ਗ੍ਰਹਿ ਮੰਤਰੀ ਦੇ ਬਿਆਨ ਦੀ ਦੇਸ਼ ਭਗਤਾਂ ਵੱਲੋਂ ਆਲੋਚਨਾ ਅਤੇ ਕਾਮਰੇਡ ਡੀ.ਰਾਜਾ ਦੇ ਬਿਆਨ ਦੀ ਜ਼ਬਰਦਸਤ ਪ੍ਰੋੜਤਾ
ਜਲੰਧਰ- ਆਜ਼ਾਦੀ ਦੀ ਜੱਦੋ ਜਹਿਦ ਨਾਲ ਜੁੜੀਆਂ ਅਣਗੌਲੀਆਂ ਕੀਤੀਆਂ ਜਾ ਰਹੀਆਂ ਰੌਸ਼ਨ ਮਿਸਾਲ ਲਹਿਰਾਂ; ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਆਜ਼ਾਦ ਹਿੰਦ ਫੌਜ ਅਤੇ ਨੌਜਵਾਨ ਭਾਰਤ ਸਭਾ ਲਹਿਰ ਦੀ ਵਾਰਸ, ਅਮੁੱਲੀ ਇਤਿਹਾਸਕ ਵਿਰਾਸਤ ਦੀ ਲੋਅ ਜਗਦੀ ਰੱਖ ਰਹੇ ਦੇਸ਼ ਭਗਤ ਯਾਦਗਾਰ ਹਾਲ ਦੀ ਵਿਰਾਸਤੀ ਕਮੇਟੀ; ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ, ਅਮਨ ਦੇ ਪੁਜਾਰੀ ਅਤੇ ਹਿੰਸਾ ਵਿਰੋਧੀ ਕਹਾਉਣ ਦੀ ਦਾਅਵੇਦਾਰ ਭਾਜਪਾ ਹਕੂਮਤ ਦੇ ਮੂੰਹੋਂ ਇਹ ਨਿਸੰਗ ਐਲਾਨ ਸ਼ੋਭਾ ਨਹੀਂ ਦਿੰਦਾ ਕਿ ''ਮਾਰਚ 2026 ਤੋਂ ਪਹਿਲਾਂ ਪਹਿਲਾਂ ਭਾਰਤ ਨੂੰ ਮਾਓਵਾਦ ਤੋਂ ਮੁਕਤ ਕੀਤਾ ਜਾਏਗਾ ਅਤੇ ਇਸ ਵਿਚਾਰਧਾਰਾ ਦੇ ਹਮਾਇਤੀਆਂ ਖ਼ਿਲਾਫ਼ ਵੀ ਜੰਗ ਲੜਨੀ ਪਵੇਗੀ।''

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਲਤ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਹਕੂਮਤ ਸਿਰ ਵਡੇਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਰਾਜ ਦੇ ਕਿਸੇ ਵੀ ਤਬਕੇ ਜਾਂ ਖਿੱਤੇ ਅੰਦਰ ਅੰਸਤੋਸ਼ ਫੈਲਣ ਦੇ ਆਰਥਕ, ਰਾਜਨੀਤਕ, ਸਮਾਜਕ ਅਤੇ ਸਭਿਆਚਾਰਕ ਕਾਰਨਾਂ ਦੀ ਗਹਿਰਾਈ 'ਚ ਜਾ ਕੇ ਖੋਜ਼-ਪੜਤਾਲ ਕਰੇ ਅਤੇ ਗੱਲਬਾਤ ਰਾਹੀਂ ਉਸਦਾ ਢੁਕਵਾਂ, ਜਚਣਹਾਰ ਅਤੇ ਜਮਹੂਰੀ ਵਿਧੀ ਰਾਹੀਂ ਹੱਲ ਕਰੇ ਨਾ ਕਿ ਸਿਰ ਤੋਂ ਪੈਰਾਂ ਤੀਕ ਹਥਿਆਰਾਂ ਨਾਲ ਲੈਸ ਹਕੂਮਤ ਆਪਣੀ ਰਾਜਕੀ ਦਬਸ ਨਾਲ ਜਾਂ 'ਸਫ਼ਾਇਆ ਕਰੋ ਮੁਹਿੰਮ' ਨਾਲ ਉਸਦੀ ਆਵਾਜ਼ ਬੰਦ ਕਰਨ ਦੇ ਫੁਰਮਾਨ ਕਰੇ।
ਕਮੇਟੀ ਦਾ ਵਿਚਾਰ ਹੈ ਕਿ ਦੇਸੀ-ਬਦੇਸ਼ੀ ਧਾੜਵੀ ਕੰਪਨੀਆਂ ਨੂੰ ਜੰਗਲ, ਜਲ, ਜ਼ਮੀਨ, ਕੁਦਰਤੀ ਅਨਮੋਲ ਖ਼ਜ਼ਾਨੇ ਆਦਿ ਦੀ ਅੰਨ੍ਹੀ ਲੁੱਟ ਅਤੇ ਆਦਿਵਾਸੀਆਂ ਦੀ ਜ਼ਿੰਦਗੀ ਨੂੰ ਸਹਿਮ ਦੇ ਛਾਏ ਅਤੇ ਬੰਦੂਕ ਦੀ ਨੋਕ ਤੇ ਉਜਾੜਨ, ਜੇਲ੍ਹੀਂ ਡੱਕਣ ਅਤੇ ਜ਼ੁਲਮੋਂ ਸਿਤਮ ਦੇ ਝੱਖੜਾਂ ਮੂੰਹ ਧੱਕਣਾ ਬੰਦ ਕੀਤਾ ਜਾਏ । ਉਹਨਾਂ ਕਿਹਾ ਕਿ ਹਥਿਆਰਬੰਦ ਲਸ਼ਕਰਾਂ ਦਾ ਕਹਿਰ ਬੰਦ ਕਰਨ ਦੀ ਬਜਾਏ ਸ਼ਾਂਤੀ ਵਾਰਤਾ ਦੇ ਸਾਰੇ ਦਰਵਾਜ਼ੇ ਮੁਕੰਮਲ ਬੰਦ ਕਰਕੇ ਸਿਰਫ਼ ਗੋਲੀ ਹੀ ਇੱਕੋ ਇਹ ਰਾਹ ਦੀ ਵਕਾਲਤ ਕਰਨਾ ਗੈਰ-ਸੰਵਿਧਾਨਕ, ਗੈਰ-ਜਮਹੂਰੀ ਅਤੇ ਗੈਰ-ਮਾਨਵੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸੀ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਡੀ.ਰਾਜਾ ਵੱਲੋਂ ਭਾਰਤ ਸਰਕਾਰ ਨੂੰ ਆਦਿਵਾਸੀ ਖੇਤਰ ਦੀ ਸਮੱਸਿਆ ਦੇ ਹੱਲ ਲਈ ਵਾਰਤਾਲਾਪ ਸ਼ੁਰੂ ਕਰਨ 'ਤੇ ਜ਼ੋਰ ਦੇਣ ਦੀ ਜ਼ੋਰਕਾਰ ਵਕਾਲਤ ਕੀਤੀ ਹੈ। ਉਹਨਾਂ ਕਿਹਾ ਕਿ ਕਾਮਰੇਡ ਡੀ. ਰਾਜਾ ਦੇ ਬਿਆਨ ਵਿੱਚ ਠੋਸ ਦਲੀਲ ਪੇਸ਼ ਕੀਤੀ ਗਈ ਹੈ ਕਿ ਭਾਜਪਾ ਹਕੂਮਤ ਗੱਲਬਾਤ ਦੇ ਰਾਹ ਤੋਂ ਭਲਾ ਮੁਨਕਰ ਕਿਉਂ ਹੋ ਰਹੀ ਹੈ।
ਕਾਮਰੇਡ ਡੀ.ਰਾਜਾ ਨੇ ਚੰਡੀਗੜ੍ਹ ਵਿੱਚ ਹੋਈ ਪਾਰਟੀ ਦੀ 25ਵੀਂ ਕੇਂਦਰੀ ਕਾਨਫਰੰਸ ਵਿੱਚ ਇਸ ਸਬੰਧੀ ਪਾਸ ਮਤੇ ਦਾ ਹਵਾਲਾ ਦਿੰਦਿਆਂ ਦਿੱਲੀ ਸਥਿਤ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਜੰਗਲ, ਜਲ, ਜ਼ਮੀਨ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਸਾਰੇ ਰਾਹ ਪੱਧਰੇ ਕਰਨ ਲਈ ਹਰ ਤਰ੍ਹਾਂ ਦੀ ਨਾਬਰ ਆਵਾਜ਼, ਪ੍ਰਤੀਰੋਧ ਦੀ ਸੰਘੀ ਨੱਪਣ ਦੇ ਰਾਹ ਪੈ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਅੱਜ 'ਮਾਓਵਾਦ ਮੁਕਤ ਭਾਰਤ ਦੀ ਗੱਲ' ਭਲਕੇ ਕਿਸੇ ਕਿਸਮ ਦੇ ਵੀ ਭਾਜਪਾ, ਆਰ.ਐਸ.ਐਸ. ਵਿਰੋਧੀ ਵਿਚਾਰ ਤੋਂ ਮੁਕਤ ਭਾਰਤ ਵਿੱਚ ਬਦਲ ਜਾਏਗੀ ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੋਏਗੀ ਇਸ ਲਈ ਸਮੇਂ ਦੀ ਤੀਬਰ ਮੰਗ ਹੈ ਕਿ ਭਾਜਪਾ ਵੱਲੋਂ ਲੋਕਾਂ ਖ਼ਿਲਾਫ਼ ਛੇੜੀ ਅੰਨ੍ਹੀ ਜੰਗ ਦੇ ਦੂਰ ਰਸ ਗੰਭੀਰ ਨਤੀਜਿਆਂ ਨੂੰ ਸਮਝਦੇ ਹੋਏ ਇਸ ਖ਼ਿਲਾਫ਼ ਵਿਸ਼ਾਲ ਜਨਤਕ ਲਹਿਰ ਉਸਾਰਨ ਲਈ ਸਮੂਹ ਲੋਕ-ਪੱਖੀ, ਜਨਤਕ ਜਮਹੂਰੀ, ਵਿਗਿਆਨਕ ਸ਼ਕਤੀਆਂ ਨੂੰ ਮਿਲ਼ ਕੇ ਅੱਗੇ ਆਉਣ ਦੀ ਲੋੜ ਹੈ।