
ਦੁਆਬੇ ਦੇ ਵਿਦਿਆਰਥੀ ਸਾਹਿਤਕਾਰਾਂ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ
ਮਾਹਿਲਪੁਰ- ਤੁਸੀਂ ਲਿਖਦੇ ਜਾਓ ਮੈਂ ਪੁਸਤਕਾਂ ਛਾਪਦਾ ਜਾਵਾਂਗਾ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸਰਪ੍ਰਸਤ ਸੁੱਖੀ ਬਾਠ ਨੇ ਵਿਦਿਆਰਥੀਆਂ ਦੇ ਇੱਕ ਭਰਵੇਂ ਇਕੱਠ ਨੂੰ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਨਵੀਆਂ ਕਲਮਾਂ ਨਵੀਂ ਉਡਾਣ ਦਾ ਮਨੋਰਥ ਪੰਜਾਬੀ ਭਾਸ਼ਾ ਪ੍ਰਤੀ ਨਵੀਂ ਪਨੀਰੀ ਵਿੱਚ ਮੋਹ ਜਾਗ੍ਰਿਤ ਕਰਨਾ ਹੈ ਤਾਂ ਕਿ ਆਉਣ ਵਾਲੇ ਕੱਲ ਨੂੰ ਅੰਮ੍ਰਿਤਾ ਪ੍ਰੀਤਮ ਅਤੇ ਸੰਤ ਸਿੰਘ ਸੇਖੋਂ ਬਣ ਸਕਣ।
ਮਾਹਿਲਪੁਰ- ਤੁਸੀਂ ਲਿਖਦੇ ਜਾਓ ਮੈਂ ਪੁਸਤਕਾਂ ਛਾਪਦਾ ਜਾਵਾਂਗਾ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸਰਪ੍ਰਸਤ ਸੁੱਖੀ ਬਾਠ ਨੇ ਵਿਦਿਆਰਥੀਆਂ ਦੇ ਇੱਕ ਭਰਵੇਂ ਇਕੱਠ ਨੂੰ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਨਵੀਆਂ ਕਲਮਾਂ ਨਵੀਂ ਉਡਾਣ ਦਾ ਮਨੋਰਥ ਪੰਜਾਬੀ ਭਾਸ਼ਾ ਪ੍ਰਤੀ ਨਵੀਂ ਪਨੀਰੀ ਵਿੱਚ ਮੋਹ ਜਾਗ੍ਰਿਤ ਕਰਨਾ ਹੈ ਤਾਂ ਕਿ ਆਉਣ ਵਾਲੇ ਕੱਲ ਨੂੰ ਅੰਮ੍ਰਿਤਾ ਪ੍ਰੀਤਮ ਅਤੇ ਸੰਤ ਸਿੰਘ ਸੇਖੋਂ ਬਣ ਸਕਣ।
ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵਿਦਿਆਰਥੀ ਸਾਹਿਤ ਪ੍ਰੇਮੀ ਬਣ ਜਾਂਦੇ ਹਨ ਉਹ ਆਦਰਸ਼ ਨਾਗਰਿਕ ਵੀ ਬਣਦੇ ਹਨ। ਇਸ ਤਰ੍ਹਾਂ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਨਵੀਂ ਰੌਸ਼ਨੀ ਅਤੇ ਨਰੋਈ ਜ਼ਿੰਦਗੀ ਪ੍ਰਦਾਨ ਕਰ ਰਿਹਾ ਹੈ। ਇਸ ਮੌਕੇ ਦੁਆਬੇ ਦੇ ਚਾਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਦੁਆਰਾ ਰਚੀਆਂ ਪੁਸਤਕਾਂ ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨਾਲ ਜੁੜੇ ਸੰਪਾਦਕ ਅਤੇ ਗਾਈਡ ਅਧਿਆਪਕ ਉਚੇਚੇ ਤੌਰ ਤੇ ਹਾਜ਼ਰ ਹੋਏ।
ਸਾਹਿਤ ਸਿਰਜਣਾ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕਾਂ ਨਾਲ ਨਿਵਾਜਿਆ ਗਿਆ। ਪ੍ਰੋਜੈਕਟ ਇੰਚਾਰਜ ਓੰਕਾਰ ਸਿੰਘ ਤੇਜੇ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮਨੋਰਥ 100 ਪੁਸਤਕਾਂ ਦਾ ਪ੍ਰਕਾਸ਼ਨ ਕਰਨਾ ਹੈ। ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਹਨ ਉੱਥੇ ਇਹ ਪ੍ਰੋਜੈਕਟ ਸ਼ੁਰੂ ਹੋ ਚੁੱਕਾ ਹੈ। ਪਾਕਿਸਤਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸ ਪ੍ਰੋਜੈਕਟ ਤੇ ਕਾਰਜ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦਾ ਸਾਰਾ ਖਰਚਾ ਸ੍ਰੀ ਸੁੱਖੀ ਬਾਠ ਦੁਆਰਾ ਕੀਤਾ ਜਾ ਰਿਹਾ ਹੈ। ਉਹਨਾਂ ਇਸ ਪ੍ਰੋਜੈਕਟ ਨਾਲ ਜੁੜੇ ਅਧਿਆਪਕਾਂ ,ਮਾਪਿਆਂ ਅਤੇ ਵਿਦਿਆਰਥੀਆਂ ਨੂੰ ਹੋਰ ਹਿੰਮਤ ਨਾਲ ਕਾਰਜ ਕਰਨ ਦੀ ਹੱਲਾਸ਼ੇਰੀ ਦਿੱਤੀ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਇਹਨਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਲਿਖਣ ਤੋਂ ਪਹਿਲਾਂ ਵੱਧ ਤੋਂ ਵੱਧ ਪੜ੍ਹਨਾਂ ਚਾਹੀਦਾ ਹੈ ਤਾਂ ਕਿ ਉਹਨਾਂ ਕੋਲ ਸ਼ਬਦ ਭੰਡਾਰ ਅਤੇ ਗਿਆਨ ਵਿਗਿਆਨ ਦਾ ਤਜਰਬਾ ਇਕੱਤਰ ਹੋ ਸਕੇ। ਜਿਹੜੇ ਵਿਦਿਆਰਥੀ ਬਾਲ ਸਾਹਿਤ ਦੀਆਂ ਪੁਸਤਕਾਂ ਤੇ ਰਸਾਲੇ ਪੜ੍ਹਦੇ ਹਨ ਉਹ ਸਿਰਜਣਾ ਵੀ ਵਧੀਆ ਕਰਦੇ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਭਾਸ਼ਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਇਸ ਪ੍ਰੋਜੈਕਟ ਨਾਲ ਸੰਬੰਧਿਤ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਅਜਿਹੇ ਯਤਨ ਸਾਡੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਹੀ ਨਹੀਂ ਕਰਦੇ ਜਦੋਂ ਸਗੋਂ ਸਾਡੇ ਅਸਤਿਤਵ ਨੂੰ ਨਰੋਆ ਵੀ ਬਣਾਉਂਦੇ ਹਨ। ਇਸ ਪ੍ਰੋਜੈਕਟ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਜਿਸ ਵਾਸਤੇ ਸੁੱਖੀ ਬਾਠ ਅਤੇ ਪ੍ਰਬੰਧਕਾਂ ਨੂੰ ਸਭ ਦੀਆਂ ਦੁਆਵਾਂ ਮਿਲ ਰਹੀਆਂ ਹਨ। ਅਸ਼ੋਕ ਮਹਿਰਾ ਨੇ ਖੂਨ ਦਾਨ, ਅੰਗ ਦਾਨ ਅਤੇ ਸਰੀਰ ਦਾਨ ਸਬੰਧੀ ਪ੍ਰਕਾਸ਼ਿਤ ਕੀਤੀ ਜਾ ਰਹੀ ਪੁਸਤਕ ਬਾਰੇ ਜਾਣਕਰੀ ਦਿੰਦਿਆਂ ਕਿਹਾ ਕਿ ਇਸ ਸੰਸਾਰ ਤੋਂ ਛੱਡਣ ਤੋਂ ਬਾਅਦ ਵੀ ਜਿਉਂਦੇ ਰਹਿਣ ਦਾ ਇੱਕੋ ਇੱਕ ਤਰੀਕਾ ਆਪਣੇ ਅੰਗ, ਸਰੀਰ ਜਾਂ ਖੂਨ ਦਾਨ ਕਰਨ ਨਾਲ ਹੀ ਸੰਭਵ ਹੈ।
ਇਸ ਮੌਕੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਿਲ ਪੰਜਾਬੀ ਦੇ ਇੱਕੋ ਇੱਕ ਬਾਲ ਸਾਲੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਵੀ ਜਾਰੀ ਕੀਤਾ ਗਿਆ। ਜਿਸ ਬਾਰੇ ਬੋਲਦਿਆਂ ਸਟੇਟ ਅਵਾਰਡੀ ਟੀਚਰ ਅਜੇ ਕੁਮਾਰ ਖਟਕੜ, ਸਟੇਟ ਅਵਾਰਡੀ ਨਿਤਨ ਸੁਮਨ, ਡਾ. ਕੇਵਲ ਰਾਮ, ਅੰਜੂ ਵ. ਰੱਤੀ, ਰਾਮ ਤੀਰਥ ਪਰਮਾਰ, ਯੰਗ ਅਵਾਰਡੀ ਵੰਧਨਾ ਹੀਰ ਅਤੇ ਜਸਵੀਰ ਸਿੱਧੂ ਨੇ ਕਿਹਾ ਕਿ ਇਹ ਰਸਾਲਾ ਹਰ ਘਰ ਅਤੇ ਹਰ ਸਕੂਲ ਵਿੱਚ ਪੁੱਜਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ। ਮੰਚ ਸੰਚਾਲਨ ਦੀ ਜਿੰਮੇਵਾਰੀ ਕਮਲੇਸ਼ ਕੌਰ ਸੰਧੂ ਨੇ ਸ਼ਾਨਦਾਰ ਸ਼ਬਦਾਂ ਨਾਲ ਨਿਭਾਉਂਦਿਆਂ ਸਭ ਦਾ ਮਨ ਮੋਹੀ ਰੱਖਿਆ।
ਇਸ ਮੌਕੇ ਤਿੰਨਾਂ ਜ਼ਿਲ੍ਹਿਆਂ ਦੇ ਚੋਣਵੇਂ ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ । ਮੌਲਿਕ ਕਵਿਤਾਵਾਂ, ਲੇਖ ਅਤੇ ਕਹਾਣੀਆਂ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਅਹਿਸਾਸ ਕਰਵਾਇਆ ਕਿ ਉਹ ਸੱਚਮੁੱਚ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਾਰਿਸ ਹਨ। ਇਸ ਮੌਕੇ ਰਵਨਜੋਤ ਕੌਰ ਸਿੱਧੂ ,ਮੱਖਣ ਬਖਲੌਰ, ਦੇਸ ਰਾਜ, ਰਾਜੇਸ਼ ਕੁਮਾਰ ਭਗਤ, ਸੀਮਾ ਰਾਣੀ, ਡਾ. ਵੀਨਾ ਅਰੋੜਾ, ਸ਼ਮਾ ਰਾਣੀ, ਅਰਵਿੰਦਰ ਕੌਰ, ਸਰਬਜੀਤ ਕੌਰ, ਬੰਧਨਾ ਸੈਣੀ, ਯੋਗੇਸ਼ ਕੌਲ ਜੋਗੀ, ਗੀਤਾਂਜਲੀ, ਮਾਸਟਰ ਪਰਦੀਪ ਸਿੰਘ ਮੌਜੀ, ਕੇਵਲ ਕੌਰ, ਸੱਤ ਪ੍ਰਕਾਸ਼, ਪਰਮਿਲਾ ਦੇਵੀ, ਹਰਵੀਰ ਮਾਨ, ਸੁਰਿੰਦਰ ਕੌਰ, ਮਨਜਿੰਦਰ ਕੁਮਾਰ, ਸਮੇਤ ਬਹੁ ਗਿਣਤੀ ਵਿੱਚ ਵਿਦਿਆਰਥੀ, ਮਾਪੇ ਅਤੇ ਗਾਈਡ ਟੀਚਰ ਹਾਜ਼ਰ ਹੋਏ।
ਬਾਲ ਸਾਹਿਤ ਦੇ ਉਤਸਵ ਨੂੰ ਸ਼ਾਨਦਾਰ ਰੰਗਤ ਪ੍ਰਦਾਨ ਕਰਨ ਵਿੱਚ ਸਾਹਿਬਾ ਜੀਟਨ ਕੌਰ, ਹਰਜਿੰਦਰ ਸਿੰਘ ਨਿਆਣਾ, ਦਿਲਜੀਤ ਕੌਰ, ਸਿਮਰਤ ਕੌਰ ਅਤੇ ਸੁਖਦੇਵ ਸਿੰਘ ਬੋਹਾਨੀ ਆਦਿ ਨੇ ਅਹਿਮ ਯੋਗਦਾਨ ਪਾਇਆ। ਮੁੱਖ ਸੰਪਾਦਕ ਹਰਜਿੰਦਰ ਸਿੰਘ ਨਿਆਣਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਸਾਡੀ ਸਭ ਦੀ ਜਿੰਮੇਵਾਰੀ ਹੈ ਕਿ ਮਾਤ ਭਾਸ਼ਾ ਪੰਜਾਬੀ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਇਆ ਜਾਵੇ।
