
ਮਾਓਵਾਦੀਆਂ ਅਤੇ ਆਦਿਵਾਸੀਆਂ ਦੇ ਕਤਲਾਂ ਵਿਰੁੱਧ ਜਿਲਾ ਪੱਧਰੀ ਕਨਵੈਨਸ਼ਨ
ਨਵਾਂਸ਼ਹਿਰ: 30 ਜੂਨ- ਅੱਜ ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ,ਬੰਗਾ ਰੋਡ ਨਵਾਂਸ਼ਹਿਰ ਵਿਖੇ ਛੱਤੀਸਗੜ੍ਹ ਵਿਚ ਮੋਦੀ ਸਰਕਾਰ ਵਲੋਂ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਕੀਤੇ ਜਾ ਰਹੇ ਕਤਲਾਂ ਵਿਰੁੱਧ ਕਨਵੈਨਸ਼ਨ ਕੀਤੀ ਗਈ।
ਨਵਾਂਸ਼ਹਿਰ: 30 ਜੂਨ- ਅੱਜ ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ,ਬੰਗਾ ਰੋਡ ਨਵਾਂਸ਼ਹਿਰ ਵਿਖੇ ਛੱਤੀਸਗੜ੍ਹ ਵਿਚ ਮੋਦੀ ਸਰਕਾਰ ਵਲੋਂ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਕੀਤੇ ਜਾ ਰਹੇ ਕਤਲਾਂ ਵਿਰੁੱਧ ਕਨਵੈਨਸ਼ਨ ਕੀਤੀ ਗਈ।
ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਬੈਂਸ, ਸਤੀਸ਼ ਕੁਮਾਰ, ਸਤਪਾਲ ਸਲੋਹ, ਸਤਨਾਮ ਸਿੰਘ ਗੁਲਾਟੀ, ਕੁਲਵਿੰਦਰ ਸਿੰਘ ਵੜੈਚ ਨੇ ਕੀਤੀ।ਇਸ ਮੌਕੇ ਕਨਵੈਨਸ਼ਨ ਦੇ ਮੁੱਖ ਵਕਤਾ ਦਲਜੀਤ ਸਿੰਘ ਐਡਵੋਕੇਟ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵਲੋਂ ਛੱਤੀਸਗੜ੍ਹ ਵਿਚ ਆਦਿਵਾਸੀਆਂ ਅਤੇ ਮਾਓਵਾਦੀਆਂ ਉੱਤੇ ਕੀਤੇ ਜਾ ਰਹੇ ਹਮਲਿਆਂ ਦਾ ਅਰਥ ਜਲ, ਜੰਗਲ, ਜ਼ਮੀਨ ਅਤੇ ਕੁਦਰਤੀ ਖਜ਼ਾਨਿਆਂ ਨੂੰ ਦੇਸ਼ੀ-ਬਦੇਸ਼ੀ ਕਾਰਪੋਰੇਟਾਂ ਨੂੰ ਲੁਟਾਉਣਾ ਹੈ।
ਇਸ ਜਬਰ ਅਤੇ ਲੁੱਟ ਵਿਰੁੱਧ ਜੋ ਵੀ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਦਬਾਉਣਾ ਹੈ, ਜੋ ਵੀ ਕਲਮ ਚੱਲਦੀ ਹੈ ਉਸਨੂੰ ਤੋੜਨਾ ਹੈ,ਜੋ ਵੀ ਰਾਏ ਲਾਮਬੰਦ ਹੁੰਦੀ ਹੈ ਉਸ ਉੱਤੇ ਜਬਰ ਦਾ ਕੁਹਾੜਾ ਚਲਾਉਣਾ ਹੈ। ਇਸ ਤਰ੍ਹਾਂ ਕਰਕੇ ਮੋਦੀ ਸਰਕਾਰ ਖੁਦ ਹੀ ਸੰਵਿਧਾਨਕ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਆਪਣੇ ਪੈਰਾਂ ਹੇਠ ਦਰੜ ਰਹੀ ਹੈ।50 ਸਾਲ ਪਹਿਲਾਂ ਦੇਸ਼ ਵਿਚ ਲਾਈ ਗਈ ਐਮਰਜੈਂਸੀ ਦੇ ਦਿਨਾਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਹਾਕਮ ਜਮਾਤਾਂ ਦਾ ਆਰਥਿਕ ਸੰਕਟ ਸੀ ਜਿਸ ਕਾਰਨ ਉਸ ਸਮੇਂ ਇੰਦਰਾ ਗਾਂਧੀ ਦੀ ਸਰਕਾਰ ਨੇ ਦੇਸ਼ ਉੱਪਰ ਐਮਰਜੈਂਸੀ ਠੋਸੀ।
ਅੱਜ ਵੀ ਆਰਥਿਕ ਸੰਕਟ ਵਿਕਰਾਲ ਰੂਪ ਧਾਰ ਚੁੱਕਾ ਹੈ ਅਤੇ ਮੋਦੀ ਸਰਕਾਰ ਫਾਸ਼ੀਵਾਦੀ ਰਾਹ ਉੱਪਰ ਚੱਲ ਰਹੀ ਹੈ।ਉਹਨਾਂ ਕਿਹਾ ਕਿ ਬਸਤਰ, ਆਦਿਵਾਸੀ ਖੇਤਰਾਂ, ਸਮੇਤ ਪੰਜਾਬ ਸਾਡੇ ਮੁਲਕ ਦੇ ਸਮੂਹ ਮਿਹਨਤਕਸ਼ ਲੋਕਾਂ ਖਿਲਾਫ਼ ਤਿੱਖੇ ਕੀਤੇ ਚੌਤਰਫ਼ੇ ਬੋਲੇ ਜਾ ਰਹੇ ਹਨ ।ਉਹਨਾਂ ਕਿਹਾ ਕਿ ਸਾਨੂੰ ਆਰਥਕ, ਸਮਾਜਕ ਮੁੱਦਿਆਂ ਦੇ ਨਾਲ-ਨਾਲ ਜਮਹੂਰੀ ਇਨਕਲਾਬੀ ਰਾਜਨੀਤਕ ਮੁੱਦਿਆਂ ਨੂੰ ਵੀ ਸੰਘਰਸ਼ ਦਾ ਅਧਾਰ ਬਣਾਉਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ , 31 ਮਾਰਚ 2026 ਤੱਕ ਕਮਿਊਲਿਸਟ ਇਨਕਲਾਬੀਆਂ ਨੂੰ ਖਤਮ ਕਰਨ ਦੇ ਐਲਾਨ ਕਰ ਰਿਹਾ ਹੈ। ਮਾਓਵਾਦੀਆਂ, ਆਦਿਵਾਸੀਆਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਅਤੇ ਪੁਲਸ ਮੁਕਾਬਲਿਆਂ ਦੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਸੰਗੀਨ ਅਪਰਾਧਿਕ ਧਾਰਾਵਾਂ ਲਾਕੇ ਲੋਕਾਂ ਨੂੰ ਜੇਹਲਾਂ ਵਿਚ ਸੁੱਟਿਆ ਜਾ ਰਿਹਾ ਹੈ। ਅਮਿਤ ਸ਼ਾਹ ਸ਼ਹਿਰੀ ਨਕਸਲੀਆਂ ਨਾਲ ਸਿੱਝਣ ਦੇ ਐਲਾਨ ਕਰਕੇ ਦੇਸ਼ ਭਰ ਦੇ ਬੁੱਧੀਜੀਵੀਆਂ ਨੂੰ ਧਮਕਾ ਰਿਹਾ ਹੈ।ਉਹਨਾਂ ਕਿਹਾ ਕਿ ਲੁੱਟ ਅਤੇ ਜਬਰ ਵਿਚੋਂ ਹਥਿਆਰਬੰਦ ਘੋਲਾਂ ਦਾ ਫੁੱਟਣਾ ਸਮਾਜਿਕ ਵਰਤਾਰਾ ਹੈ।
ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਅਸ਼ੋਕ ਕੁਮਾਰ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੇ ਕਨਵੀਨਰ ਸਤਪਾਲ ਸਲੋਹ,ਡਾਕਟਰ ਅੰਬੇਡਕਰ ਵੈਲਫੇਅਰ ਟਰਸਟ ਨਵਾਂਸ਼ਹਿਰ ਦੇ ਪ੍ਰਧਾਨ ਸਤੀਸ਼ ਕੁਮਾਰ, ਪ੍ਰੋਫੈਸਰ ਦਿਲਬਾਗ ਸਿੰਘ ,ਸਤਨਾਮ ਸਿੰਘ ਗੁਲਾਟੀ, ਡੀ.ਟੀ.ਐਫ ਦੇ ਸੂਬਾਈ ਆਗੂ ਮੁਕੇਸ਼ ਕੁਮਾਰ,ਮੁਲਾਜ਼ਮ ਆਗੂ ਜਸਵੀਰ ਮੋਰੋਂ ਨੇ ਵੀ ਸੰਬੋਧਨ ਕੀਤਾ।ਸਰਬਜੀਤ ਮੰਗੂਵਾਲ ਅਤੇ ਹਰੀ ਰਾਮ ਰਸੂਲਪੁਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਮੰਚ ਸੰਚਾਲਨ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ ਨੇ ਕੀਤਾ।
