
ਡਾਕਟਰਾਂ 'ਤੇ ਹਮਲੇ ਦੇ ਦੋਸ਼ੀ ਪੱਤਰਕਾਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ : ਡਾ. ਬਲਬੀਰ ਸਿੰਘ
ਪਟਿਆਲਾ, 26 ਅਕਤੂਬਰ - ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ (ਪੀ ਸੀ ਐਮ ਐਸ ਏ) ਨੂੰ ਭਰੋਸਾ ਦੁਆਇਆ ਹੈ ਕਿ 20 ਅਕਤੂਬਰ ਦੀ ਰਾਤ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਸਟਾਫ ਨਾਲ ਬਦਤਮੀਜ਼ੀ ਅਤੇ ਹਮਲਾ ਕਰਨ ਵਾਲੇ ਜਲੰਧਰ ਦੇ ਪੱਤਰਕਾਰ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਹ ਭਰੋਸਾ ਉਨ੍ਹਾਂ ਘਟਨਾ ਤੋਂ ਬਾਅਦ ਮੌਕੇ ਦਾ ਮੁਆਇਨ ਕਰਨ ਸਮੇਂ ਦਿੱਤਾ।
ਪਟਿਆਲਾ, 26 ਅਕਤੂਬਰ - ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ (ਪੀ ਸੀ ਐਮ ਐਸ ਏ) ਨੂੰ ਭਰੋਸਾ ਦੁਆਇਆ ਹੈ ਕਿ 20 ਅਕਤੂਬਰ ਦੀ ਰਾਤ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਸਟਾਫ ਨਾਲ ਬਦਤਮੀਜ਼ੀ ਅਤੇ ਹਮਲਾ ਕਰਨ ਵਾਲੇ ਜਲੰਧਰ ਦੇ ਪੱਤਰਕਾਰ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਹ ਭਰੋਸਾ ਉਨ੍ਹਾਂ ਘਟਨਾ ਤੋਂ ਬਾਅਦ ਮੌਕੇ ਦਾ ਮੁਆਇਨ ਕਰਨ ਸਮੇਂ ਦਿੱਤਾ।
ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। 20 ਅਕਤੂਬਰ ਦੀ ਰਾਤ ਜਲੰਧਰ ਦੇ ਹਿੰਦੀ ਦੇ ਇੱਕ ਰੋਜ਼ਾਨਾ ਅਖਬਾਰ ਦੇ ਪੱਤਰਕਾਰ ਵੱਲੋਂ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿੱਚ ਐਮਰਜੈਂਸੀ ਵਿੱਚ ਸਰਕਾਰੀ ਮੈਡੀਕਲ ਅਧਿਕਾਰੀਆਂ ਨਾਲ ਬਦਤਮੀਜ਼ੀ ਅਤੇ ਹਮਲਾ ਕੀਤਾ ਗਿਆ ਜਿਸ ਕਾਰਨ ਹਸਪਤਾਲ ਦੇ ਅਧਿਕਾਰੀਆਂ ਅਤੇ ਸਟਾਫ ਵਿੱਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ। ਘਟਨਾ ਤੋਂ ਬਾਅਦ ਦੋ ਦਿਨ ਇਸ ਦਾ ਵਿਰੋਧ ਵੀ ਜਾਰੀ ਰਿਹਾ।
ਐਫਆਈਆਰ ਵਿੱਚ ਦੇਰੀ ਹੋਣ ਦੇ ਕਾਰਨ ਦੋ ਘੰਟੇ ਹਸਪਤਾਲ ਦੀਆਂ ਸੇਵਾਵਾਂ ਠੱਪ ਰਹੀਆਂ। ਪੀ ਸੀ ਐਮ ਐਸ ਏ ਦੇ ਪ੍ਰਧਾਨ ਡਾ. ਅਖਿਲ ਸਰੀਨ ਤੇ ਹੋਰਨਾਂ ਮੁੱਖ ਅਹੁਦੇਦਾਰਾਂ ਦੇ ਦਸਤਖਤਾਂ ਨਾਲ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਸਿਹਤ ਮੰਤਰੀ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਵੀ ਮੁਲਜ਼ਮ ਵਿਰੁੱਧ ਪਰਚਾ ਦਰਜ ਕਰਾਉਣ ਲਈ ਦਖਲ ਦੇਣਾ ਪਿਆ। ਮੁਲਜ਼ਮ ਅਮਿਤ ਸ਼ੋਰੀ ਅਜੇ ਵੀ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ। ਡਾਕਟਰਾਂ ਨੇ ਨਰਾਜ਼ਗੀ ਪ੍ਰਗਟ ਕੀਤੀ ਹੈ ਕਿ ਸਰਕਾਰ ਦੇ ਭਰੋਸੇ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਪੁਲਿਸ ਦਾ ਵੀ ਢਿੱਲਾ ਰਵਈਆ ਹੈ।
ਪ੍ਰੈੱਸ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਾਕਟਰਾਂ ਨਾਲ ਮੁਲਾਕਾਤ ਮਗਰੋਂ ਸਿਹਤ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਅਗਲੇ 24 ਘੰਟਿਆਂ ਵਿੱਚ ਸ਼ੋਰੀ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ। ਉਨ੍ਹਾਂ ਨੇ ਹੈਲਥਕੇਅਰ ਵਰਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਪ੍ਰਗਟਾਈ ਅਤੇ ਸਪੱਸ਼ਟ ਤੌਰ 'ਤੇ ਕਿਹਾ ਕਿ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਨਿਆਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਦੇਖਣਗੇ। ਪੀ.ਸੀ.ਐਮ.ਐਸ.ਏ. ਨੇ ਸਿਹਤ ਮੰਤਰੀ ਤੋਂ ਮਿਲੇ ਸਹਿਯੋਗ ‘ਤੇ ਤਸੱਲੀ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਸਿਹਤ ਮੰਤਰੀ ਵਲੋਂ ਦਿੱਤੇ ਭਰੋਸੇ ਅਨੁਸਾਰ ਡਾਕਟਰਾਂ ਲਈ ਢੁੱਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਡੀ.ਏ.ਸੀ.ਪੀ. ਦੀ ਬਹਾਲੀ ਲਈ ਕੀਤੀ ਗਈ ਵਚਨਬੱਧਤਾ ਨੂੰ ਵੀ ਪੂਰਾ ਕੀਤਾ ਜਾਵੇ।
