
ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹਿਣਗੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ, ਮਾਲ, ਢਾਬੇ, ਸਿਨੇਮਾ ਹਾਲ ਤੇ ਵਪਾਰਕ ਅਦਾਰੇ: ਡਿਪਟੀ ਕਮਿਸ਼ਨਰ
ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਅਤੇ ਗੁਆਂਢੀ ਮੁਲਕ ਵਿਚਾਲੇ ਵਧੇ ਤਣਾਅ ਕਰਕੇ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਡੇਰੇ ਜਨਤਕ ਹਿੱਤ ਵਿੱਚ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਨੂੰ ਹਰ ਹਾਲ ਪੂਰਨ ਤੌਰ ‘ਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਅਤੇ ਗੁਆਂਢੀ ਮੁਲਕ ਵਿਚਾਲੇ ਵਧੇ ਤਣਾਅ ਕਰਕੇ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਡੇਰੇ ਜਨਤਕ ਹਿੱਤ ਵਿੱਚ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਨੂੰ ਹਰ ਹਾਲ ਪੂਰਨ ਤੌਰ ‘ਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੀਆਂ ਦੁਕਾਨਾਂ, ਸਿਨੇਮਾਘਰ, ਰੈਸਟੋਰੈਂਟ, ਢਾਬੇ, ਬਾਜ਼ਾਰ ਅਤੇ ਹੋਰ ਵਪਾਰਕ ਅਦਾਰੇ ਰਾਤ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰਹਿਣਗੇ। ਇਸ ਤੋਂ ਇਲਾਵਾ ਅੱਜ ਤੋਂ ਜ਼ਿਲ੍ਹੇ ਭਰ ਵਿੱਚ ਰਾਤ 8:30 ਵਜੇ ਤੋਂ ਸਵੇਰੇ 5:30 ਵਜੇ ਤੱਕ ਬਲੈਕਆਊਟ ਲਾਗੂ ਰਹੇਗਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੁਰੱਖਿਆ ਦੇ ਮੱਦੇਨਜ਼ਰ ਘਰਾਂ ਅਤੇ ਵਪਾਰਕ ਅਦਾਰਿਆਂ, ਬਾਜ਼ਾਰਾਂ, ਏਟੀਐਮ ਅਤੇ ਬੈਂਕਾਂ ਦੇ ਬਾਹਰ ਲਾਈਟਾਂ ਬੰਦ ਰੱਖੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜੇਕਰ ਕਿਤੇ ਵੀ ਕਿਸੇ ਨੂੰ ਕੋਈ ਡਰੋਨ ਜਾਂ ਅਣਪਛਾਤੀ ਸਮੱਗਰੀ ਦਿਖਾਈ ਦਿੰਦੀ ਹੈ ਤਾਂ ਤੁਰੰਤ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01823-220545 ਅਤੇ 01823-226192 ਜਾਂ ਪੁਲਿਸ ਕੰਟਰੋਲ ਰੂਮ 01823-226524, 01823-508063 ਜਾਂ ਵਟਸਐਪ ਨੰਬਰ 95646-95646 'ਤੇ ਇਸਦੀ ਸੂਚਨਾ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਪਦਾਰਥ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਇਸਦੀ ਜਾਣਕਾਰੀ ਤੁਰੰਤ ਕੰਟਰੋਲ ਰੂਮਾਂ ਵਿੱਚ ਦਿੱਤੀ ਜਾਵੇ ਕਿਉਂਕਿ ਇਹ ਵਿਸਫੋਟਕ ਸਮਗਰੀ ਵੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਸੰਚਾਰ ਯੋਜਨਾ 'ਤੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਇਸਨੂੰ ਪੂਰੀ ਭਾਵਨਾ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਡੇ ਇਕੱਠ ਅਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ, ਉੱਚੀਆਂ ਇਮਾਰਤਾਂ ਵਿਚ ਵਿਚਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਵਧਾਨੀ ਵਜੋਂ ਸਾਰੇ ਕਦਮ ਚੁੱਕ ਰਿਹਾ ਹੈ ਅਤੇ ਵਸਨੀਕਾਂ ਨੂੰ ਠਰੰਮੇ ‘ਚ ਰਹਿਕੇ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਰੂਰੀ ਵਸਤੂਆਂ ਐਕਟ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ ਦੀ ਧਾਰਾ 163 ਤਹਿਤ ਜ਼ਰੂਰੀ ਵਸਤੂਆਂ ਦੀ ਜਮ੍ਹਾਖੋਰੀ ਅਤੇ ਭੰਡਾਰਨ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਉੱਚੀਆਂ ਇਮਾਰਤਾਂ ਦੇ ਮਾਲਕਾਂ, ਕਿਰਾਏਦਾਰਾਂ ਅਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਮੌਜੂਦਾ ਹਾਲਾਤਾਂ ਅਤੇ ਐਮਰਜੈਂਸੀ ਵਿੱਚ ਚੁੱਕੇ ਜਾਣ ਵਾਲੇ ਰੋਕਥਾਮ ਉਪਾਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ।
