15 ਦਿਨਾਂ ਵਿੱਚ ਕੂੜੇ ਲਈ ਜਗ੍ਹਾ ਨਾ ਦਿੱਤੀ ਤਾਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਫਤਰ ਅੱਗੇ ਹੋਵੇਗਾ ਧਰਨਾ - ਕੁਲਜੀਤ ਸਿੰਘ ਬੇਦੀ

ਐਸ. ਏ. ਐਸ. ਨਗਰ, 13 ਜੂਨ- ਮੁਹਾਲੀ ਵਿੱਚ ਰੋਜ਼ਾਨਾ ਪੈਦਾ ਹੋ ਰਹੇ ਸੈਂਕੜੇ ਟਨ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਨੂੰ ਇੱਕ ਚਿਤਾਵਨੀ ਭਰਿਆ ਪੱਤਰ ਲਿਖਿਆ ਹੈ। ਇਸ ਸੰਬੰਧੀ ਡਿਪਟੀ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਕਾਸ ਸਾਰੰਗਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੱਤਰ ਸੌਂਪਿਆ। ਇਸ ਪੱਤਰ ਰਾਹੀਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਮਾਡਾ ਆਉਂਦੇ 15 ਕੰਮ ਵਾਲੇ ਦਿਨਾਂ ਵਿੱਚ ਮੁਹਾਲੀ ਵਿੱਚ ਕੂੜਾ ਸੁੱਟਣ ਲਈ ਨਗਰ ਨਿਗਮ ਨੂੰ ਜਗ੍ਹਾ ਉਪਲਬਧ ਨਹੀਂ ਕਰਵਾਉਂਦਾ, ਤਾਂ ਉਹ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।

ਪੱਤਰ ਵਿੱਚ ਸ੍ਰੀ ਬੇਦੀ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਪਹਿਲਾਂ ਉਦਯੋਗਿਕ ਖੇਤਰ ਫੇਜ਼ 8-ਬੀ ਦੇ ਨੇੜਲੇ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਿਆ ਜਾਂਦਾ ਸੀ, ਪਰੰਤੂ ਅਦਾਲਤ ਦੀਆਂ ਹਦਾਇਤਾਂ ਕਰਕੇ ਇਸ ਥਾਂ ਨੂੰ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ ਅਤੇ ਨਗਰ ਨਿਗਮ ਦੇ ਆਰ. ਐਮ. ਸੀ. ਪੁਆਇੰਟਾਂ ’ਤੇ ਦਬਾਅ ਵਧ ਰਿਹਾ ਹੈ। ਉਹਨਾਂ ਕਿਹਾ ਕਿ ਖਾਸ ਤੌਰ ’ਤੇ ਸ਼ਾਹੀ ਮਾਜਰਾ ਅਤੇ ਸੈਕਟਰ 77 ਵਿਖੇ ਜੁਝਾਰ ਕਾਲੋਨੀ ਦੇ ਨੇੜੇ ਹਾਲਾਤ ਬਹੁਤ ਮਾੜੇ ਹਨ ਅਤੇ ਪੂਰੇ ਸ਼ਹਿਰ ਵਿੱਚ ਹੀ ਕੂੜੇ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ।
ਉਹਨਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ ਖੇਤਰ ਵਿੱਚ ਨਿਗਮ ਤੋਂ ਇਲਾਵਾ ਗਮਾਡਾ ਅਧੀਨ ਆਉਂਦੇ ਖੇਤਰਾਂ, ਹਾਊਸਿੰਗ ਸੁਸਾਇਟੀਆਂ ਅਤੇ ਬਲੌਂਗੀ ਤੱਕ ਦਾ ਕੂੜਾ ਵੀ ਆ ਰਿਹਾ ਹੈ। ਇਸ ਦੇ ਨਤੀਜੇ ਵਜੋਂ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਕੂੜੇ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ, ਜੋ ਕਿ ਵਾਤਾਵਰਣ ਲਈ ਬਹੁਤ ਗੰਭੀਰ ਚੇਤਾਵਨੀ ਹੈ।
ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਗਮਾਡਾ ਨੇ ਸ਼ਹਿਰ ਦੀ ਅਰਬਾਂ ਰੁਪਏ ਦੀ ਜਾਇਦਾਦ ਵੇਚੀ ਹੈ, ਪਰੰਤੂ ਮੁਹਾਲੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਜ਼ਮੀਨ ਉਪਲਬਧ ਨਹੀਂ ਕਰਵਾਈ ਜਾ ਰਹੀ। ਉਹਨਾਂ ਲਿਖਿਆ ਹੈ ਕਿ ਨਗਰ ਨਿਗਮ ਕੋਲ ਆਪਣੀ ਕੋਈ ਜਾਇਦਾਦ ਨਹੀਂ ਹੈ ਅਤੇ ਸਾਰੀ ਜ਼ਮੀਨ ਗਮਾਡਾ ਦੇ ਅਧੀਨ ਹੈ। ਉਹਨਾਂ ਕਿਹਾ ਕਿ ਗਮਾਡਾ ਆਪਣੀ ਬੁਨਿਆਦੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਰਿਹਾ, ਜਦਕਿ ਬਦਨਾਮੀ ਮੁਹਾਲੀ ਨਗਰ ਨਿਗਮ ਅਤੇ ਕੌਂਸਲਰਾਂ ਦੀ ਹੋ ਰਹੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਮੀਟਿੰਗ ਮੁੱਖ ਪ੍ਰਸ਼ਾਸਨ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਚੀਫ ਇੰਜੀਨੀਅਰ ਤੋਂ ਰਿਪੋਰਟ ਲੈ ਕੇ ਇਹ ਸਮੱਸਿਆ ਦੇ ਹੱਲ ਲਈ ਫੌਰੀ ਤੌਰ ’ਤੇ ਕਦਮ ਚੁੱਕਣਗੇ।