
ਵੈਟਨਰੀ ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਨੂੰ ਪੌਸ਼ਟਿਕਤਾ ਤਕਨਾਲੋਜੀਆਂ ਸੰਬੰਧੀ ਦਿੱਤੀ ਸਿਖਲਾਈ
ਲੁਧਿਆਣਾ 05 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਵੱਲੋਂ ਨਿਰਦੇਸ਼ਾਲਾ ਪਸਾਰ ਸਿੱਖਿਆ ਦੀ ਅਗਵਾਈ ਅਧੀਨ ਪੰਜ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ‘ਡੇਅਰੀ ਕਿਸਾਨਾਂ ਲਈ ਪਸ਼ੂ ਪੌਸ਼ਟਿਕਤਾ ਤਕਨਾਲੋਜੀਆਂ’।
ਲੁਧਿਆਣਾ 05 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਵੱਲੋਂ ਨਿਰਦੇਸ਼ਾਲਾ ਪਸਾਰ ਸਿੱਖਿਆ ਦੀ ਅਗਵਾਈ ਅਧੀਨ ਪੰਜ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ‘ਡੇਅਰੀ ਕਿਸਾਨਾਂ ਲਈ ਪਸ਼ੂ ਪੌਸ਼ਟਿਕਤਾ ਤਕਨਾਲੋਜੀਆਂ’।
ਇਸ ਸਿਖਲਾਈ ਦੇ ਸਮਾਪਨ ਸਮਾਰੋਹ ਦੌਰਾਨ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਡੇਅਰੀ ਫਾਰਮਿੰਗ ਦੇ ਕਿੱਤੇ ਵਿਚ 65 ਪ੍ਰਤੀਸ਼ਤ ਤੋਂ ਵਧੇਰੇ ਖਰਚ ਪਸ਼ੂ ਖੁਰਾਕ ਦਾ ਹੁੰਦਾ ਹੈ। ਇਸ ਲਈ ਆਧੁਨਿਕ ਪਸ਼ੂ ਖੁਰਾਕ ਤਕਨਾਲੋਜੀਆਂ ਅਪਣਾਅ ਕੇ ਅਸੀਂ ਖੁਰਾਕ ਦੇ ਖਰਚੇ ਨੂੰ ਵੱਡੀ ਪੱਧਰ ’ਤੇ ਘਟਾ ਸਕਦੇ ਹਾਂ ਅਤੇ ਇਸ ਕਿੱਤੇ ਨੂੰ ਵਧੇਰੇ ਮੁਨਾਫ਼ੇਯੋਗ ਕਰ ਸਕਦੇ ਹਾਂ। ਇਨ੍ਹਾਂ ਢੰਗਾਂ ਨਾਲ ਨਾ ਸਿਰਫ ਉਤਪਾਦਨ ਵਧਦਾ ਹੈ ਬਲਕਿ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਕੇ ਖੇਤੀਬਾੜੀ ਵਿਭਿੰਨਤਾ ਨੂੰ ਹੁਲਾਰਾ ਵੀ ਮਿਲਦਾ ਹੈ।
ਡਾ. ਜਸਪਾਲ ਸਿੰਘ ਹੁੰਦਲ, ਮੁਖੀ, ਪਸ਼ੂ ਆਹਾਰ ਵਿਭਾਗ ਅਤੇ ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਸਿਖਲਾਈ ਵਿੱਚ ਭਾਸ਼ਣਾਂ ਰਾਹੀਂ ਅਤੇ ਪ੍ਰਯੋਗੀ ਗਿਆਨ ਦਿੱਤਾ ਗਿਆ। ਸਿਖਲਾਈ ਦਾ ਮੁੱਖ ਉਦੇਸ਼ ਸਾਰਾ ਸਾਲ ਸੰਤੁਲਿਤ ਪਸ਼ੂ ਖੁਰਾਕ ਉਪਲਬਧ ਕਰਾਉਣ ਬਾਰੇ ਸਿੱਖਿਅਤ ਕਰਨਾ ਸੀ। ਸਿਖਲਾਈ ਵਿੱਚ ਧਾਤਾਂ ਦੇ ਚੂਰੇ, ਪਸ਼ੂ ਚਾਟ ਅਤੇ ਬਾਈਪਾਸ ਪੋਸ਼ਕ ਤੱਤਾਂ ਬਾਰੇ ਵੀ ਦੱਸਿਆ ਗਿਆ। ਸਿੱਖਿਆਰਥੀਆਂ ਨੂੰ ਚਾਰਾ ਸੰਭਾਲਣ ਦੀਆਂ ਤਕਨੀਕਾਂ ਜਿਨ੍ਹਾਂ ਵਿੱਚ ਅਚਾਰ ਅਤੇ ਹੇਅ ਬਣਾਉਣਾ ਪ੍ਰਮੁੱਖ ਹਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਦੱਸਣਾ ਵਰਣਨਯੋਗ ਹੈ ਕਿ ਇਸ ਵਿਭਾਗ ਨੇ ਪਸ਼ੂ ਖੁਰਾਕ ਸੰਬੰਧੀ ਕਈ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ ਅਤੇ ਪੰਜਾਬ ਦੇ ਵਿਭਿੰਨ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕਾ ਆਧਾਰਿਤ ਧਾਤਾਂ ਦਾ ਚੂਰਾ ਵੀ ਤਿਆਰ ਕੀਤਾ ਹੋਇਆ ਹੈ। ਡਾ. ਗਰੇਵਾਲ ਨੇ ਕਿਸਾਨਾਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਉਹ ਵਿਭਾਗ ਕੋਲੋਂ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਜਾਂ ਬਾਜ਼ਾਰੀ ਖੁਰਾਕ ਦੀ ਜਾਂਚ ਕਰਵਾਉਣ ਦੀ ਸਹੂਲਤ ਦਾ ਜ਼ਰੂਰ ਫਾਇਦਾ ਲੈਣ। ਡਾ. ਜਸਪਾਲ ਸਿੰਘ ਲਾਂਬਾ, ਡਾ. ਉਦੇਬੀਰ ਅਤੇ ਡਾ. ਐਸ ਉਨਿਆਲ ਕੋਰਸ ਸੰਯੋਜਕਾਂ ਨੇ ਕਿਸਾਨਾਂ ਦੀ ਹੌਸਲਾ ਵਧਾਊ ਸ਼ਮੂਲੀਅਤ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਿਸਾਨ ਡੇਅਰੀ ਉਤਪਾਦਨ ਵਧਾਉਣ ਲਈ ਬਹੁਤ ਰੁਚੀ ਰੱਖਦੇ ਸਨ।
