ਸੀ.ਆਈ.ਏ. ਸਟਾਫ ਵੱਲੋਂ ਨਾਜਾਇਜ਼ ਹਥਿਆਰ ਸਮੇਤ ਪ੍ਰਾਪਰਟੀ ਡੀਲਰ ਕਾਬੂ

ਐਸ.ਏ.ਐਸ. ਨਗਰ, 31 ਮਈ- ਮੁਹਾਲੀ ਪੁਲੀਸ ਦੇ ਸੀ.ਆਈ.ਏ. ਸਟਾਫ ਵੱਲੋਂ ਬਲਟਾਣਾ-ਰਾਏਪੁਰ ਰੋਡ ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਮਨਦੀਪ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ, ਚੰਡੀਗੜ੍ਹ ਦੇ ਦਫਤਰ ਵਿੱਚ ਛਾਪਾ ਮਾਰ ਕੇ ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ 5 ਰੌਂਦ ਬਰਾਮਦ ਕੀਤੇ ਹਨ।

ਐਸ.ਏ.ਐਸ. ਨਗਰ, 31 ਮਈ- ਮੁਹਾਲੀ ਪੁਲੀਸ ਦੇ ਸੀ.ਆਈ.ਏ. ਸਟਾਫ ਵੱਲੋਂ ਬਲਟਾਣਾ-ਰਾਏਪੁਰ ਰੋਡ ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਮਨਦੀਪ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ, ਚੰਡੀਗੜ੍ਹ ਦੇ ਦਫਤਰ ਵਿੱਚ ਛਾਪਾ ਮਾਰ ਕੇ ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ 5 ਰੌਂਦ ਬਰਾਮਦ ਕੀਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਸੌਰਵ ਜਿੰਦਰ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ.ਐਸ.ਪੀ. ਸ੍ਰੀ ਹਰਮਨਦੀਪ ਸਿੰਘ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲੀਸ ਪਾਰਟੀ ਬਲਟਾਣਾ ਚੌਂਕੀ ਨੇੜੇ ਮੌਜੂਦ ਸੀ ਅਤੇ ਇਸ ਦੌਰਾਨ ਸੀ.ਆਈ.ਏ. ਸਟਾਫ ਦੇ ਏ.ਐਸ.ਆਈ. ਜਤਿੰਦਰ ਸਿੰਘ ਨੂੰ ਮੁਖਬਰ ਦੀ ਇਤਲਾਹ ਮਿਲੀ ਕਿ ਮਨਦੀਪ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ, ਚੰਡੀਗੜ੍ਹ, ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਉਸ ਕੋਲ ਨਾਜਾਇਜ਼ ਹਥਿਆਰ ਹੈ। ਇਹ ਵੀ ਇਤਲਾਹ ਮਿਲੀ ਕਿ ਮਨਦੀਪ ਸਿੰਘ ਨੇ ਬਲਟਾਣਾ-ਰਾਏਪੁਰ ਰੋਡ ਤੇ ਪ੍ਰਾਪਰਟੀ ਡੀਲਰ ਦਾ ਦਫਤਰ ਖੋਲ੍ਹਿਆ ਹੋਇਆ ਹੈ ਅਤੇ ਉਹ ਆਪਣੇ ਨਾਜਾਇਜ਼ ਹਥਿਆਰ ਸਮੇਤ ਆਪਣੇ ਦਫਤਰ ਵਿੱਚ ਮੌਜੂਦ ਹੈ ਅਤੇ ਉੱਥੇ ਛਾਪਾ ਮਾਰਿਆ ਜਾਵੇ ਤਾਂ ਉਸ ਤੋਂ ਨਾਜਾਇਜ਼ ਹਥਿਆਰ ਬਰਾਮਦ ਹੋ ਸਕਦਾ ਹੈ।
ਉਹਨਾਂ ਦੱਸਿਆ ਕਿ ਪ੍ਰਾਪਤ ਸੂਚਨਾ ਦੇ ਅਧਾਰ ਤੇ ਮਨਦੀਪ ਸਿੰਘ ਵਿਰੁੱਧ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਥਾਣਾ ਜ਼ੀਰਕਪੁਰ ਵਿੱਚ ਮਾਮਲਾ ਦਰਜ ਕਰਕੇ ਉਸ ਦੇ ਦਫਤਰ ਬਲਟਾਣਾ-ਰਾਏਪੁਰ ਰੋਡ ਤੋਂ ਗ੍ਰਿਫਤਾਰ ਕਰਕੇ ਉਸ ਤੋਂ .32 ਬੋਰ ਦੀ ਇੱਕ ਨਾਜਾਇਜ਼ ਪਿਸਤੌਲ ਅਤੇ 5 ਰੌਂਦ (ਜਿੰਦਾ) ਬਰਾਮਦ ਕੀਤੇ ਗਏ।
ਉਹਨਾਂ ਦੱਸਿਆ ਕਿ ਮਨਦੀਪ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ, ਦੀ ਉਮਰ ਕਰੀਬ 35 ਸਾਲ ਹੈ। ਉਹ 10ਵੀਂ ਕਲਾਸ ਪਾਸ ਹੈ ਅਤੇ ਸ਼ਾਦੀਸ਼ੁਦਾ ਹੈ। ਮਨਦੀਪ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਪਰ ਇਸ ਦਾ ਭਰਾ ਹਰਦੀਪ ਸਿੰਘ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਭਾ ਜੇਲ ਵਿੱਚ ਬੰਦ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਪੁਲੀਸ ਰਿਮਾਂਡ ਅਧੀਨ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਾਜਾਇਜ਼ ਪਿਸਤੌਲ ਕਿਸ ਪਾਸੋਂ, ਕਿਸ ਮਕਸਦ ਲਈ ਖਰੀਦ ਕਰਕੇ ਲਿਆਇਆ ਸੀ।