ਮੰਡਿਆਲਾ 'ਚ ਐਲ.ਪੀ.ਜੀ ਟੈਂਕਰ ਧਮਾਕਾ : 2 ਮੌਤਾਂ, 21 ਜ਼ਖਮੀ

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਲਤ ਮੋੜ ਕੱਟਣ ਕਾਰਨ ਜਲੰਧਰ-ਹੁਸ਼ਿਆਰਪੁਰ ਸੜਕ 'ਤੇ ਪਿੰਡ ਮੰਡਿਆਲਾ ਨੇੜੇ ਐਚ.ਪੀ ਪੈਟਰੋਲੀਅਮ ਟੈਂਕਰ ਦੀ ਸਬਜ਼ੀਆਂ ਨਾਲ ਭਰੇ ਮਹਿੰਦਰਾ ਪਿਕਅੱਪ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ 'ਚ ਧਮਾਕਾ ਹੋ ਗਿਆ, ਜਿਸ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਲਤ ਮੋੜ ਕੱਟਣ ਕਾਰਨ ਜਲੰਧਰ-ਹੁਸ਼ਿਆਰਪੁਰ ਸੜਕ 'ਤੇ ਪਿੰਡ ਮੰਡਿਆਲਾ ਨੇੜੇ ਐਚ.ਪੀ ਪੈਟਰੋਲੀਅਮ ਟੈਂਕਰ ਦੀ ਸਬਜ਼ੀਆਂ ਨਾਲ ਭਰੇ ਮਹਿੰਦਰਾ ਪਿਕਅੱਪ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ 'ਚ ਧਮਾਕਾ ਹੋ ਗਿਆ, ਜਿਸ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। 
ਇਸ ਹਾਦਸੇ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 21 ਲੋਕ ਜ਼ਖਮੀ ਹੋ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਉਹ ਖ਼ੁਦ ਵੀ ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਤੇ ਪ੍ਰਸ਼ਾਸਨਿਕ ਅਮਲੇ ਨਾਲ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਸੇ ਤਰ੍ਹਾਂ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਥਾਣਾ ਸਿਟੀ, ਸਦਰ, ਮਾਡਲ ਟਾਊਨ, ਪੁਰਹੀਰਾਂ, ਚੱਬੇਵਾਲ ਅਤੇ ਗੜ੍ਹਦੀਵਾਲਾ ਦੇ ਐਸ.ਐਚ.ਓ ਸਮੇਤ ਹੋਰ ਅਧਿਕਾਰੀਆਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ, ਹੁਸ਼ਿਆਰਪੁਰ ਪਹੁੰਚਾਇਆ ਗਿਆ ਅਤੇ ਗੰਭੀਰ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦੇ ਇਲਾਜ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਸਿਵਲ ਹਸਪਤਾਲ ਪਹੁੰਚ ਗਈ ਹੈ ਅਤੇ ਸਾਰੇ ਜ਼ਖਮੀਆਂ ਦਾ ਪੰਜਾਬ ਸਰਕਾਰ ਦੀ "ਫਰਿਸ਼ਤੇ ਸਕੀਮ" ਤਹਿਤ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਫਾਇਰ ਬ੍ਰਿਗੇਡ ਤੋਂ ਇਲਾਵਾ, ਜਲੰਧਰ, ਕਪੂਰਥਲਾ, ਫਗਵਾੜਾ ਅਤੇ ਆਦਮਪੁਰ ਏਅਰ ਫੋਰਸ ਸਟੇਸ਼ਨ ਤੋਂ ਐਂਬੂਲੈਂਸਾਂ ਅਤੇ ਫਾਇਰ ਇੰਜਣ ਵੀ ਮੌਕੇ 'ਤੇ ਭੇਜੇ ਗਏ ਅਤੇ ਐਸ.ਡੀ.ਆਰ.ਐਫ ਦੀ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ।
ਐਸ.ਐਸ.ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ (2023) ਦੀ ਧਾਰਾ 105 ਅਤੇ 324 (4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਸਥਾਨ ਤੋਂ ਦੂਰ ਰਹਿਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਇਸ ਘਟਨਾ ਨੂੰ ਬਹੁਤ ਦੁਖਦਾਈ ਦੱਸਿਆ ਅਤੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਖਮੀਆਂ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।
ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਐਸ.ਐਮ.ਓ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਕੁੱਲ 23 ਮਰੀਜ਼ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ। ਦੋ ਮਰੀਜ਼ਾਂ ਨੂੰ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ। ਇਸ ਵੇਲੇ ਸਿਵਲ ਹਸਪਤਾਲ ਵਿੱਚ 5 ਮਰੀਜ਼ ਦਾਖਲ ਹਨ। ਇਸ ਤੋਂ ਇਲਾਵਾ 14 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।