡੀਆਂ, ਟੈਕਸ ਛੋਟਾਂ ਅਤੇ ਆਸਾਨ ਕਰਜ਼ੇ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਜ਼ਮੀਨ ਦੁਨੀਆ ਦੇ ਕੁੱਲ ਖੇਤਰਫਲ ਦਾ ਸਿਰਫ਼ 2.3 ਪ੍ਰਤੀਸ਼ਤ ਹੈ, ਪਰ 17 ਪ੍ਰਤੀਸ਼ਤ ਤੋਂ ਵੱਧ ਆਬਾਦੀ ਇੱਥੇ ਰਹਿੰਦੀ ਹੈ। ਇਸ ਅਸੰਤੁਲਨ ਦਾ ਦੇਸ਼ ਦੀ ਵਿਕਾਸ ਸੰਭਾਵਨਾ 'ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ।