
ਡਾਕਟਰ ਦਾ ਫ਼ਰਜ਼, ਰੋਗਾਂ ਦਾ ਨਾਸ਼, ਸਿਹਤ ਦਾ ਵਿਕਾਸ
ਅੱਜ ਦੇ ਦੌਰ ਵਿਚ, ਜਦੋਂ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਤੱਕ ਵੱਧ ਚੁੱਕਾ ਹੈ, ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਕੇ ਬਿਮਾਰੀਆਂ ਦੀ ਭਰਮਾਰ ਹੈ ਤਾਂ ਡਾਕਟਰ ਅਤੇ ਡਾਕਟਰੀ ਸਹਾਇਤਾ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਡਾਕਟਰ ਇਕ ਮਰੀਜ਼ ਅਤੇ ਉਸਦੇ ਪਰਿਵਾਰ ਲਈ ਭਗਵਾਨ ਦਾ ਦੂਜਾ ਰੂਪ ਹੁੰਦਾ ਹੈ। ਲੋਕ ਉਸ ਕੋਲ ਜ਼ਿੰਦਗੀ ਅਤੇ ਤੰਦਰੁਸਤੀ ਦੀ ਉਮੀਦ ਲੈਕੇ ਆਉਂਦੇ ਹਨ। ਭਾਰਤ ਵਰਗੇ ਵਿਕਾਸਸ਼ੀਲ ਅਤੇ ਵੱਧ ਵਸੋਂ ਵਾਲੇ ਦੇਸ਼ ਵਿਚ ਸਸਤੀਆਂ ਅਤੇ ਕਾਰਗਰ ਸਿਹਤ ਸੇਵਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਡਾ ਦੇਸ਼ ਮੂਲ ਰੂਪ ਵਿਚ ਪਿੰਡਾਂ ਦਾ ਦੇਸ਼ ਹੈ ਜਿਥੇ ਅਜੇ ਵੀ ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ਵਿਚ ਮੱਧ ਵਰਗੀ ਪਰਿਵਾਰਾਂ ਲਈ ਵੀ ਚੰਗੀਆਂ ਸਿਹਤ ਸਹੂਲਤਾਂ ਦਾ ਖ਼ਰਚਾ ਉਠਾਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ।
ਅੱਜ ਦੇ ਦੌਰ ਵਿਚ, ਜਦੋਂ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਤੱਕ ਵੱਧ ਚੁੱਕਾ ਹੈ, ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਕੇ ਬਿਮਾਰੀਆਂ ਦੀ ਭਰਮਾਰ ਹੈ ਤਾਂ ਡਾਕਟਰ ਅਤੇ ਡਾਕਟਰੀ ਸਹਾਇਤਾ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਡਾਕਟਰ ਇਕ ਮਰੀਜ਼ ਅਤੇ ਉਸਦੇ ਪਰਿਵਾਰ ਲਈ ਭਗਵਾਨ ਦਾ ਦੂਜਾ ਰੂਪ ਹੁੰਦਾ ਹੈ। ਲੋਕ ਉਸ ਕੋਲ ਜ਼ਿੰਦਗੀ ਅਤੇ ਤੰਦਰੁਸਤੀ ਦੀ ਉਮੀਦ ਲੈਕੇ ਆਉਂਦੇ ਹਨ। ਭਾਰਤ ਵਰਗੇ ਵਿਕਾਸਸ਼ੀਲ ਅਤੇ ਵੱਧ ਵਸੋਂ ਵਾਲੇ ਦੇਸ਼ ਵਿਚ ਸਸਤੀਆਂ ਅਤੇ ਕਾਰਗਰ ਸਿਹਤ ਸੇਵਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਡਾ ਦੇਸ਼ ਮੂਲ ਰੂਪ ਵਿਚ ਪਿੰਡਾਂ ਦਾ ਦੇਸ਼ ਹੈ ਜਿਥੇ ਅਜੇ ਵੀ ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ਵਿਚ ਮੱਧ ਵਰਗੀ ਪਰਿਵਾਰਾਂ ਲਈ ਵੀ ਚੰਗੀਆਂ ਸਿਹਤ ਸਹੂਲਤਾਂ ਦਾ ਖ਼ਰਚਾ ਉਠਾਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ।
ਕੁਝ ਦਿਨ ਪਹਿਲਾਂ ਕੇਰਲ ਦੇ ਕੁੰਨੂਰ ਸ਼ਹਿਰ ਦੇ ਬਹੁਤ ਹੀ ਸਤਿਕਾਰਤ ਅਤੇ ਸਮਰਪਿਤ ਡਾਕਟਰ ਏ. ਕੇ. ਰਾਇਰੂ ਗੋਪਾਲ ਜੀ ਦੀ ਕਹਾਣੀ ਪੜ੍ਹਨ ਨੂੰ ਮਿਲੀ, ਜਿਨਾਂ ਦਾ ਹੁਣ ਦੇਹਾਂਤ ਹੋ ਚੁੱਕਾ ਹੈ, ਉਨਾਂ ਨੂੰ ਇਲਾਕੇ ਵਿਚ " ਦੋ ਰੁਪਏ ਵਾਲੇ ਡਾਕਟਰ " ਵਜੋਂ ਜਾਣਿਆ ਜਾਂਦਾ ਸੀ। ਡਾ: ਗੋਪਾਲ 80 ਸਾਲ ਦੀ ਉਮਰ ਤੱਕ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ ਆਪਣੇ ਪਿਛੇ ਨਿਰਸਵਾਰਥ ਅਤੇ ਹਮਦਰਦੀ ਦੀ ਵਿਰਾਸਤ ਛੱਡ ਗਏ। ਉਨਾਂ ਨੇ ਤਕਰੀਬਨ 50 ਸਾਲ ਤੱਕ ਸਿਰਫ਼ 2 ਰੁਪਏ ਦੀ ਫੀਸ ਲੈ ਕੇ ਮਰੀਜ਼ਾਂ ਦਾ ਇਲਾਜ ਕੀਤਾ। ਉਨਾਂ ਦੀ ਸੇਵਾਵਾਂ ਗਰੀਬ ਅਤੇ ਪਿਛੜੇ ਵਰਗ ਦੇ ਲੋਕਾਂ ਦੀ ਪਹੁੰਚ ਵਿਚ ਸਨ, ਜਿਥੇ ਉਨਾਂ ਨੇ 18 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ।
ਡਾ: ਗੋਪਾਲ ਨੂੰ ਕੇਰਲ ਪ੍ਰਾਂਤ ਦਾ ਸਭ ਤੋਂ ਉੱਤਮ ਪਰਿਵਾਰਕ ਡਾਕਟਰ ਹੋਣ ਦੇ ਨਾਤੇ, ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਸਨਮਾਨਿਤ ਵੀ ਕੀਤਾ। ਕੇਰਲ ਦੇ ਮੁਖ ਮੰਤਰੀ ਨੇ ਡਾਕਟਰ ਗੋਪਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਉਨਾਂ ਨੂੰ " ਲੋਕਾਂ ਦਾ ਡਾਕਟਰ " ਕਿਹਾ। ਡਾਕਟਰ ਗੋਪਾਲ ਮਰੀਜ਼ਾਂ ਨੂੰ ਵੇਖਣ ਦਾ ਸਿਲਸਿਲਾ ਸਵੇਰੇ 3 ਵਜੇ ਅਰੰਭ ਕਰਦੇ ਸਨ ਤਾਂ ਕਿ ਗਰੀਬ ਦਿਹਾੜੀਦਾਰਾਂ ਅਤੇ ਵਿਦਿਆਰਥੀਆਂ ਦੇ ਰੋਜ਼ਮਰ੍ਹਾਂ ਦੇ ਕੰਮਕਾਜ ਵਿਚ ਕੋਈ ਵਿਘਨ ਨਾ ਪਏ। ਕੋਈ ਮਰੀਜ਼ ਜਦੋ ਇਕ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਵਿਚ ਬੇਵੱਸੀ ਤੇ ਲਾਚਾਰੀ ਦੇ ਨਾਲ ਨਾਲ ਇਕ ਉਮੀਦ ਵੀ ਹੁੰਦੀ ਹੈ।
ਕਿਸੇ ਬਿਮਾਰ ਜਾਂ ਦੁਖੀ ਇਨਸਾਨ ਨੂੰ ਕੋਈ ਰਾਹਤ ਪ੍ਰਦਾਨ ਕਰਨਾ ਸ਼ਾਇਦ ਸਭ ਤੋਂ ਵੱਡਾ ਪੁੰਨ ਹੋ ਸਕਦਾ ਹੈ। ਇਥੇ ਮੈਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਮਹਾਨ ਵਿਗਿਆਨਕ, ਭਾਰਤ ਰਤਨ ਸ਼੍ਰੀ ਏ. ਪੀ. ਜੇ. ਅਬਦੁੱਲ ਕਲਾਮ ਜੀ ਨਾਲ ਜੁੜੀ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਉਨਾਂ ਨੇ ਪੋਲੀਓ ਗ੍ਰਸਤ ਬੱਚਿਆਂ ਨੂੰ ਸਟੀਲ ਤੇ ਲਕੜ ਦੇ ਬਣੇ ਮਸਨੂਈ ਕੈਲੀਪਰ ਪਾ ਕੇ ਚਲਦੇ ਹੋਏ ਵੇਖਿਆ। ਇਹ ਕਮਜ਼ੋਰ ਬੱਚਿਆਂ ਲਈ ਵਜ਼ਨਦਾਰ ਤੇ ਕਸ਼ਟਦਾਇਕ ਸਨ। ਉਸ ਵੇਲੇ ਡਾ: ਕਲਾਮ ਡਿਫੈਂਸ ਰਿਸਰਚ ਐਂਡ ਡਵੈਲਪਮੈਂਟ ਲੈਬਾਰਟਰੀ (ਡੀ. ਆਰ. ਡੀ. ਐਲ ) ਦੇ ਡਾਇਰੈਕਟਰ ਸਨ। ਉਨਾਂ ਨੇ ਆਪਣੀ ਟੀਮ ਨਾਲ ਅਜਿਹੇ ਕੈਲੀਪਰ ਦਾ ਨਿਰਮਾਣ ਕਰਨ ਦੀ ਯੋਜਨਾ ਅਰੰਭੀ ਜੋ ਵਜ਼ਨ ਵਿਚ ਹਲਕੇ, ਮਜ਼ਬੂਤ ਅਤੇ ਟਿਕਾਊ ਹੋਣ। ਉਨਾਂ ਦੇ ਯਤਨਾਂ ਸਦਕਾ ਅਜਿਹੇ ਨਕਲੀ ਅੰਗਾਂ ਦਾ ਨਿਰਮਾਣ ਸ਼ੁਰੂ ਹੋਇਆ ਜੋ ਵਜ਼ਨ ਵਿਚ ਸਿਰਫ਼ 400 ਗ੍ਰਾਮ ਦੇ ਅਤੇ ਰਵਾਇਤੀ ਸਹਾਇਤਾ ਅੰਗਾਂ ਤੋਂ ਕਾਫ਼ੀ ਸਸਤੇ ਸਨ।
ਜਦੋਂ ਡਾਕਟਰ ਕਲਾਮ ਕੋਲੋਂ ਉਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਬਾਰੇ ਸਵਾਲ ਕੀਤਾ ਗਿਆ ਤਾਂ ਉਨਾਂ ਦਾ ਉੱਤਰ ਸੀ ਕਿ ਬੱਚਿਆਂ ਨੂੰ ਉਨਾਂ ਦੀਆਂ ਲੱਤਾਂ 'ਤੇ ਹਲਕੇ ਭਰ ਵਾਲੇ ਪ੍ਰੋਸਥੈਟਿਕ ਪਹਿਨਣ ਤੋਂ ਬਾਅਦ ਮੁਸਕਰਾਉਂਦੇ ਦੇਖਣਾ " ਖੁਸ਼ੀ "ਹੈ। ਡਾ: ਕਲਾਮ ਸਾਹਿਬ ਨੇ ਦੇਸ਼ ਦੇ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਵੱਡੇ ਵਿਗਿਆਨਕ ਤੇ ਖੋਜ ਅਦਾਰਿਆਂ ਦੇ ਮੁਖੀ ਰਹੇ, ਮਿਜ਼ਾਈਲ ਮੈਨ ਦਾ ਖ਼ਿਤਾਬ ਹਾਸਿਲ ਕੀਤਾ, ਦੇਸ਼ ਦੇ ਰਾਸ਼ਟਰਪਤੀ ਬਣੇ, ਪਰ ਉਨਾਂ ਦੀਆਂ ਨਜ਼ਰਾਂ ਵਿਚ ਉਨਾਂ ਲਈ ਖੁਸ਼ੀ ਦੇ ਪਲ, ਪੋਲੀਓ ਨਾਲ ਲਾਚਾਰ ਬੱਚਿਆਂ ਦੇ ਚਿਹਰੇ ਉਪਰ ਮੁਸਕਰਾਹਟ ਵੇਖਣਾ ਸੀ।
ਸਾਡੇ ਦੇਸ਼ ਵਿਚ ਡਾਕਟਰੀ ਪੇਸ਼ਾ ਦਿਨੋਂ ਦਿਨ ਵਪਾਰਕ ਬਣਦਾ ਜਾ ਰਿਹਾ ਹੈ। ਅੱਜ ਇਸ ਨੂੰ ਸੇਵਾ ਭਾਵਨਾ ਵਾਲੇ ਕੰਮ ਦੀ ਥਾਂ ਵੱਧ ਪੈਸੇ ਕਮਾਉਣ ਦਾ ਕਾਰੋਬਾਰ ਸਮਝਿਆ ਜਾਣ ਲੱਗ ਪਿਆ ਹੈ। ਮਾਪੇ ਹਰ ਕੀਮਤ 'ਤੇ ਆਪਣੇ ਬੱਚਿਆਂ ਨੂੰ ਡਾਕਟਰ ਦੇ ਰੂਪ ਵਿਚ ਵੇਖਣਾ ਚਾਹੁੰਦੇ ਹਨ ਤੇ ਇਸ ਉਦੇਸ਼ ਦੀ ਪੂਰਤੀ ਲਈ ਕਾਫ਼ੀ ਜਾਇਜ਼ - ਨਾਜਾਇਜ਼ ਤਰੀਕੇ ਵੀ ਵਰਤੇ ਜਾ ਰਹੇ ਹਨ।
ਪਿਛਲੇ ਸਾਲਾਂ ਵਿਚ NEET ਦੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਇਸ ਅੰਨ੍ਹੀ ਦੌੜ ਦੀ ਸਾਫ਼ ਉਦਾਹਰਣ ਹਨ। ਡਾਕਟਰੀ ਸਿਖਿਆ ਬਹੁਤ ਮਹਿੰਗੀ ਹੈ, ਮੱਧਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਦੇਸ਼ ਦੀ ਜਨਸੰਖਿਆ ਦੇ ਅਨੁਪਾਤ ਵਿਚ ਚੰਗੇ ਸਿਖਿਅਤ ਡਾਕਟਰਾਂ ਦੀ ਕਮੀ ਹੈ। ਇਸੇ ਕਰਕੇ ਵਧੀਆ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਬਹੁਤ ਮਹਿੰਗੀਆਂ ਹਨ। ਭਾਰਤ ਦੇ ਲੋਕਾਂ ਨੂੰ ਜਨਸੰਖਿਆਂ ਦੀ ਅਧਿਕਤਾ ਅਤੇ ਗਰੀਬੀ ਹੋਣ ਦੇ ਕਰਕੇ ਮਹਿਲਾਂ ਵਰਗੇ ਹਸਪਤਾਲਾਂ ਦੀ ਬਜਾਏ ਸਸਤੀਆਂ ਅਤੇ ਹਰ ਇਕ ਦੀ ਪਹੁੰਚ ਵਾਲੀਆਂ ਡਾਕਟਰੀ ਸੇਵਾਵਾਂ ਦੀ ਲੋੜ ਹੈ।
ਅੱਜ ਕਲ ਅਸੀਂ ਰੋਜ਼ਾਨਾ ਅਖਬਾਰਾਂ ਵਿਚ ਮਰੀਜ਼ਾਂ ਦੀ ਲੁੱਟ ਖਸੁੱਟ ਦੀਆਂ ਖ਼ਬਰਾਂ ਪੜ੍ਹਦੇ ਸੁਣਦੇ ਹਾਂ। ਇਹ ਬਹੁਤ ਹੱਦ ਤੱਕ ਸਚਾਈ ਹੈ, ਅੱਜ ਵੱਡੇ ਵੱਡੇ ਮਹਿਲਾਂ ਵਰਗੇ ਹਸਪਤਾਲ ਉਸਾਰੇ ਜਾ ਰਹੇ ਹਨ। ਇਨਾਂ ਦੇ ਰੱਖ ਰਖਾਵ ਉਪਰ ਹਰ ਮਹੀਨੇ ਲੱਖਾਂ ਦਾ ਖਰਚਾ ਆਉਂਦਾ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਤਰਾਂ ਦੇ ਨਜਾਇਜ਼ ਤਰੀਕੇ ਵੀ ਅਪਣਾਏ ਜਾਂਦੇ ਹਨ।
ਟੈਸਟ ਲੈਬਾਰਟਰੀਜ਼, ਦਵਾ ਕੰਪਨੀਆਂ ਨਾਲ ਹਿੱਸਾ ਪੱਤੀ ਤੈਅ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਂ ਤਾਂ ਪਾਰਟ ਟਾਈਮ ਪ੍ਰਾਈਵੇਟ ਹਸਪਤਾਲਾਂ ਵਿਚ ਕੰਮ ਕਰਨ ਜਾਂਦੇ ਹਨ ਜਾਂ ਸਰਕਾਰੀ ਨੌਕਰੀ ਤਿਆਗ ਕੇ ਆਪਣੇ ਨਿੱਜੀ ਹਸਪਤਾਲ ਖੋਲ ਲੈਂਦੇ ਹਨ। ਇਹ ਬਹੁਤ ਦੁਖਦਾਈ ਵਰਤਾਰਾ ਹੈ ਖਾਸ ਤੌਰ ਤੇ ਭਾਰਤ ਵਰਗੇ ਦੇਸ਼ ਵਿਚ ਜਿਥੇ ਬਹੁ ਗਿਣਤੀ ਗਰੀਬ ਤਬਕੇ ਦੀ ਹੈ।
ਭਾਵੇ ਇਹ ਇਕ ਕਾਲਾ ਸੱਚ ਹੈ ਪਰ ਅਜੇ ਵੀ ਸਰਕਾਰੀ ਹਸਪਤਾਲਾਂ ਵਿਚ ਹਜ਼ਾਰਾਂ ਡਾਕਟਰ ਅਜਿਹੇ ਹਨ ਜੋ ਲਗਨ ਅਤੇ ਨਿਰਸਵਾਰਥ ਭਾਵਨਾ ਨਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਹਨ। ਜੇ ਪੀ. ਜੀ. ਆਈ. ਚੰਡੀਗੜ੍ਹ ਦੀ ਹੀ ਗੱਲ ਕਰੀਏ ਤਾਂ ਇਥੇ ਕੰਮ ਕਰਨ ਵਾਲੇ ਡਾਕਟਰ ਅੰਤਰਰਾਸ਼ਟਰੀ ਪੱਧਰ ਦੀਆਂ ਯੋਗਤਾਵਾਂ ਰੱਖਦੇ ਹਨ। ਉਹ ਸਾਰੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੇ ਹਨ। ਉਨਾਂ ਉਪਰ ਲੋਕਾਂ ਦਾ ਇਕ ਯਕੀਨ ਹੈ ਜਿਸ ਕਰਕੇ ਦੂਰ ਦੁਰਾਡੇ ਰਾਜਾਂ ਤੋਂ ਵੀ ਲੋਕੀਂ ਇਥੇ ਇਲਾਜ ਲਈ ਪਹੁੰਚਦੇ ਹਨ। ਮਰੀਜ਼ਾਂ ਤੇ ਉਨਾਂ ਦੇ ਪਰਿਵਾਰਾਂ ਲਈ ਡਾਕਟਰ ਸੱਚਮੁੱਚ ਰੱਬ ਦਾ ਦੂਜਾ ਰੂਪ ਹਨ।
-ਦਵਿੰਦਰ ਕੁਮਾਰ
