
ਸਿਹਤਮੰਦ ਜੀਵਨ ਲਈ ਖੇਡਾਂ ਅਤਿ ਜ਼ਰੂਰੀ: ਕ੍ਰਿਤਿਕਾ ਗੋਇਲ ।
ਨਵਾਂਸ਼ਹਿਰ- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਟਬਾਲ ਮੈਚ ਕਰਵਾਇਆ ਗਿਆ ਜਿਥੇ ਬਲਾਚੌਰ ਦੇ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਸਿਹਤਮੰਦ ਜੀਵਨ ਲਈ ਖੇਡਾਂ ਦੇ ਮਹੱਤਵ ਬਾਰੇ ਦੱਸਿਆ।
ਨਵਾਂਸ਼ਹਿਰ- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਟਬਾਲ ਮੈਚ ਕਰਵਾਇਆ ਗਿਆ ਜਿਥੇ ਬਲਾਚੌਰ ਦੇ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਸਿਹਤਮੰਦ ਜੀਵਨ ਲਈ ਖੇਡਾਂ ਦੇ ਮਹੱਤਵ ਬਾਰੇ ਦੱਸਿਆ।
ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਕਿਹਾ ਕਿ ਖੇਡਾਂ ਨਾਲ ਜੁੜ ਕੇ ਨਾ ਸਿਰਫ਼ ਆਪਣੀ ਸ਼ਖਸ਼ੀਅਤ ਦੇ ਚਹੁੰਮੁਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਸਗੋਂ ਖੇਡਾਂ ਦੇ ਪਾਸਾਰ ਨਾਲ ਨਸ਼ਿਆਂ ਦੀ ਅਲਾਮਤ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਝੋਲੀ ਵਿੱਚ ਬਹੁਤ ਸਾਰੇ ਖਿਡਾਰੀ ਪਾਉਂਦਿਆਂ ਦੁਨੀਆ ਦੇ ਖੇਡ ਨਕਸ਼ੇ ‘ਤੇ ਵੱਖਰੀ ਪਛਾਣ ਕਾਇਮ ਕੀਤੀ ਹੈ ਅਤੇ ਨੌਜਵਾਨ ਪੀੜੀ ਨੂੰ ਵੀ ਪੰਜਾਬ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖੇਡ ਵਿਭਾਗ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਸਮੇਂ ਸਮੇਂ ‘ਤੇ ਖੇਡ ਸਰਗਰਮੀਆਂ ਕਰਵਾਏਗਾ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਖੇਡਾਂ ਨਾਲ ਜੋੜਿਆ ਜਾ ਸਕੇ।
ਪੰਜਾਬ ਸਰਕਾਰ ਵੱਲੋਂ ਇਸ ਸਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਬਾਰੇ ਗੱਲ ਕਰਦਿਆਂ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਕਿਹਾ ਕਿ ਇਸ ਵਾਰ ਬਲਾਕ, ਜਿਲ੍ਹਾ ਅਤੇ ਰਾਜ ਪੱਧਰੀ ਖੇਡਾਂ 03 ਸਤੰਬਰ ਤੋਂ 23 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਹਰ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਲਾਕ ਪੱਧਰੀ ਖੇਡਾਂ 4 ਸਤੰਬਰ ਤੋਂ 12 ਸਤੰਬਰ ਤੱਕ ਵੱਖ-ਵੱਖ ਬਲਾਕਾਂ ਵਿੱਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਬਲਾਕ ਨਵਾਸ਼ਹਿਰ ਵਿੱਚ 04-05 ਸਤੰਬਰ, ਬਲਾਕ ਬਲਾਚੌਰ ਅਤੇ ਸੜੋਆ ਵਿੱਚ 08-09 ਸਤੰਬਰ ਅਤੇ ਬਲਾਕ ਬੰਗਾ ਵਿਖੇ 11-12 ਸਤੰਬਰ ਨੂੰ ਵੱਖ-ਵੱਖ ਉਮਰ ਵਰਗ ਦੀਆਂ ਖੇਡਾਂ ਹੋਣਗੀਆਂ ਜਿਨ੍ਹਾਂ ਵਿੱਚ ਅਥਲੈਟਿਕਸ, ਵਾਲੀਬਾਲ, ਸ਼ੂਟਿੰਗ ਤੇ ਵਾਲੀਬਾਲ ਸ਼ਮੇਸ਼ਿੰਗ, ਕਬੱਡੀ ਸਰਕਲ, ਖੋ-ਖੋ ਸ਼ਾਮਲ ਹਨ।
ਫੁੱਟਬਾਲ ਮੈਚ ਦੌਰਾਨ ਜ਼ਿਲਾ ਖੇਡ ਅਫ਼ਸਰ ਵੰਦਨਾ ਚੌਹਾਨ, ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਫੁੱਟਬਾਲ ਕੋਚ ਜਸਵਿੰਦਰ ਸਿੰਘ ਅਤੇ ਜਸਬੀਰ ਵੀ ਮੌਜੂਦ ਸਨ। ਜ਼ਿਲ੍ਹਾ ਖੇਡ ਅਫ਼ਸਰ ਵਲੋਂ ਬੱਚਿਆ ਅਤੇ ਖਿਡਾਰੀਆਂ ਨੂੰ ਨਸ਼ਿਆ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਪਸੰਦ ਵਾਲੀਆਂ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।
