ਬਸਪਾ ਵੱਲੋਂ ਗੜਸ਼ੰਕਰ ਵਿਖੇ ਰੋਸ ਪ੍ਰਦਰਸ਼ਨ, ਰਾਜਪਾਲ ਨੂੰ ਭੇਜਿਆ ਮੈਮੋਰੰਡਮ

ਪੈਗ਼ਾਮ ਏ ਜਗਤ ਗੜਸ਼ੰਕਰ, 18 ਜੂਨ 2025 – ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਗੜਸ਼ੰਕਰ ਵਿਖੇ ਰੋਸ ਮਾਰਚ ਕੀਤਾ ਗਿਆ ਜੋ ਸ੍ਰੀ ਖੁਰਾਲਗੜ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਹੋਇਆ। ਰੋਸ ਪ੍ਰਦਰਸ਼ਨ ਮਗਰੋਂ ਉਪ ਮੰਡਲ ਅਫਸਰ ਰਾਹੀਂ ਮਾਣਯੋਗ ਰਾਜਪਾਲ ਪੰਜਾਬ ਨੂੰ ਮੈਮੋਰੰਡਮ ਭੇਜਿਆ ਗਿਆ। ਰੋਸ ਮਾਰਚ ਦੇ ਰਾਹੀਂ ਬਸਪਾ ਨੇ ਨੂਰਪੁਰ ਜੱਟਾਂ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਬੇਅਦਬੀ, ਸ੍ਰੀ ਖੁਰਾਲਗੜ ਸਾਹਿਬ ਵਿਖੇ ਖੁਲ੍ਹੇ ਸ਼ਰਾਬ ਠੇਕਿਆਂ ਅਤੇ ਪੰਜਾਬ ਵਿੱਚ ਚੱਲ ਰਹੇ ਡਰਗ ਮਾਫੀਆ ਦੇ ਖਿਲਾਫ ਆਪਣੀ ਨਾਰਾਜ਼ਗੀ ਪ੍ਰਗਟਾਈ।

ਮੈਮੋਰੰਡਮ ਵਿੱਚ ਬਸਪਾ ਨੇ ਸਾਫ਼ ਕਿਹਾ ਕਿ ਇਹ ਸਿਰਫ਼ ਇੱਕ ਪਿੰਡ ਦੀ ਘਟਨਾ ਨਹੀਂ, ਸਗੋਂ ਅੰਮ੍ਰਿਤਸਰ, ਜਲੰਧਰ, ਬਟਾਲਾ, ਜਗਰਾਉਂ ਅਤੇ ਹੁਸ਼ਿਆਰਪੁਰ ਵਿੱਚ ਵੀ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋ ਚੁੱਕੀ ਹੈ। ਅਜੇ ਤੱਕ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਬਸਪਾ ਨੇ ਇਹ ਵੀ ਉਲਲੇਖ ਕੀਤਾ ਕਿ ਅਜਿਹਾ ਲਗਦਾ ਹੈ ਜਿਵੇਂ ਪੰਜਾਬ ਸਰਕਾਰ ਨੂੰ ਨਾ ਤਾਂ ਸੰਵਿਧਾਨਿਕ ਚਿੰਤਾ ਹੈ ਤੇ ਨਾ ਹੀ ਬਹੁਜਨ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ।
ਸ੍ਰੀ ਖੁਰਾਲਗੜ੍ਹ ਸਾਹਿਬ, ਜੋ ਸ੍ਰੀ ਗੁਰੂ ਰਵਿਦਾਸ ਜੀ ਨਾਲ ਜੁੜਿਆ ਧਾਰਮਿਕ ਅਸਥਾਨ ਹੈ, ਉੱਥੇ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ। ਇਨ੍ਹਾਂ ਠੇਕਿਆਂ ਨੇ ਨਾ ਸਿਰਫ ਧਾਰਮਿਕ ਪਵਿਤਰਤਾ ਨੂੰ ਖੰਡਤ ਕੀਤਾ ਹੈ ਸਗੋਂ ਇਲਾਕੇ ਵਿੱਚ ਨਸ਼ੇ ਦੀ ਅਣਅਧਿਕਾਰਤ ਵਿਕਰੀ ਨੂੰ ਹੋਰ ਵਧਾਵਾ ਦਿੱਤਾ ਹੈ। ਇਹ ਨਸ਼ਾ, ਜੋ ਕਿ ਡਰਗ ਮਾਫੀਆ ਦੇ ਰੂਪ ਵਿੱਚ ਹਾਲਾਤਾਂ ਨੂੰ ਬਦਤਰ ਕਰ ਰਿਹਾ ਹੈ, ਸਰਕਾਰ ਦੀ ਨਾਕਾਮੀ ਦਾ ਸਾਫ਼ ਦਰਸਾਵਾ ਹੈ।
ਇਸ ਦੇ ਨਾਲ ਹੀ, ਥਾਣਾ ਗੜਸ਼ੰਕਰ ਅਧੀਨ ਮਿਤੀ 16 ਅਤੇ 17 ਅਕਤੂਬਰ 2024 ਨੂੰ ਦਰਜ ਕੀਤੀਆਂ ਐਫਆਈਆਰਾਂ ਨੰਬਰ 161 ਅਤੇ 163 ਨੂੰ ਝੂਠਾ ਤੇ ਉਤਪੀੜਨਤਮਕ ਦੱਸਦਿਆਂ, ਬਸਪਾ ਨੇ ਉਨ੍ਹਾਂ ਨੂੰ ਰੱਦ ਕਰਨ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਰੱਖੀ।
ਬਸਪਾ ਨੇ ਰਾਜਪਾਲ ਰਾਹੀਂ ਇਹ ਸੰਦੇਸ਼ ਦਿੱਤਾ ਕਿ ਜੇਕਰ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਠੇਕੇ ਬੰਦ ਨਾ ਕਰਵਾਏ ਗਏ, ਡਰਗ ਮਾਫੀਆ ਦਾ ਸੰਚਾਲਨ ਨਾ ਰੋਕਿਆ ਗਿਆ ਅਤੇ ਐਫਆਈਆਰਾਂ ਰੱਦ ਕਰਕੇ ਪੀੜਤਾਂ ਨੂੰ ਇਨਸਾਫ਼ ਨਾ ਦਿੱਤਾ ਗਿਆ, ਤਾਂ ਬਸਪਾ ਪੰਜਾਬ ਵਿੱਚ “ਪੰਜਾਬ ਸੰਭਾਲੋ” ਲਹਿਰ ਹੇਠ ਵੱਡਾ ਸੰਘਰਸ਼ ਛੇੜੇਗੀ।