ਨਸ਼ਾ ਮੁਕਤੀ ਯਾਤਰਾ: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜੀਰਕਪੁਰ ਦੇ ਵੱਖ ਵੱਖ ਵਾਰਡਾਂ ਵਿੱਚ ਕੀਤੀ ਗਈ ਨਸ਼ਾ ਮੁਕਤੀ ਯਾਤਰਾ

ਜ਼ੀਰਕਪੁਰ (ਐੱਸ.ਏ.ਐੱਸ ਨਗਰ) 24 ਜੁਲਾਈ, 2025: ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਡੇਰਾਬਸੀ ਨੂੰ ਨਸ਼ਾ ਮੁਕਤ ਕਰਨ ਲਈ ਜ਼ੀਰਕਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਆਰੰਭੀ ਹੋਈ ਹੈ। ਨਸ਼ਾ ਮੁਕਤੀ ਯਾਤਰਾ ਹੁਣ ਪਿੰਡਾਂ ਤੋਂ ਬਾਅਦ ਸ਼ਹਿਰਾਂ ਦੇ ਵਾਰਡਾਂ ਵਿੱਚ ਚਲ ਰਹੀ ਹੈ

ਜ਼ੀਰਕਪੁਰ (ਐੱਸ.ਏ.ਐੱਸ ਨਗਰ) 24 ਜੁਲਾਈ, 2025: ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਡੇਰਾਬਸੀ ਨੂੰ ਨਸ਼ਾ ਮੁਕਤ ਕਰਨ ਲਈ ਜ਼ੀਰਕਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਆਰੰਭੀ ਹੋਈ ਹੈ। ਨਸ਼ਾ ਮੁਕਤੀ ਯਾਤਰਾ ਹੁਣ ਪਿੰਡਾਂ ਤੋਂ ਬਾਅਦ ਸ਼ਹਿਰਾਂ ਦੇ ਵਾਰਡਾਂ ਵਿੱਚ ਚਲ ਰਹੀ ਹੈ, ਇਸੇ ਲੜੀ ਤਹਿਤ ਜ਼ੀਰਕਪੁਰ ਦੇ ਵਾਰਡ ਨੰ: 1 ਤੋਂ 4 ਤੱਕ, ਰਾਮ ਲੀਲਾ ਗਰਾਊਂਡ, ਪੀਰ ਬਾਬਾ ਰੋਡ, ਬਲਟਾਣਾ ਵਿਖੇ ਅਤੇ ਜ਼ੀਰਕਪੁਰ ਦੇ ਵਾਰਡ ਨੰ: 27 ਤੋਂ 30 ਤੱਕ, ਕਮਿਊਨਿਟੀ ਸੈਂਟਰ, ਨੇੜੇ ਗੁੱਗਾ ਮਾੜੀ, ਭਬਾਤ, ਜੀਰਕਪੁਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਯਾਤਰਾਵਾਂ ਸਮੇਂ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਾਉਂਦੇ ਹੋਏ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਦੀ ਸਹੁੰ ਚੁਕਾਈ ਗਈ।
ਵਿਧਾਇਕ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸਰਕਾਰ ਦੀ ਲੋਕਾਂ ਪ੍ਰਤੀ ਵਚਨਬੱਧਤਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ 100 ਫੀਸਦੀ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਇਸ ਮੁਹਿੰਮ ਦੇ ਹੁਣ ਤੱਕ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਜਿਸ ਢੰਗ ਨਾਲ ਪੰਜਾਬ ਦੇ ਸਾਰੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ 'ਚ ਵਿਆਪਕ ਪੱਧਰ 'ਤੇ ਇਸ ਮੁਹਿੰਮ ਨੂੰ ਸਫਲਤਾ ਦਾ ਜਾਮਾ ਪਹਿਨਾਇਆ ਜਾ ਰਿਹਾ ਹੈ।
 ਉਸ ਤੋਂ ਇਹ ਪੂਰੀ ਆਸ ਬੱਝ ਰਹੀ ਹੈ ਕਿ ਨਿਰਧਾਰਤ ਸਮੇਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੀਲ ਪੱਥਰ ਕਾਇਮ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨਾਗਰਿਕ ਕੋਲ ਕਿਸੇ ਨਸ਼ਾ ਤਸਕਰ ਬਾਰੇ ਪੁਖਤਾ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਜਾਂ ਫਿਰ ਪੁਲਸ ਨੂੰ ਇਸ ਬਾਰੇ ਸੂਚਨਾ ਦੇ ਸਕਦਾ ਹੈ ਅਤੇ ਇਸ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।