
ਮਾਈਨਿੰਗ ਮਾਫ਼ੀਆ ਵਲੋਂ ਨਾਜਾਇਜ਼ ਮਾਈਨਿੰਗ ਕਰਕੇ ਸਰਕਾਰ ਦੇ ਅਕਸ ਲਾਈ ਜਾ ਰਹੀ ਹੈ ਢਾਹ
ਨਵਾਂਸ਼ਹਿਰ, 26 ਮਾਰਚ- ਜਿੱਥੇ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਪੀਲੇ ਪੰਜੇ ਦੀ ਵੱਡੇ ਪੱਧਰ ਤੇ ਸੂਬੇ 'ਚ ਵਰਤੋਂ ਸ਼ੁਰੂ ਕੀਤੀ ਹੋਈ ਹੈ ਉੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਵਾਂਸ਼ਹਿਰ ਤਹਿਸੀਲ 'ਚ ਹੁੰਦੀ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਨੇ ਸਰਕਾਰ ਦੇ ਅਕਸ ਨੂੰ ਵੱਡੇ ਪੱਧਰ ਤੇ ਢਾਹ ਲਾਈ ਹੈ |
ਨਵਾਂਸ਼ਹਿਰ, 26 ਮਾਰਚ- ਜਿੱਥੇ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਪੀਲੇ ਪੰਜੇ ਦੀ ਵੱਡੇ ਪੱਧਰ ਤੇ ਸੂਬੇ 'ਚ ਵਰਤੋਂ ਸ਼ੁਰੂ ਕੀਤੀ ਹੋਈ ਹੈ ਉੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਵਾਂਸ਼ਹਿਰ ਤਹਿਸੀਲ 'ਚ ਹੁੰਦੀ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਨੇ ਸਰਕਾਰ ਦੇ ਅਕਸ ਨੂੰ ਵੱਡੇ ਪੱਧਰ ਤੇ ਢਾਹ ਲਾਈ ਹੈ |
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸੱਤਾ ਤੇ ਕਾਬਜ ਹੁੰਦਿਆਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਨਾਜਾਇਜ਼ ਮਾਈਨਿੰਗ ਨੂੰ ਹਰ ਹਾਲਤ ਵਿਚ ਨੱਥ ਪਾਈ ਜਾਵੇਗੀ ਪਰ ਸਰਕਾਰ ਦਾ ਉਹ ਦਾਅਵਾ ਕੂਕਰ ਦੀ ਸੀਟ੍ਹੀ ਵਾਂਗ ਫੁੱਸ ਹੋਕੇ ਰਹਿ ਗਿਆ ਤੇ ਨਾਜਾਇਜ਼ ਮਾਈਨਿੰਗ ਚੋਰ ਧੜੱਲੇ ਨਾਲ ਮਾਈਨਿੰਗ ਕਰ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ਮਸ਼ ਪੁਰ 'ਚ ਕਈ ਦਿਨਾਂ ਤੋਂ ਰਾਤ ਸਮੇਂ ਟਰਾਲੀਆਂ ਰਾਹੀਂ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ, ਜਦੋਂ ਕੋਈ ਰੋਕ ਟੋਕ ਨਾ ਹੋਈ ਤਾਂ ਕੁੱਝ ਦਿਨਾਂ ਤੋਂ ਸ਼ਮਸ਼ ਪੁਰ ਵਾਲੇ ਮਾਈਨਿੰਗ ਚੋਰ ਦੇ ਨਜ਼ਦੀਕੀ ਰਿਸ਼ਤੇਦਾਰ ਵਲੋਂ ਪਿੰਡ ਤਲਵੰਡੀ ਸੀਬੂ 'ਚ ਇਹ ਗੋਰਖਧੰਦਾ ਸ਼ੁਰੂ ਕਰ ਦਿੱਤਾ ਗਿਆ ਜਿਹੜਾ ਕਿ ਬੇਰੋਕਟੋਕ ਲਗਾਤਾਰ ਜਾਰੀ ਹੈ |
ਇਸ ਸਮੇਂ ਇਕ ਰੇਤ ਦੀ ਟਰਾਲੀ ਰੇਟ 5 ਹਜ਼ਾਰ ਰੁਪਏ ਵੇਚਕੇ ਆਮ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ | ਇੱਥੇ ਹੀ ਬੱਸ ਨਹੀਂ ਪਿੰਡ ਰਤਨਾਣਾ ਜਿਸ ਦੀ ਜ਼ਮੀਨ ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਦੇ ਪਾਰ ਜੋ ਕਿ ਹਲਕਾ ਨਵਾਂਸ਼ਹਿਰ 'ਚ ਪੈਂਦਾ ਹੈ ਅਤੇ ਉੱਥੇ ਜਾਣ ਵਾਸਤੇ ਲੁਧਿਆਣਾ ਜਿਲ੍ਹੇ ਦੇ ਪਿੰਡਾਂ ਵਿਚ ਦੀ ਨਿੱਕਲਕੇ ਜਾਣਾ ਪੈਂਦਾ ਹੈ, ਜਿਹੜਾ ਕਿ ਹਾਦੀਵਾਲ ਪਿੰਡ ਦੀ ਬੰਨ੍ਹ ਨੂੰ ਮਿਲਦੀ ਸੜ੍ਹਕ ਦੇ ਬਿਲਕੁਲ ਸਾਹਮਣੇ 4 ਦਿਨ ਤੋਂ ਵੱਡੇ ਪੱਧਰ ਤੇ ਨਾਜਾਇਜ਼ ਮਾਈਨਿੰਗ ਵੱਡੇ ਪੱਧਰ ਤੇ ਸ਼ੁਰੂ ਕੀਤੀ ਗਈ ਹੈ, ਜਿੱਥੇ ਭਰੋਸੇਯੋਗ ਸੂਤਰਾਂ ਅਨੁਸਾਰ ਪਹਿਲੇ ਦਿਨ 70 ਟਿੱਪਰ ਤੇ 25 ਟਰਾਲੀਆਂ ਰਾਤ ਸਮੇਂ ਰੇਤ ਦੀਆਂ ਭਰਕੇ ਕੱਢੀਆਂ ਗਈਆਂ, ਜਦੋਂ ਕੋਈ ਵੀ ਮਾਈਨਿੰਗ ਵਿਭਾਗ ਜਾਂ ਪੁਲਿਸ ਵਿਭਾਗ ਦਾ ਕਰਮਚਾਰੀ ਨਾ ਮੌਕਾ ਪਰ ਬਹੁੜਿਆ ਤਾਂ ਉਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ |
ਮਾੲਨਿੰਗ ਚੋਰਾਂ ਵਲੋਂ 3 ਦਿਨ ਤੋਂ 140 ਟਿੱਪਰ ਤੇ 70 ਤੋਂ ਵੱਧ ਟਰਾਲੀਆਂ ਰੇਤ ਦੀਆਂ ਸਤਲੁਜ ਦਰਿਆ ਚੋਂ ਕੱਢੀਆਂ ਜਾ ਰਹੀਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਹੁਣ ਤਿੰਨ ਦਿਨ ਤੋਂ ਇਕ ਰੂਟਰ ਵਾਲਾ ਠੇਲਾ ਜੋ ਕਿ ਟਰਾਲੀਆਂ ਟਿੱਪਰ ਭਰਨ ਲਈ ਕੰਮ ਕਰ ਰਿਹਾ ਹੈ, ਇਕ ਜੇ ਸੀ ਬੀ ਮਸ਼ੀਨ ਅਤੇ 2 ਪੋਪਲੇਨ ਮਸ਼ੀਨਾ ਰਾਤ ਸਮੇਂ ਕੰਮ ਕਰਦੀਆਂ ਹਨ ਤੇ ਸਵੇਰ ਸਮੇਂ ਇਹ ਸਾਰੀਆਂ ਮਸ਼ੀਨਾ ਦਰਿਆ 'ਚੋਂ ਬਾਹਰ ਕੱਢ ਲਈ ਜਾਂਦੀਆਂ ਹਨ | ਸੂਤਰਾਂ ਨੇ ਇਹ ਵੀ ਦੱਸਿਆ ਕਿ ਟਿੱਪਰ ਦੀ ਕੀਮਤ 16 ਹਜ਼ਾਰ ਤੇ ਟਰਾਲੀ ਦੀ ਕੀਮਤ 5 ਹਜਾਰ ਰੁਪਏ ਦੱਸੀ ਜਾ ਰਹੀ ਹੈ |
ਸੂਤਰਾਂ ਨੇ ਇਹ ਵੀ ਦੱਸਿਆ ਕਿ ਰਤਨਾਣੇ ਦੀ ਇਸ ਜ਼ਮੀਨ 'ਚ ਰਤਨਾਣਾ, ਹਾਦੀਵਾਲ, ਕੂੰਮਕਲਾਂ ਬਲੀਏਵਾਲ ਦੇ ਕੁਝ ਵਿਅਕਤੀ ਘਿਓ ਖਿੱਚੜੀ ਹੋਕੇ ਕੰਮ ਚਲਾ ਰਹੇ ਹਨ | ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂ ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਔੜ ਅਤੇ ਪਰਮਜੀਤ ਸਿੰਘ ਸਹਾਬਪੁਰ ਨੇ ਆਖਿਆ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਲੋਕਾਂ ਨੂੰ ਇਕ ਨੰਬਰ 'ਚ ਸਸਤੀ ਰੇਤ ਮੁਹੱਈਆ ਕਰਵਾਏ ਤੇ ਮਾਈਨਿੰਗ ਚੋਰਾਂ ਨੂੰ ਨੱਥ ਪਾਵੇ ਜਿਨ੍ਹਾਂ ਵਲੋਂ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ |
ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੇ ਨਾਲ ਨਾਲ ਜ਼ਿਲ੍ਹਾ ਪੁਲਿਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਾਈਨਿੰਗ ਚੋਰਾਂ ਵਿਰੁੱਧ ਨਕੇਲ ਕੱਸੇ | ਜਦੋਂ ਇਸ ਸਬੰਧੀ ਥਾਣਾ ਮੁਖੀ ਰਾਹੋਂ ਇੰਸਪੈਕਟਰ ਨੰਦ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਧਿਆਨ 'ਚ ਇਹ ਮਾਮਲਾ ਨਹੀਂ ਹੈ ਤੇ ਉਹ ਅੱਜ ਰਾਤ ਤੋਂ ਗਸ਼ਤ ਵਧਾ ਦੇਣਗੇ ਪਰ ਇਸ ਵਾਸਤੇ ਮਾਈਨਿੰਗ ਵਿਭਾਗ ਦੀ ਵੱਡੀ ਜਿੰਮੇਵਾਰੀ ਹੈ, ਉਹ ਤਾਂ ਵਿਭਾਗ ਨਾਲ ਸੁਰੱਖਿਆ ਵਜੋਂ ਕੰਮ ਕਰਦੇ ਹਨ |
ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇ ਈ ਕਰਨ ਪੰਜੋਲੀ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਵਲੋਂ ਫੋਨ ਨਹੀਂ ਸੁਣਿਆ ਗਿਆ | ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਅਤੇ ਨਗਰ ਸੁਧਾਰ ਟਰਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਜਾਇਜ਼ ਕੰਮ ਕਰਨ ਵਾਲਿਆਂ ਦੇ ਸਖ਼ਤ ਖਿਲਾਫ਼ ਹੈ ਤੇ ਰਹੇਗੀ | ਉਨ੍ਹਾਂ ਸਖ਼ਤ ਤਾੜਨਾ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਨਵਾਂਸ਼ਹਿਰ ਹਲਕੇ 'ਚ ਇਹ ਕੰਮ ਨਾ ਕਰਨ ਨਹੀਂ ਤਾਂ ਉਹ ਮਾਈਨਿੰਗ ਚੋਰਾਂ ਵਿਰੁੱਧ ਸਖ਼ਤ ਕਦਮ ਚੁੱਕਣਗੇ |
