ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਆਮ ਆਦਮੀ ਪਾਰਟੀ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲਗਾਤਾਰ ਤੀਜੀ ਵਾਰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਐਲਾਨ ਤੋਂ ਬਾਅਦ ਉਨ੍ਹਾਂ ਨੇ ਜਨਸੰਪਰਕ ਮੁਹਿੰਮ ਸ਼ੁਰੂ ਕਰਦਿਆਂ ਪਾਰਟੀ ਲੀਡਰਸ਼ਿਪ ਅਤੇ ਲੋਕਾਂ ਦਾ ਧੰਨਵਾਦ ਕੀਤਾ।
ਮੁਹਿੰਮ ਤਹਿਤ ਰੌੜੀ ਨੇ ਅੱਡਾ ਝੁੰਗੀਆਂ ਸਥਿਤ ਮਾਤਾ ਸ਼ੀਤਲਾ ਦੇਵੀ ਮੰਦਰ ਵਿੱਚ ਮੱਥਾ ਟੇਕ ਕੇ ਇਲਾਕੇ ਦੀ ਤਰੱਕੀ, ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਭਾਈਚਾਰੇ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਬਾਜ਼ਾਰ ਵਿੱਚ ਪੈਦਲ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ, ਵਪਾਰੀਆਂ ਅਤੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨ ਦਾ ਭਰੋਸਾ ਦਿੱਤਾ।
ਰੌੜੀ ਨੇ ਕਿਹਾ ਕਿ ਲੋਕਾਂ ਵੱਲੋਂ ਜਤਾਇਆ ਗਿਆ ਭਰੋਸਾ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਨੇ ਲੋਕਾਂ ਵਿੱਚ ਰਹਿ ਕੇ ਹਲਕੇ ਦੇ ਸਰਬਪੱਖੀ ਵਿਕਾਸ ਅਤੇ ਬਿਹਤਰ ਜਨਤਕ ਸਹੂਲਤਾਂ ਲਈ ਕੰਮ ਕਰਦੇ ਰਹਿਣ ਦੀ ਆਪਣੀ ਵਚਨਬੱਧਤਾ ਦੁਹਰਾਈ।
ਉਨ੍ਹਾਂ ਨੇ ਪਾਰਟੀ ਆਗੂਆਂ, ਵਰਕਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰ ਹੀ ਪਾਰਟੀ ਦੀ ਤਾਕਤ ਹਨ। ਜਨਸੰਪਰਕ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।
ਇਸ ਮੌਕੇ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੀਪ ਸਿੰਘ ਸੈਣੀ, ਯੂਥ ਪ੍ਰਧਾਨ ਪ੍ਰਿੰਸ ਚੌਧਰੀ, ਬਲਾਕ ਪ੍ਰਧਾਨ, ਸੋਸ਼ਲ ਮੀਡੀਆ ਟੀਮ ਦੇ ਮੈਂਬਰ, ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ, ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਵਲੰਟੀਅਰ ਮੌਜੂਦ ਸਨ।
