
ਫਿਲਿਸਤੀਨੀ ਲੋਕਾਂ ਦੇ ਕਤਲੇਆਮ ਵਿਰੁੱਧ ਲੁਧਿਆਣਾ ਵਿਖੇ ਰੋਹ ਭਰਪੂਰ ਰੈਲੀ ਤੇ ਮੁਜਾਹਰਾ
ਲੁਧਿਆਣਾ - ਇਜਰਾਇਲ ਵੱਲੋਂ ਫਿਲਿਸਤੀਨ ਦੇ ਲੋਕਾਂ ਦੇ ਕਤਲੇਆਮ ਖਿਲਾਫ ਜਮਹੂਰੀਅਤ ਪਸੰਦ ਸੱਤ ਸਿਆਸੀ ਧਿਰਾਂ ਦੇ ਪੰਜਾਬ ਪੱਧਰੀ ਸੱਦੇ ਤਹਿਤ ਲੁਧਿਆਣਾ ਵਿਖੇ ਰੈਲੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਫਿਲਿਸਤੀਨੀ ਲੋਕਾਂ ਦਾ ਕਤਲੇਆਮ ਤੁਰੰਤ ਬੰਦ ਕੀਤਾ ਜਾਵੇ, ਪੂਰੇ ਫਿਲਿਸਤੀਨੀ ਖਿੱਤੇ ਨੂੰ ਅਜਾਦ ਕੀਤਾ ਜਾਵੇ। ਅਮਰੀਕੀ ਸਾਮਰਾਜ ਨੇ ਕੋਝੇ ਇਰਾਦਿਆਂ ਤਹਿਤ ਫਿਲਿਸਤੀਨੀ ਖਿੱਤੇ ਵਿੱਚ ਇਜਰਾਈਲ ਨਾਂ ਦਾ ਨਾਜਾਇਜ ਦੇਸ਼ ਕਾਇਮ ਕਰਕੇ ਫਿਲਿਸਤੀਨੀ ਕੌਮ ਦਾ ਉਜਾੜਾ ਕੀਤਾ ਗਿਆ ਹੈ।
ਲੁਧਿਆਣਾ - ਇਜਰਾਇਲ ਵੱਲੋਂ ਫਿਲਿਸਤੀਨ ਦੇ ਲੋਕਾਂ ਦੇ ਕਤਲੇਆਮ ਖਿਲਾਫ ਜਮਹੂਰੀਅਤ ਪਸੰਦ ਸੱਤ ਸਿਆਸੀ ਧਿਰਾਂ ਦੇ ਪੰਜਾਬ ਪੱਧਰੀ ਸੱਦੇ ਤਹਿਤ ਲੁਧਿਆਣਾ ਵਿਖੇ ਰੈਲੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਫਿਲਿਸਤੀਨੀ ਲੋਕਾਂ ਦਾ ਕਤਲੇਆਮ ਤੁਰੰਤ ਬੰਦ ਕੀਤਾ ਜਾਵੇ, ਪੂਰੇ ਫਿਲਿਸਤੀਨੀ ਖਿੱਤੇ ਨੂੰ ਅਜਾਦ ਕੀਤਾ ਜਾਵੇ। ਅਮਰੀਕੀ ਸਾਮਰਾਜ ਨੇ ਕੋਝੇ ਇਰਾਦਿਆਂ ਤਹਿਤ ਫਿਲਿਸਤੀਨੀ ਖਿੱਤੇ ਵਿੱਚ ਇਜਰਾਈਲ ਨਾਂ ਦਾ ਨਾਜਾਇਜ ਦੇਸ਼ ਕਾਇਮ ਕਰਕੇ ਫਿਲਿਸਤੀਨੀ ਕੌਮ ਦਾ ਉਜਾੜਾ ਕੀਤਾ ਗਿਆ ਹੈ।
ਫਿਲਿਸਤੀਨ ਦੀ ਮੁਕੰਮਲ ਅਜਾਦੀ ਹੀ ਇਸ ਮਸਲੇ ਦਾ ਪੱਕਾ ਹੱਲ ਹੈ। ਇਜਰਾਈਲ ਦੇਸ਼ ਦਾ ਕੋਈ ਅਧਾਰ ਨਹੀਂ ਹੈ, ਇਹ ਇੱਕ ਨਾਜਾਇਜ ਰੂਪ ਵਿੱਚ ਵਸਾਇਆ ਗਿਆ ਦੇਸ਼ ਹੈ, ਪੂਰੇ ਫਿਲਿਸਤੀਨੀ ਖਿੱਤੇ ਵਿੱਚ ਇੱਕ ਹੀ ਦੇਸ਼ ਬਣਾਇਆ ਜਾਣਾ ਚਾਹੀਦਾ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਂਤੀ ਨਾਲ਼ ਇਕੱਠੇ ਰਹਿ ਸਕਣ। ਮੁਕੰਮਲ ਅਜਾਦੀ ਲਈ ਫਿਲਿਸਤੀਨ ਦੇ ਲੋਕ ਲਗਾਤਾਰ ਸੰਘਰਸ਼ ਲੜ੍ਹ ਰਹੇ ਹਨ ਪਰ ਫਿਲਿਸਤੀਨੀ ਕੌਮੀ ਸੰਘਰਸ਼ ਨੂੰ ਦਹਿਸ਼ਦਗਰਦੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਫਿਲਿਸਤੀਨ ਨੂੰ ਕਬਰਿਸਤਾਨ 'ਚ ਬਦਲਣ ਲਈ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸ਼ਹਿ ਪ੍ਰਾਪਤ ਇਜਰਾਇਲ ਵੱਲੋਂ ਫਿਲਿਸਤੀਨੀ ਲੋਕਾਂ ਦਾ ਉਹਨਾਂ ਦੇ ਆਪਣੇ ਹੀ ਦੇਸ਼ ’ਚੋਂ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਹਮਲੇ ਕੀਤੇ ਜਾ ਰਹੇ ਹਨ ਜਿਸ ਖਿਲਾਫ ਦੁਨੀਆਂ ਭਰ ਵਿੱਚ ਆਵਾਜ਼ ਉਠਾਈ ਜਾ ਰਹੀ ਹੈ।
ਗਾਜ਼ਾ ਵਿੱਚ 21000 ਤੋਂ ਵੱਧ ਲੋਗ ਇਹਨਾਂ ਹਮਲਿਆਂ ਵਿੱਚ ਮਾਰੇ ਗਏ ਹਨ ਅਤੇ 55000 ਦੇ ਕਰੀਬ ਫੱਟੜ ਹੋ ਚੁੱਕੇ ਹਨ; ਮ੍ਰਿਤਕਾਂ ਵਿੱਚੋਂ 70% ਔਰਤਾਂ ਅਤੇ ਬੱਚੇ ਹਨ। ਗਾਜ਼ਾ ਵਿੱਚ ਇਸ ਸਮੇਂ ਘੋਰ ਮਨੁੱਖੀ ਸੰਕਟ ਪੈਦਾ ਹੋ ਚੁੱਕਿਆ ਹੈ ਅਤੇ ਬਿਮਾਰੀਆਂ ਤੇ ਭੁੱਖਮਰੀ ਫੈਲਣ ਦੇ ਕਾਰਨ ਸਥਿਤੀ ਭਿਆਨਕ ਹੈ। ਆਗੂਆਂ ਨੇ ਕਿਹਾ ਕਿ ਸੰਸਾਰ ਭਰ ਦੇ ਜਬਰਦਸਤ ਵਿਰੋਧ ਨੂੰ ਅੱਖੋ ਪਰੋਖੇ ਕਰਨ ਵਾਲੇ ਇਜਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਵੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜਰਾਇਲ ਦੇ ਹੱਕ ਵਿੱਚ ਖਲੋਣ ਦੀ ਜ਼ਬਰਦਸਤ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਕੌਮਾਂਤਰੀ ਮੰਚਾਂ ਉੱਤੇ ਇਜਰਾਈਲ ਖਿਲਾਫ ਸਖਤ ਸਟੈਂਡ ਲਵੇ। ਬੁਲਾਰਿਆਂ ਨੇ ਯੂਕਰੇਨ ਸਮੇਤ ਦੁਨੀਆਂ ਦੇ ਅਨੇਕਾਂ ਇਲਾਕਿਆਂ ਵਿੱਚ ਚਲ ਰਹੇ ਯੁੱਧਾਂ ਨੂੰ ਸਮਾਪਤ ਕਰਕੇ ਸ਼ਾਂਤੀ ਲਈ ਆਵਾਜ਼ ਬੁਲੰਦ ਕੀਤੀ।
ਯੂਕਰੇਨ ਵਿਚ ਵੀ ਚਲ ਰਹੀ ਜੰਗ ਦੇ ਕਾਰਨ ਲੱਖਾਂ ਲੋਕ ਉਜੜ ਗਏ ਹਨ ਤੇ ਰਿਪੋਰਟਾਂ ਮੁਤਾਬਕ ਡੇਢ ਲੱਖ ਦੇ ਕਰੀਬ ਰੂਸ ਤੇ ਯੂਕਰੇਨ ਦੋਨਾਂ ਦੇ ਫੌਜੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੇ ਆਪਣੇ ਭੂ-ਰਾਜਨੀਤਿਕ, ਆਰਥਿਕ ਅਤੇ ਫੌਜੀ ਹਿੱਤ ਹਨ, ਜਿਸ ਕਾਰਨ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਜੰਗਬੰਦੀ ਦੇ ਮਤੇ ਦਾ ਸਮਰਥਨ ਨਹੀਂ ਕਰ ਰਹੇ ਹਨ ਅਤੇ ਔਰਤਾਂ ਅਤੇ ਬੱਚਿਆਂ ਦੀ ਮੌਤ 'ਤੇ ਸਿਰਫ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਹਨ। ਸੰਸਾਰ ਭਰ ਦੇ ਆਮ ਲੋਕਾਂ ਨੂੰ ਇਸ ਵਿੱਚ ਵੱਡੀ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਅਸੀਂ ਪਹਿਲਾਂ ਹੀ ਦੁਨੀਆ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੇਖੇ ਹਨ। ਬੁਲਾਰਿਆਂ ਨੇ ਭਾਰਤ ਅੰਦਰ ਫਿਲਿਸਤੀਨ ਬਹਾਨੇ ਮੁਸਲਮਾਨਾਂ ਖਿਲਾਫ਼ ਭਾਜਪਾ-ਆਰ.ਐਸ.ਐਸ. ਦੀ ਨਫਰਤੀ ਮੁਹਿੰਮ ਦੀ ਸਖਤ ਨਿੰਦਾ ਕੀਤੀ ਅਤੇ ਫਿਰਕੂ ਸਦਭਾਵਨਾ ਦਾ ਮਾਹੌਲ ਬਣਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਦੁਖਦਾਈ ਗੱਲ ਹੈ ਕਿ ਫਿਰਕੂ ਅਨਸਰਾਂ ਵੱਲੋਂ ਸਦੀਆਂ ਬੱਧੀ ਸਦਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹਿੰਸਾ ਦੇ ਮਾਹੌਲ ਨੂੰ ਵਧਾਇਆ ਜਾ ਰਿਹਾ ਹੈ। ਇਸ ਮੌਕੇ ਮੁਕਤੀ ਸੰਗਰਾਮ ਮਜਦੂਰ ਮੰਚ ਵੱਲੋਂ ਲਖਵਿੰਦਰ, ਸੀ.ਪੀ.ਆਈ. ਵੱਲੋਂ ਡਾ. ਅਰੁਣ ਮਿੱਤਰਾ, ਆਰ.ਐਮ.ਪੀ.ਆਈ. ਵੱਲੋਂ ਜੈ ਪਾਲ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਕੰਵਲਜੀਤ ਖੰਨਾ ਤੇ ਹੋਰਾਂ ਨੇ ਸੰਬੋਧਨ ਕੀਤਾ।
