'ਇੰਡੀਅਨ ਹਿਸਟਰੀ ਕਾਂਗਰਸ' ਦੇ ਤੀਜੇ ਦਿਨ ਦੇਸ-ਵਿਦੇਸ਼ ਦੇ ਡੈਲੀਗੇਟਾਂ ਨੇ ਪੇਸ਼ ਕੀਤੇ ਖੋਜ ਪੱਤਰ

ਪਟਿਆਲਾ, 30 ਦਸੰਬਰ- ਪੰਜਾਬੀ ਯੂਨੀਵਰਸਿਟੀ ਵਿਖੇ 'ਇੰਡੀਅਨ ਹਿਸਟਰੀ ਕਾਂਗਰਸ' ਦੇ 83ਵੇਂ ਸੈਸ਼ਨ ਦੇ ਤੀਜੇ ਦਿਨ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਡੈਲੀਗੇਟਸ ਨੇ ਇਸ ਕਾਨਫ਼ਰੰਸ ਵਿੱਚ ਸ਼ਿਰਕਤ ਕਰਦਿਆਂ ਇਤਿਹਾਸ ਦੇ ਵੱਖ-ਵੱਖ ਪੱਖਾਂ ਉੱਤੇ ਆਪਣੇ ਖੋਜ ਪੱਤਰ ਪੇਸ਼ ਕੀਤੇ।

ਪਟਿਆਲਾ, 30 ਦਸੰਬਰ- ਪੰਜਾਬੀ ਯੂਨੀਵਰਸਿਟੀ ਵਿਖੇ 'ਇੰਡੀਅਨ ਹਿਸਟਰੀ ਕਾਂਗਰਸ' ਦੇ 83ਵੇਂ ਸੈਸ਼ਨ ਦੇ ਤੀਜੇ ਦਿਨ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਡੈਲੀਗੇਟਸ ਨੇ ਇਸ ਕਾਨਫ਼ਰੰਸ ਵਿੱਚ ਸ਼ਿਰਕਤ ਕਰਦਿਆਂ ਇਤਿਹਾਸ ਦੇ ਵੱਖ-ਵੱਖ ਪੱਖਾਂ ਉੱਤੇ ਆਪਣੇ ਖੋਜ ਪੱਤਰ ਪੇਸ਼ ਕੀਤੇ।
 ਖੋਜ ਪੱਤਰਾਂ ਦੇ ਹਵਾਲੇ ਨਾਲ਼ ਹੋਈਆਂ ਉਸਾਰੂ ਬਹਿਸਾਂ ਵਿੱਚ ਵੱਖ-ਵੱਖ ਇਤਿਹਾਸਿਕ ਨੁਕਤੇ ਉੱਭਰ ਕੇ ਸਾਹਮਣੇ ਆਏ। ਪੰਜਾਬੀ ਯੂਨੀਵਰਸਿਟੀ ਤੋਂ ਇਸ ਸੈਸ਼ਨ ਦੇ ਸਥਾਨਕ ਸਕੱਤਰ ਪ੍ਰੋ. ਮੁਹੰਮਦ ਇਦਰੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਹਿਸਟਰੀ ਕਾਂਗਰਸ ਦੇ ਇਸ ਸੈਸ਼ਨ ਵਿੱਚ ਪ੍ਰਾਚੀਨ ਭਾਰਤ, ਮੱਧਕਾਲੀ ਭਾਰਤ, ਆਧੁਨਿਕ ਭਾਰਤ, ਸਮਕਾਲੀ ਭਾਰਤ, ਪੁਰਾਤੱਤਵ ਵਿਗਿਆਨ ਅਤੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਨਾਲ਼ ਸੰਬੰਧਤ ਪੈਨਲਾਂ ਵਿੱਚ ਸਾਕਾਰਤਮਕ ਅਕਾਦਮਿਕ ਚਰਚਾਵਾਂ ਹੋਈਆਂ। 
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਨਲਾਂ ਤੋਂ ਇਲਾਵਾ 'ਪੰਜਾਬ: ਅਤੀਤ ਅਤੇ ਵਰਤਮਾਨ', ਅਲੀਗੜ੍ਹ ਹਿਸਟੋਰੀਅਨਜ਼ ਪੈਨਲ, ਸ਼ਹਿਰੀ ਇਤਿਹਾਸ, ਅਤੇ ਦਲਿਤ ਇਤਿਹਾਸ 'ਤੇ ਵਿਸ਼ੇਸ਼ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਰਾਹੀਂ ਇਤਿਹਾਸ ਦੇ ਹਵਾਲੇ ਨਾਲ਼ ਮਹੱਤਵਪੂਰਨ ਗੱਲਾਂ ਹੋਈਆਂ।
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦੇ ਯੋਗਦਾਨ ਨੂੰ ਜਾਣਨ ਦੇ ਹਵਾਲੇ ਨਾਲ਼ ਵੀ ਇਸ 83ਵੇਂ ਸੈਸ਼ਨ ਵਿੱਚ ਵਿਸ਼ੇਸ਼ ਸਮਾਂ ਰੱਖਿਆ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ਹਿਤ ਡਾ. ਆਸ਼ੀਸ਼ ਅਬਰੋਲ, ਪ੍ਰਿੰਸੀਪਲ ਡਾਇਰੈਕਟਰ ਅਤੇ ਇਨਕਮ ਟੈਕਸ ਅਤੇ ਡਾ. ਮੁਹੰਮਦ ਜਮੀਲ, ਵਿਧਾਇਕ ਮਾਲੇਰਕੋਟਲਾ ਨੇ ਉਚੇਚੇ ਰੂਪ ਵਿੱਚ ਹਾਜ਼ਰ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ।