ਅਮਰ ਸ਼ਹੀਦ ਸਰਦਾਰ ਊਧਮ ਸਿੰਘ ਜੀ

"ਜ਼ਰਾ ਯਾਦ ਕਰੋ ਕੁਰਬਾਨੀ!!" ਪੰਜਾਬ ਭਾਵੇਂ ਖੇਤਰਫ਼ਲ ਜਾਂ ਜਨਸੰਖਿਆ ਦੇ ਲਿਹਾਜ਼ ਨਾਲ ਇਕ ਛੋਟਾ ਸੂਬਾ ਹੈ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਸ ਪ੍ਰਾਂਤ ਦੇ ਲੋਕਾਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਅਤੇ ਬੇ ਮਿਸਾਲ ਹਨ। ਪੰਜਾਬ ਦੀ ਮਿੱਟੀ ਨੇ ਇਥੋਂ ਦੇ ਵਸਨੀਕਾਂ ਨੂੰ ਅਣਖ ਨਾਲ ਜਿਊਣ ਦੀ ਗੁੜ੍ਹਤੀ ਦਿਤੀ ਹੈ। ਪ੍ਰਸਿਧ ਕਵੀ ਪ੍ਰੋ: ਪੂਰਨ ਸਿੰਘ ਜੀ ਦੀ ਕਵਿਤਾ " ਜਵਾਨ ਪੰਜਾਬ ਦੇ " ਦੀਆਂ ਸਤਰਾਂ ਪੰਜਾਬੀਆਂ ਦੇ ਕੁਰਬਾਨੀ ਦੇ ਜਜ਼ਬੇ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ

"ਜ਼ਰਾ ਯਾਦ ਕਰੋ ਕੁਰਬਾਨੀ!!"

ਪੰਜਾਬ ਭਾਵੇਂ ਖੇਤਰਫ਼ਲ ਜਾਂ ਜਨਸੰਖਿਆ ਦੇ ਲਿਹਾਜ਼ ਨਾਲ ਇਕ ਛੋਟਾ ਸੂਬਾ ਹੈ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਸ ਪ੍ਰਾਂਤ ਦੇ ਲੋਕਾਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਅਤੇ ਬੇ ਮਿਸਾਲ ਹਨ। ਪੰਜਾਬ ਦੀ ਮਿੱਟੀ ਨੇ ਇਥੋਂ ਦੇ ਵਸਨੀਕਾਂ ਨੂੰ ਅਣਖ ਨਾਲ ਜਿਊਣ ਦੀ ਗੁੜ੍ਹਤੀ ਦਿਤੀ ਹੈ। ਪ੍ਰਸਿਧ ਕਵੀ ਪ੍ਰੋ: ਪੂਰਨ ਸਿੰਘ ਜੀ ਦੀ ਕਵਿਤਾ " ਜਵਾਨ ਪੰਜਾਬ ਦੇ " ਦੀਆਂ ਸਤਰਾਂ ਪੰਜਾਬੀਆਂ ਦੇ ਕੁਰਬਾਨੀ ਦੇ ਜਜ਼ਬੇ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ

"ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਸਖੋਲਾਂ ਕਰਨ
 ਮਰਨ ਥੀਂ ਨਹੀਂ ਡਰਦੇ।"

ਪੰਜਾਬੀਆਂ ਦੀ ਅਣਖ ਤੇ ਕੁਰਬਾਨੀ ਦੀ ਇਕ ਅਮਰ ਉਦਾਹਰਣ ਦਾ ਅੱਜ ਅਸੀਂ ਜ਼ਿਕਰ ਕਰਾਂਗੇ। ਉਸ ਦਾ ਨਾਂ ਹੈ ਸ਼ਹੀਦ ਊਧਮ ਸਿੰਘ। ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ ਵਿਚ ਪ੍ਰਮੁੱਖ ਨਾਂ, 26 ਦਸੰਬਰ 1899 ਨੂੰ ਪੰਜਾਬ ਦੇ ਛੋਟੇ ਜਹੇ ਕਸਬੇ ਸੁਨਾਮ ਵਿਚ ਜਨਮੇ ਸਰਦਾਰ ਊਧਮ ਸਿੰਘ ਦਾ ਹੈ। ਊਧਮ ਸਿੰਘ ਜਿਨਾਂ ਦਾ ਬਚਪਨ ਵਿਚ ਨਾਂ ਸ਼ੇਰ ਸਿੰਘ ਸੀ ਉਨਾਂ ਦਾ ਪਰਿਵਾਰ ਸਿਆਸੀ ਤੌਰ ਤੇ ਜਾਗਰੂਕ ਸੀ। ਬ੍ਰਿਟਿਸ਼ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਅਤੇ ਅਤਿਆਚਾਰਾਂ ਤੋਂ ਪੂਰਾ ਦੇਸ਼ ਦੁਖੀ ਤੇ ਵਿਦਰੋਹ ਦੀ ਭਾਵਨਾ ਵਿਚੋਂ ਗੁਜ਼ਰ ਰਿਹਾ ਸੀ।
 ਇਸੇ ਦੌਰਾਨ 13 ਅਪ੍ਰੈਲ 1919 ਨੂੰ ਵਿਸਾਖੀ ਦੇ ਮੌਕੇ ਤੇ ਅਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਸ਼ਾਂਤੀਮਈ ਢੰਗ ਨਾਲ ਇਕੱਠੇ ਹੋਏ ਲੋਕਾਂ ਊਪਰ ਅੰਗਰੇਜ਼ੀ ਫੌਜ ਨੇ ਅੰਨੇਵਾਰ ਗੋਲੀਆਂ ਚਲਾ ਕੇ ਸੈਂਕੜੋਂ ਲੋਕਾਂ ਨੂੰ ਸ਼ਹੀਦ ਕਰ ਦਿਤਾ ਤੇ ਹਜ਼ਾਰਾਂ ਲੋਕੀਂ ਬੁਰੀ ਤਰਾਂ ਨਾਲ ਜ਼ਖਮੀ ਹੋ ਗਏ। ਇਸ ਫੌਜੀ ਦਸਤੇ ਦੀ ਅਗਵਾਈ ਬ੍ਰਿਟਿਸ਼ ਕਮਾਂਡਰ ਜਨਰਲ ਰੈਜੀਨਲਡ ਡਾਇਰ ਨੇ ਕੀਤੀ। ਉਸ ਸਮੋਂ ਪੰਜਾਬ ਦੇ ਗਵਰਨਰ ਸਰ ਮਾਇਕਲ ਉਡਵਾਇਰ ਸਨ ਜਿਸ ਨੇ ਜਨਰਲ ਡਾਇਰ ਦੀ ਇਸ ਅਣਮਨੁੱਖੀ ਕਾਰਵਾਈ ਦੀ ਹਮਾਇਤ ਕੀਤੀ ਸੀ।
 ਸਰਦਾਰ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਤਕਰੀਬਨ 21 ਸਾਲ ਬਾਦ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਇਕ ਜਨਤਕ ਮੀਟਿੰਗ ਦੌਰਾਨ, ਮਾਈਕਲ ਉਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿਤਾ। ਊਧਮ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ, ਮੁਕੱਦਮਾ ਚੱਲਿਆ ਤੇ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਪੰਜਾਬ ਦੀ ਧਰਤੀ ਤੇ ਪੈਦਾ ਹੋਏ ਇਸ ਮਹਾਨ ਸਪੂਤ ਨੂੰ ਅੱਜ ਦੇ ਦਿਨ, 31 ਜੁਲਾਈ 1940 ਨੂੰ ਪੈਂਟਨਵਿਲੇ ਜੇਲ ਲੰਡਨ ਵਿਚ ਫ਼ਾਂਸੀ ਦੇ ਦਿਤੀ ਗਈ। ਊਧਮ ਸਿੰਘ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਹੋਇਆ ਸੀ, ਜਿਸ ਵਿਚ ਪਹਿਲੇ ਤਿੰਨ ਸ਼ਬਦ ਪੰਜਾਬ ਦੇ ਤਿੰਨ ਪ੍ਰਮੁੱਖ ਧਰਮਾਂ ਨੂੰ ਦਰਸਾਉਂਦੇ ਹਨ ਅਤੇ ਆਖਰੀ ਸ਼ਬਦ ਉਸਦੀ ਬਸਤੀਵਾਦ ਵਿਰੋਧੀ ਵਿਦਰੋਹ ਦਾ ਪ੍ਰਤੀਕ ਹੈ। 
ਅੱਜ ਦੇਸ਼ ਭਰ ਵਿਚ ਸ਼ਹੀਦ ਊਧਮ ਸਿੰਘ ਜੀ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਵੱਖ ਵੱਖ ਜਥੇਬੰਦੀਆਂ ਵਲੋਂ ਸਮਾਗਮ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਜਨਤਕ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ। ਜੇ ਅਸੀਂ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਕੀ ਸ਼ਹੀਦਾਂ ਦੇ ਜਨਮ ਦਿਨ ਮਨਾ ਲੈਣਾ ਜਾਂ ਸ਼ਹੀਦੀ ਦਿਵਸਾਂ ਉਪਰ ਸਕੂਲ, ਦਫਤਰ ਬੰਦ ਕਰਦੇਣਾ, ਸ਼ਾਮਿਆਨੇ ਲਗਾ ਕੇ ਸਮਾਗਮ ਕਰ ਲੈਣਾ ਹੀ ਕਾਫ਼ੀ ਹੈ? ਸ਼ਾਇਦ ਨਹੀਂ। 
ਸਾਡੇ ਦੇਸ਼ ਲਈ, ਭਰ ਜਵਾਨੀ ਵਿਚ ਜੀਵਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ, ਸਰਦਾਰ ਭਗਤ ਸਿੰਘ, ਰਾਜ ਗੁਰੂ, ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਜੀ ਤੇ ਹੋਰ ਅਨੇਕਾਂ ਜਾਣੇ, ਅਣਜਾਣੇ ਸੂਰਮਿਆਂ ਨੇ ਅਜਿਹੇ ਭਾਰਤ ਤੇ ਅਜਿਹੇ ਪੰਜਾਬ ਦੀ ਸ਼ਾਇਦ ਕਲਪਨਾ ਨਹੀਂ ਕੀਤੀ ਸੀ ਜਿਸ ਵਿਚ ਅੱਜ ਅਸੀਂ ਰਹਿ ਰਹੇ ਹਾਂ। ਉਹ ਲੋਕੀਂ ਬਿਨਾਂ ਕਿਸੇ ਸਵਾਰਥ ਤੋਂ ਸੱਚੇ ਦੇਸ਼ ਭਗਤ ਸਨ ਜਿਨਾਂ ਨੇ ਆਪਣੇ ਪਰਿਵਾਰਾਂ ਤੇ ਨਿੱਜੀ ਹਿੱਤਾਂ ਤੋਂ ਉਪਰ ਹਮੇਸ਼ਾ ਦੇਸ਼ ਹਿੱਤ ਬਾਰੇ ਸੋਚਿਆ। ਉਹ ਜਿਸ ਧਰਤੀ ਮਾਂ ਦੀ ਕੁੱਖ ਵਿਚੋਂ ਪੈਦਾ ਹੋਏ, ਜਵਾਨੀ ਦੀ ਦਹਿਲੀਜ਼ ਤੱਕ ਪਹੁੰਚੇ, ਉਸ ਧਰਤੀ ਖਾਤਰ ਆਪਾ ਕੁਰਬਾਨ ਕਰ ਗਏ। ਇਹੀ ਉਨਾਂ ਦਾ ਸੱਚਾ ਧਰਮ ਤੇ ਭਾਰਤ ਮਾਤਾ ਲਈ ਪਿਆਰ ਸੀ।
ਅੱਜ ਸਾਡੇ ਦੇਸ਼ ਵਿਚ ਕਾਫ਼ੀ ਹੱਦ ਤੱਕ ਫੈਲੀ ਫਿਰਕੂ ਅਸਹਿਣਸ਼ੀਲਤਾ, ਦੇਸ਼ ਭਗਤੀ ਦੇ ਗੀਤਾਂ ਦੇ ਸੁਰਾਂ ਨੂੰ ਮੱਧਮ ਕਰਦੀ ਹੈ। ਥਾਂ ਥਾਂ ਤੋਂ ਬੱਧ ਰਹੀਆਂ ਹਿੰਸਾ, ਚੋਰ ਬਜ਼ਾਰੀ ਅਤੇ ਅਪਰਾਧਾਂ ਦੀਆਂ ਖਬਰਾਂ ਸਾਡੀ ਸੰਜੀਦਾ ਸੋਚ ਨੂੰ ਵਿਆਕੁਲ ਕਰ ਰਹੀਆਂ ਹਨ। ਅਜ ਵੀ ਸਾਨੂੰ ਹਰ ਕਿਸੇ ਦੇ ਮਨ ਅੰਦਰ ਦੇਸ਼ ਪ੍ਰੇਮ ਦੀ ਚਿਣਗ ਪੈਦਾ ਕਰਨ ਦੀ ਲੋੜ ਹੈ। ਸਾਨੂੰ ਇਕੋ ਇਹੋ ਜਹੇ ਸਮਾਜ ਤੇ ਦੇਸ਼ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਉਣ ਦੀ ਲੋੜ ਹੈ ਜਿਥੇ ਸਾਡੇ ਬੱਚਿਆਂ ਤੇ ਨੌਜਵਾਨਾਂ ਲਈ ਇਕ ਸੁਰੱਖਿਅਤ ਭਵਿਖ ਹੋਵੇ। ਭਾਰਤ ਵਿਭਿੰਤਾ ਵਿਚ ਏਕਤਾ ਦੀ ਸੁੰਦਰ ਮਿਸਾਲ ਹੈ। ਸਾਡੀ ਹੋਂਦ ਦੇਸ਼ ਵਿਆਪੀ ਗਸ਼ਟਰਵਾਦੀ ਲਹਿਰ ਵਿਚੋਂ ਉਪਜੀ ਹੈ। ਆਧੁਨਿਕ ਭਾਰਤ ਵਿਚ ਦੇਸ਼ ਭਗਤੀ ਸਮਾਨਤਾ, ਸਤਿਕਾਰ, ਅਤੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਅਧਾਰਿਤ ਹੈ। 
ਅਸੀਂ ਕੁਝ ਦਿਨਾਂ ਬਾਦ ਸੁਤੰਤਰਤਾ ਦਿਵਸ ਮਨਾਵਾਂਗੇ। ਇਸ ਦੀਆਂ ਤਿਆਰੀ ਸ਼ੁਰੂ ਹੋ ਚੁਕੀਆਂ ਹਨ। ਜਿਸ ਤਰਾਂ 15 ਅਗਸਤ 1947 ਤੋਂ ਪਹਿਲਾਂ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਅਣਥੱਕ ਸੰਘਰਸ਼ ਕੀਤਾ, ਉਸੇ ਤਰਾਂ ਹੀ ਅੱਜ ਸਾਡੇ ਦੇਸ਼ ਤੇ ਸਮਾਜ ਵਿਚ ਫੈਲੀਆਂ ਬੁਰਾਈਆਂ ਜਿਵੇਂ ਸਮਾਜਿਕ ਲੁੱਟ - ਖਸੁੱਟ, ਜਮਾਂਖੋਰੀ, ਭ੍ਰਿਸ਼ਟਾਚਾਰ, ਫਿਰਕੂ ਝਗੜੇ ਆਦਿ ਨਾਲ ਵੀ ਉਨੀਂ ਹੀ ਸ਼ਿੱਦਤ ਨਾਲ ਨਜਿੱਠਣ ਦੀ ਲੋੜ ਹੈ, ਜਿੰਨੇ ਦ੍ਰਿੜ ਇਰਾਦੇ ਨਾਲ ਸਾਡੇ ਦੇਸ਼ ਦੇ ਸੂਰਬੀਰਾਂ ਨੇ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਕੀਤਾ ਸੀ।

-ਦਵਿੰਦਰ ਕੁਮਾਰ

- ਦਵਿੰਦਰ ਕੁਮਾਰ