"ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ...."

ਕੈਲਗਰੀ (ਕੈਨੇਡਾ), 24 ਦਸੰਬਰ- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਸਾਲ 2024 ਦੀ ਆਖ਼ਰੀ ਮਾਸਿਕ ਇਕੱਤਰਤਾ ਕੌਂਸਲ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ (COSO) ਦੇ ਹਾਲ ਵਿਚ ਸੁਰਿੰਦਰ ਗੀਤ ਤੇ ਜਗਦੇਵ ਸਿੱਧੂ ਦੀ ਪ੍ਰਧਾਨਗੀ ਵਿਚ ਹੋਈ। ਇਹ ਇਕੱਤਰਤਾ ਸ਼ਹਾਦਤਾਂ ਦੇ ਸਪਤਾਹ ਨੂੰ ਸਮਰਪਿਤ ਕੀਤੀ ਗਈ ਅਤੇ ਇਸਦਾ ਆਰੰਭ ਵੀ ਜਰਨੈਲ ਤੱਗੜ ਵਲੋਂ ਬੋਲੀਆਂ ਗਈਆਂ ਸਤਰਾਂ ਨਾਲ ਕੀਤਾ ਗਿਆ "ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ...."

ਕੈਲਗਰੀ (ਕੈਨੇਡਾ), 24 ਦਸੰਬਰ- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਸਾਲ 2024 ਦੀ ਆਖ਼ਰੀ ਮਾਸਿਕ ਇਕੱਤਰਤਾ ਕੌਂਸਲ ਆਫ਼  ਸਿੱਖ ਆਰਗੇਨਾਈਜ਼ੇਸ਼ਨਜ਼ (COSO) ਦੇ ਹਾਲ ਵਿਚ ਸੁਰਿੰਦਰ ਗੀਤ ਤੇ ਜਗਦੇਵ ਸਿੱਧੂ ਦੀ ਪ੍ਰਧਾਨਗੀ ਵਿਚ ਹੋਈ। ਇਹ ਇਕੱਤਰਤਾ ਸ਼ਹਾਦਤਾਂ ਦੇ ਸਪਤਾਹ ਨੂੰ ਸਮਰਪਿਤ ਕੀਤੀ ਗਈ ਅਤੇ ਇਸਦਾ ਆਰੰਭ ਵੀ  ਜਰਨੈਲ ਤੱਗੜ ਵਲੋਂ ਬੋਲੀਆਂ ਗਈਆਂ ਸਤਰਾਂ ਨਾਲ ਕੀਤਾ ਗਿਆ "ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ...."
ਸਭਾ ਦੇ ਬਹੁਤ ਸੁਰੀਲੇ ਗਾਇਕ ਸੁਖਮੰਦਰ ਗਿੱਲ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਰਬੰਸ ਕੁਰਬਾਨ ਕਰਨ ਦੀ ਗਾਥਾ ਨੂੰ ਵਰਨਣ ਕਰਦਾ ਗੀਤ ਪੇਸ਼ ਕਰਕੇ ਵੈਰਾਗਮਈ ਮਾਹੌਲ ਸਿਰਜ ਦਿੱਤਾ। ਸਰਦੂਲ ਸਿੰਘ ਲੱਖਾ ਨੇ ‘ਘੁੰਡ-ਚੁਕਾਈ’ ਸਿਰਲੇਖ ਹੇਠ ਲਿਖੀ ਆਪਣੀ ਕਹਾਣੀ ਸੁਣਾਈ। ਕਹਾਣੀ ਦੀ ਸ਼ੈਲੀ, ਭਾਸ਼ਾ, ਮੁਹਾਵਰੇ ਅਤੇ ਵਿਸ਼ਾ ਵਸਤੂ ਕਾਬਲੇ ਤਾਰੀਫ਼ ਸਨ। ਸਰਬਜੀਤ ਕੌਰ ਉੱਪਲ ਨੇ ਲੋਕ-ਰੰਗ ਵਿਚ ਰੰਗਿਆ ਗੀਤ ਸੁਣਾਇਆ। ਗੀਤ ਦੇ ਬੋਲ ਸਨ "ਸਾਡੇ ਪਿੰਡ ਵਿਚ ਪਾ ਕੇ ਹੱਟੀ, ਮੋਹ ਲਈ ਬੁਲਬੁਲ ਵਰਗੀ ਜੱਟੀ" ਪ੍ਰੋ. ਬਲਦੇਵ ਸਿੰਘ ਦੁੱਲਟ ਨੇ ਚਮਕੌਰ ਦੀ ਜੰਗ ਦੇ ਇਤਿਹਾਸ ਨੂੰ ਵਰਨਣ ਕਰਦੀ ਬੀਰ-ਰਸੀ ਕਵਿਤਾ ਪੜ੍ਹੀ। ਗੁਰਰਾਜ ਸਿੰਘ ਵਿਰਕ ਨੇ ਕਵਿਤਾ ਰਾਹੀਂ ਢਲਦੀ ਉਮਰ ਵਿਚ ਵੀ ਜਵਾਨ ਰਹਿਣ ਦਾ ਸੁਨੇਹਾ ਦਿੱਤਾ। ਮਨਜੀਤ ਬਰਾੜ ਨੇ ਪਰਵਾਸ ਤੋਂ ਪੈਦਾ ਹੁੰਦੀ ਪੀੜਾ ਨੂੰ ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ। ਉਸਦੇ ਗੀਤ ਦੇ ਬੋਲ ਸਨ  "ਮੈਂ ਬੰਦ ਦਰਵਾਜ਼ਾ ਬੋਲਦਾਂ ਮਨਜੀਤਿਆ ਕਦੇ ਗੇੜਾ ਮਾਰੀ, ਇਕ ਦਿਨ ਵੇਚ ਦਏਂਗਾ ਪਿਉ-ਦਾਦਿਆਂ ਦੀ ਪੂੰਜੀ ਸਾਰੀ ਦੀ ਸਾਰੀ, ਰੁਪਈਆਂ ਦੀਆਂ ਭਰ ਬੋਰੀਆਂ ਲੈ ਜਾਏਂਗਾ ਮਾਰ ਉਡਾਰੀ"! ਸੁਰਿੰਦਰ ਗੀਤ ਨੇ ਇਸ ਹਕੀਕਤ ਦੀ ਤਾਈਦ ਕਰਦਿਆਂ ਕਿਹਾ ਕਿ ਸਭ ਤੋਂ ਔਖਾ ਹੁੰਦਾ ਹੈ ਚਿਰਾਂ ਤੋਂ ਬੰਦ ਪਏ ਘਰ ਦਾ ਕੁੰਡਾ ਖੋਲ੍ਹਣਾ। ਡਿੱਗੀਆਂ ਛੱਤਾਂ ਤੇ ਵਿਹੜੇ ਵਿੱਚ ਉੱਗਿਆ ਗੋਡੇ ਗੋਡੇ ਘਾਹ ਭਰੀਆਂ ਅੱਖਾਂ ਨਾਲ ਵੇਖੀ ਜਾਣਾ ਅਤੇ ਕੁਝ ਨਾ ਕਹਿਣਾ। ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਤੋਹਫ਼ਾ’ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਹੋਣ 'ਤੇ ਆਪਣੇ ਮਨ ਦੀ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਪੁਸਤਕ ਤੇ ਪ੍ਰੋ. ਰਾਜ ਕੁਮਾਰ, ਪ੍ਰੋ. ਅਨਿਲ ਕੁਮਾਰ ਅਤੇ ਉੱਘੇ ਲੇਖਕ ਮਾਧੋਪੁਰੀ ਨੇ ਪ੍ਰਭਾਵਸ਼ਾਲੀ ਟਿਪਣੀਆਂ ਕੀਤੀਆਂ।
ਜਗਦੇਵ ਸਿੱਧੂ ਨੇ ਦੱਸਿਆ ਕਿ ਸੁਰਿੰਦਰ ਗੀਤ ਦੁਆਰਾ ਰਚੇ ਸਾਹਿਤ ਬਾਰੇ ਚੋਟੀ ਦੇ ਵਿਦਵਾਨ ਲੇਖਕਾਂ-ਆਲੋਚਕਾਂ ਦੀਆਂ ਪੰਜ ਪੁਸਤਕਾਂ ਦਾ ਛਪਣਾ ਲੇਖਿਕਾ ਦੀ ਅਸਾਧਾਰਣ ਪ੍ਰਾਪਤੀ ਹੈ। ਇਸ ਤੋਂ ਇਲਾਵਾ ਜਗਦੇਵ ਸਿੱਧੂ ਨੇ ਮੁਗਲ-ਕਾਲ ਦੇ ਆਰੰਭ ਅਤੇ ਪਤਨ ਨੂੰ ਗੁਰੂ-ਕਾਲ ਦੇ ਆਰੰਭ ਅਤੇ ਵਿਕਾਸ ਨਾਲ ਜੋੜ ਕੇ ਸ਼ਹਾਦਤਾਂ ਨੂੰ ਨਵੇਂ ਪਰਿਪੇਖ ਵਿਚ ਪੇਸ਼ ਕੀਤਾ। ਸਾਲ 2024 ਨੂੰ ਅਲਵਿਦਾ ਅਤੇ ਆਉਂਦੇ ਸਾਲ 2025 ਦੀ ਕਾਮਨਾ ਡਾ. ਗੁਰਮਿੰਦਰ ਸਿੱਧੂ ਨੇ ਇਨ੍ਹਾਂ ਸਤਰਾਂ ਨਾਲ ਕੀਤੀ " ਨਵਿਆਂ ਵਰ੍ਹਿਆ ਵੇ ਨਵਿਆਂ ਵਾਂਗਰ ਆਈ, ਹਾੜਾ ਵੇ ਨਾ ਬੀਤੇ ਦਿਨ ਦੁਹਰਾਈ"!
ਮੰਚ ਸੰਚਾਲਨ ਦਾ ਕੰਮ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ।
ਅੰਤ ਵਿਚ ਸੁਰਿੰਦਰ ਗੀਤ ਨੇ ਆਉਣ ਵਾਲੇ ਸਾਲ ਲਈ ਸਭ ਨੂੰ ਅਗਾਊਂ ਵਧਾਈਆਂ ਦਿੱਤੀਆਂ, ਸਾਰਿਆਂ ਦਾ ਧੰਨਵਾਦ
ਕੀਤਾ ਅਤੇ ਭਵਿੱਖ ਵਿਚ ਪੂਰਨ ਸਹਿਯੋਗ ਦੀ ਆਸ ਪ੍ਰਗਟਾਈ। ਸਭਾ ਦੀ ਅਗਲੀ ਮਹੀਨਾਵਾਰ ਇਕੱਤਰਤਾ 26 ਜਨਵਰੀ ਨੂੰ ਹੋਵੇਗੀ।