
ਸੀ ਪੀ ਆਈ (ਮਾਲੇ) ਵਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਇਨਕਲਾਬੀ ਨਾਟਕਾਂ ਦੀ ਕੀਤੀ ਪੇਸ਼ਕਾਰੀ
ਨਵਾਂਸ਼ਹਿਰ - ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊਡੈਮੋਕ੍ਰੇਸੀ ਵਲੋਂ ਖਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ 'ਤੇ ਫੁੱਲ ਪੱਤੀਆਂ ਭੇਟ ਕਰਨ ਉਪਰੰਤ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਲੋਕਾਂ ਨੂੰ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ।
ਨਵਾਂਸ਼ਹਿਰ - ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊਡੈਮੋਕ੍ਰੇਸੀ ਵਲੋਂ ਖਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ 'ਤੇ ਫੁੱਲ ਪੱਤੀਆਂ ਭੇਟ ਕਰਨ ਉਪਰੰਤ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਲੋਕਾਂ ਨੂੰ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਖੱਟਕੜ ਨੇ ਕਿਹਾ ਲੋਕ ਲਹਿਰਾਂ ਅੱਗੇ ਵੱਡੀਆਂ ਵੱਡੀਆਂ ਜਾਬਰ ਹਕੂਮਤਾਂ ਰੇਤ ਦੀ ਕੰਧ ਦੀ ਤਰ੍ਹਾਂ ਧਾਰਾਸ਼ਾਹੀ ਹੋ ਗਈਆਂ। ਭਾਰਤੀ ਲੋਕਾਂ ਦੀ ਮਿਹਨਤਸ਼ਕਤੀ ਅਤੇ ਦੇਸ਼ ਦੀ ਸੰਪਤੀ ਦੀ ਲੁੱਟ ਕਰ ਰਹੇ ਦੇਸੀ ਵਿਦੇਸ਼ੀ ਕਾਰਪੋਰੇਟ ਭਾਰਤੀ ਲੋਕ ਲਹਿਰਾਂ ਅੱਗੇ ਟਿਕ ਨਹੀਂ ਸਕਦੇ। ਭਾਵੇਂ ਮੋਦੀ ਸਰਕਾਰ ਇਹਨਾਂ ਦੀ ਉਮਰ ਲੰਬੀ ਕਰਨ ਲਈ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਪੂੰਜੀਵਾਦ ਦਾ ਗਹਿਰਾ ਸੰਕਟ ਇਨਕਲਾਬਾਂ ਨੂੰ ਵੀ ਜਨਮ ਦੇ ਸਕਦਾ ਹੈ। ਪੂੰਜੀਵਾਦੀ ਸੰਕਟ ਚੋਂ ਨਿਕਲੀ ਪਹਿਲੀ ਸੰਸਾਰ ਜੰਗ ਵਿਚੋਂ ਰੂਸੀ ਇਨਕਲਾਬ ਨਿਕਲਿਆ ਅਤੇ ਦੂਸਰੀ ਸੰਸਾਰ ਜੰਗ ਵਿਚੋਂ ਚੀਨੀ ਇਨਕਲਾਬ ਨਿਕਲਿਆ। ਸ਼ਹੀਦੇ ਆਜਮ ਸ. ਭਗਤ ਸਿੰਘ ਨੇ ਜਿਸ ਸਾਮਰਾਜਵਾਦ ਨੂੰ ਮੁਰਦਾਬਾਦ ਕਿਹਾ ਸੀ ਇਹ ਸਾਮਰਾਜਵਾਦ ਦਰਅਸਲ ਕਾਗਜ਼ੀ ਬਾਘ ਹੈ। ਯੂਰਪ ਦੇ ਸਾਮਰਾਜੀ ਦੇਸ਼ਾਂ ਵਿਚ ਕਿਸਾਨਾਂ ਮਜਦੂਰਾਂ ਅਤੇ ਮੁਲਾਜਮਾਂ ਦੇ ਵੱਡੇ ਵੱਡੇ ਘੋਲ ਫੁੱਟ ਰਹੇ ਹਨ। ਉਹਨਾਂ ਕਿਹਾ ਕਿ ਕਾਰੋਬਾਰੀਆਂ ਵਲੋਂ ਖ੍ਰੀਦੇ ਗਏ ਇਲੈਕਟਰੋਲ ਬਾਂਡਾਂ ਨੇ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੇ ਚਿਹਰਿਆਂ ਤੋਂ ਨਕਾਬ ਉਤਾਰ ਕੇ ਇਹਨਾਂ ਕਾਰੋਬਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਅਸਲ ਰਿਸ਼ਤਿਆਂ ਦਾ ਸੱਚ ਦੇਸ਼ ਵਾਸੀਆਂ ਸਾਹਮਣੇ ਨੰਗਾ ਕਰ ਦਿੱਤਾ ਹੈ। ਪਾਰਟੀ ਦੇ ਜਿਲਾ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਗੁਰਬਖਸ਼ ਕੌਰ ਸੰਘਾ, ਹਰੀ ਰਾਮ ਰਸੂਲਪੁਰੀ, ਕਮਲਜੀਤ ਸਨਾਵਾ ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਇਸਦੇ ਲਈ ਬਰਾਬਰਤਾ ਵਾਲਾ ਨਵਾਂ ਸਿਆਸੀ-ਆਰਥਿਕ ਢਾਂਚਾ ਉਸਾਰਨ ਲਈ ਇਨਕਲਾਬ ਕਰਨਾ ਪਵੇਗਾ। ਸ਼ਹੀਦ ਭਗਤ ਸਿੰਘ ਦੀ ਸੋਚ ਅਨੁਸਾਰ ਭਾਰਤ ਵਿਚੋਂ ਸਾਮਰਾਜੀਆਂ ਦੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਖਤਮ ਕਰਨੀ ਹੋਵੇਗੀ।ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਦੇ ਨਾਲ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਲਾਇਆ ਸੀ। ਆਗੂਆਂ ਨੇ ਕਿਹਾ ਕਿ ਹਾਕਮਾਂ ਵਲੋਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ ਆਰ ਅੰਬੇਡਕਰ ਨੂੰ ਹਾਈ ਜੈਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਦਕਿ ਸਰਕਾਰਾਂ ਦੀਆਂ ਨੀਤੀਆਂ ਵਿਚ ਇਹਨਾਂ ਦੀ ਸੋਚ ਕਿਧਰੇ ਵੀ ਨਜਰ ਨਹੀਂ ਆਉਂਦੀ।ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਫਾਸ਼ੀਵਾਦੀ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਸਰਕਾਰ ਹੈ। ਜੋ ਇਕ ਤੋਂ ਬਾਅਦ ਇਕ ਸਰਕਾਰੀ ਅਦਾਰੇ ਵੇਚ ਰਹੀ ਹੈ।ਉਹਨਾਂ ਕਿਹਾ ਕਿ ਇਹ ਸਰਕਾਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਵਿਰੋਧੀ ਸਰਕਾਰ ਹੈ। ਮੋਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲਣ ਦਾ ਕੰਮ ਕਰ ਰਹੀ ਹੈ। ਮੋਦੀ ਸਰਕਾਰ ਦਾ ਅਜੰਡਾ ਹਿੰਦੂਆਂ ਵਿਚ ਦਹਿਸ਼ਤ ਦਾ ਮਹੌਲ ਪੈਦਾ ਕਰਕੇ ਉਹਨਾਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੀ ਹੈ। ਮੋਦੀ ਸਰਕਾਰ ਸੰਸਦ ਵਿਚ ਵਿਰੋਧੀ ਪਾਰਟੀਆਂ ਨੂੰ ਬੋਲਣ ਨਹੀਂ ਦੇ ਰਹੀ। ਈ.ਡੀ ਅਤੇ ਸੀ ਬੀ ਆਈ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ ਅਤੇ ਮਜਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਜਬਰ ਦੇ ਸਹਾਰੇ ਦਬਾਉਣ ਲਈ ਯਤਨਸ਼ੀਲ ਹੈ। ਦੇਸ਼ ਵਿਚ ਆਰਥਿਕ ਪਾੜਾ, ਗਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਤੇਜੀ ਨਾਲ ਵਧ ਰਿਹਾ ਹੈ। ਮੋਦੀ ਸਰਕਾਰ ਜਮਹੂਰੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲ ਰਹੀ ਹੈ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਗੱਲਾਂ ਦਾ ਕੜਾਹ ਬਣਾ ਰਹੀ ਹੈ।ਇਹ ਸਰਕਾਰ ਵਿਦਿਆ ਦੇ ਚਾਨਣ ਦੀ ਥਾਂ ਹਨੇਰਾ ਫੈਲਾਅ ਰਹੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਜਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ। ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਉੱਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਮਾਨ ਸਰਕਾਰ ਨੇ 11 ਮਾਰਚ ਨੂੰ ਮਜਦੂਰਾਂ ਦੇ ਰੇਲ ਰੋਕੋ ਅੰਦੋਲਨ ਨੂੰ ਦਬਾਉਣ ਲਈ ਜਾਬਰਾਨਾ ਢੰਗ ਤਰੀਕੇ ਵਰਤੇ।ਸੰਗਰੂਰ ਵਿਚ ਮਜਦੂਰਾਂ ਦੇ ਦਫਤਰ ਅਤੇ ਜਲੰਧਰ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਦਫਤਰ ਤੇ ਛਾਪਾ ਮਾਰਕੇ ਦਫਤਰਾਂ ਦੇ ਸਟਾਫ ਨੂੰ ਗ੍ਰਿਫਤਾਰ ਕੀਤਾ। ਆਗੂਆਂ ਦੇ ਘਰੀਂ ਛਾਪੇਮਾਰੀ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਘਰਾਂ ਵਿਚ ਨਜਰਬੰਦ ਕੀਤਾ। ਜਿਸਨੇ ਮਾਨ ਸਰਕਾਰ ਦਾ ਮਜਦੂਰ ਤੇ ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਇਸ ਮੌਕੇ ਏਕਤਾ ਕਲਾ ਮੰਚ ਲਸਾੜਾ ਵਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।
