ਵੈਟਨਰੀ ਯੂਨੀਵਰਸਿਟੀ ਨੇ ਸੂਰ ਉਤਪਾਦਨ ਵਿੱਚ ਸੁਧਾਰ ਸੰਬੰਧੀ ਪ੍ਰਾਪਤ ਕੀਤਾ 91 ਲੱਖ ਰੁਪਏ ਦਾ ਖੋਜ ਪ੍ਰਾਜੈਕਟ
ਲੁਧਿਆਣਾ 09 ਜਨਵਰੀ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਰਾਸ਼ਟਰੀ ਪਸ਼ੂਧਨ ਮਿਸ਼ਨ ਯੋਜਨਾ ਤਹਿਤ 91 ਲੱਖ ਰੁਪਏ ਦਾ ਇਕ ਵੱਕਾਰੀ ਖੋਜ ਪ੍ਰਾਜੈਕਟ ਪ੍ਰਾਪਤ ਕੀਤਾ ਹੈ। ਇਸ ਦਾ ਵਿਸ਼ਾ ਹੈ ‘ਸੂਰ ਉਤਪਾਦਨ ਲਈ ਬਹੁ-ਦਿਸ਼ਾਵੀ ਸੰਪੂਰਨ ਪਹੁੰਚ’। ਇਸ ਖੋਜ ਪ੍ਰਾਜੈਕਟ ਨੂੰ ਯੂਨੀਵਰਸਿਟੀ ਦੇ ਵਿਗਿਆਨੀ ਅੰਤਰ-ਅਨੁਸ਼ਾਸਨੀ ਪੱਧਰ ’ਤੇ ਕਰਨਗੇ ਅਤੇ ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਅਧੀਨ ਕੀਤਾ ਜਾਏਗਾ।

ਇਸ ਪ੍ਰਾਜੈਕਟ ਵਿੱਚ ਵਿਸ਼ੇਸ਼ ਤੌਰ ’ਤੇ ਸੂਰਾਂ ਦੇ ਉਤਪਾਦਨ ਸੰਬੰਧੀ ਪੌਸ਼ਟਿਕ ਖੁਰਾਕ ਨੀਤੀਆਂ ਬਾਰੇ ਖੋਜ ਕੀਤੀ ਜਾਏਗੀ। ਇਹ ਖੋਜ ਸੂਰਾਂ ਵਿੱਚ ਜ਼ਰੂਰੀ ਅਮੀਨੋ ਤੇਜ਼ਾਬ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਵਰਤੋਂ ਅਤੇ ਪ੍ਰਭਾਵਾਂ ਪਿੱਛੇ ਜੈਵਿਕ ਵਿਧੀਆਂ ਨੂੰ ਉਜਾਗਰ ਕਰਨ ਬਾਰੇ ਹੋਵੇਗੀ। ਇਸ ਖੋਜ ਰਾਹੀਂ ਫੀਡ ਦੀ ਲਾਗਤ ਘਟਾਉਣ, ਮੁੱਖ ਜੀਨਾਂ ਅਤੇ ਉਨ੍ਹਾਂ ਦੇ ਨਿਯਮਾਂ ਦੀ ਪਛਾਣ ਕਰਨ ਅਤੇ ਸੂਖਮ ਪੌਸ਼ਟਿਕ ਪੂਰਕ ਖੁਰਾਕ ਬਾਰੇ ਅਧਿਐਨ ਕੀਤਾ ਜਾਏਗਾ। ਯੂਨੀਵਰਸਿਟੀ ਦੀ ਖੋਜ ਟੀਮ ਵਿੱਚ ਡਾ. ਨੀਰਜ ਕਸ਼ਯਪ ਬਤੌਰ ਮੁੱਖ ਨਿਰੀਖਕ ਅਤੇ ਡਾ. ਚੰਦਰਸ਼ੇਖਰ ਮੁਖੋਪਾਧਿਆਏ, ਡਾ. ਭਾਰਤੀ ਦੇਸ਼ਮੁੱਖ ਅਤੇ ਡਾ. ਅਮਿਤ ਸ਼ਰਮਾ ਸ਼ਾਮਿਲ ਹਨ। ਇਸ ਪ੍ਰਾਜੈਕਟ ਲਈ ਉਨੱਤ ਪ੍ਰਯੋਗਸ਼ਾਲਾਵਾਂ, ਅਤਿ-ਆਧੁਨਿਕ ਯੰਤਰ ਅਤੇ ਹੋਰ ਸਹੂਲਤਾਂ ਦੀ ਸਹਾਇਤਾ ਲਈ ਜਾਵੇਗੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਪ੍ਰਾਜੈਕਟ ਨੂੰ ਪ੍ਰਾਪਤ ਕਰਨ ਲਈ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਵਿਕਾਸ ਅਤੇ ਪਸ਼ੂ ਉਤਪਾਦਕਤਾ ਨੂੰ ਬਿਹਤਰ ਬਨਾਉਣ ਲਈ ਯੂਨੀਵਰਸਿਟੀ ਦੇ ਸੰਕਲਪ ਨੂੰ ਮਜ਼ਬੂਤੀ ਮਿਲੇਗੀ।
ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ ਨੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪਸ਼ੂਧਨ ਵਿਕਾਸ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਅੰਤਰ-ਅਨੁਸ਼ਾਸਨੀ ਖੋਜ ਸਮੇਂ ਦੀ ਲੋੜ ਹੈ। ਡਾ. ਸੁਰੇਸ਼ ਕੁਮਾਰ ਸ਼ਰਮਾ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਕਿਹਾ ਕਿ ਕਾਲਜ ਵੱਲੋਂ ਇਸ ਖੋਜ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਹਰੇਕ ਸਹੂਲਤ ਅਤੇ ਬੁਨਿਆਦੀ ਢਾਂਚੇ ’ਤੇ ਕੰਮ ਕੀਤਾ ਜਾਏਗਾ।