ਪ੍ਰੋਜੈਕਟ ਜੀਵਨ ਜੋਤ 2.0-ਜਿਲੇ ‘ਚ ਬਾਲ ਭਿਖਿਆ ਖ਼ਿਲਾਫ਼ ਚੈਕਿੰਗ

ਨਵਾਂਸ਼ਹਿਰ- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਸਖ਼ਤਾਈ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਟਾਸਕ ਫੋਰਸ ਵਲੋੰ ਬੱਸ ਸਟੈਂਡ ਰੋਡ, ਗੜਸ਼ੰਕਰ ਰੋਡ ਅਤੇ ਬੰਗਾ ਰੋਡ ‘ਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਗਈ।

ਨਵਾਂਸ਼ਹਿਰ- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਤੇ  ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਸਖ਼ਤਾਈ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਟਾਸਕ ਫੋਰਸ ਵਲੋੰ ਬੱਸ ਸਟੈਂਡ ਰੋਡ, ਗੜਸ਼ੰਕਰ ਰੋਡ ਅਤੇ ਬੰਗਾ ਰੋਡ ‘ਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਗਈ। 
ਜਿਲਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਹੋਈ ਚੈਕਿੰਗ ਬਾਰੇ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਲ ਭਿੱਖਿਆ ਸਬੰਧੀ ਹੋ ਰਹੀਆਂ ਲਗਾਤਾਰ ਚੈਕਿੰਗਾਂ ਸਦਕਾ ਅੱਜ ਟੀਮ ਨੂੰ ਕੋਈ ਵੀ ਬੱਚਾ ਭੀਖ ਮੰਗਦੇ ਹੋਏ ਨਹੀਂ ਮਿਲਿਆ।
 ਉਨ੍ਹਾਂ ਦੱਸਿਆ ਕਿ ਜਿਲਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਅਤੇ ਮਜ਼ਦੂਰੀ ਨਾ ਕਰਵਾਉਣ ਸਬੰਧੀ ਜਨਤਾ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾ ਯੂਨਿਟ ਵੱਲੋਂ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਵੇਗਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। 
ਇਸ ਮੌਕੇ ਮੌਜੂਦ  ਬਾਲ ਸੁਰੱਖਿਆ ਅਫਸਰ ਰਜਿੰਦਰ ਕੌਰ ਵੱਲੋਂ ਦੁਕਾਨਦਾਰਾਂ  ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਤੌਰ ‘ਤੇ ਅਪਰਾਧ ਹੈ । ਬਾਲ ਭਿੱਖਿਆ ਨੂੰ ਜੜ ਤੋਂ ਖਤਮ ਕਰਨ ਲਈ ਬੱਚਿਆਂ ਅਤੇ ਉਨ੍ਹਾ ਦੇ ਮਾਂਪਿਆਂ  ਦੀ ਕਾਊਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ। 
ਕੰਚਨ ਅਰੋੜਾ ਨੇ ਕਿਹਾ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ‘ਤੇ ਜੁਵੇਨਾਈਲ ਜਸਟਿਸ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਭੀਖ ਮੰਗਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 416 ਤੀਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। 
ਚੈਕਿੰਗ ਟੀਮ ਵਿੱਚ ਬਾਲ ਸੁਰੱਖਿਆ ਅਫਸਰ ਰਜਿੰਦਰ ਕੌਰ ਸੀਪੀਓ ਅਤੇ ਦੀਪਕ ਕੇਸ ਵਰਕਰ, ਸੀਡੀਪੀਓ ਦਫਤਰ ਤੋਂ ਸੁਪਰਵਾਈਜ਼ਰ ਹਰਭਜਨ ਕੌਰ, ਸਿੱਖਿਆ ਵਿਭਾਗ ਤੋਂ ਪ੍ਰਾਇਮਰੀ ਟੀਚਰ ਮੋਹਿਤ ਗੁੰਬਰ,ਸਿਹਤ ਵਿਭਾਗ ਤੋਂ ਡਾਕਟਰ ਰੁਪਿੰਦਰ ਸਿੰਘ, ਪੁਲਿਸ ਵਿਭਾਗ ਤੋਂ ਅਵਤਾਰ ਸਿੰਘ ਏ ਐਸ ਆਈ ਵੀ ਮੌਜੂਦ ਸਨ।