
ਮੇਅਰ ਜੀਤੀ ਸਿੱਧੂ ਅਤੇ ਕਮਿਸ਼ਨਰ ਵੱਲੋਂ ਓਹਾੜੀ ਮਾਜਰਾ ਦੇ ਆਰ ਐਮ ਸੀ ਪੁਆਇੰਟ ਦਾ ਦੌਰਾ
ਐਸ ਏ ਐਸ ਨਗਰ, 15 ਮਾਰਚ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਗਰ ਨਿਗਮ ਦੇ ਨਵੇਂ ਆਏ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨਾਲ ਓਹਾੜੀ ਮਾਜਰਾ ਦੇ ਆਰ ਐਮ ਸੀ ਪੁਆਇੰਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਓਹਾੜੀ ਮਾਜਰਾ ਦੇ ਕੌਂਸਲਰ ਜਗਦੀਪ ਸਿੰਘ ਜੱਗਾ ਅਤੇ ਫੇਜ਼ 5 ਦੇ ਕੌਂਸਲਰ ਬਲਜੀਤ ਕੌਰ ਮੁਹਾਲੀ ਵਿਖੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਐਸ ਏ ਐਸ ਨਗਰ, 15 ਮਾਰਚ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਗਰ ਨਿਗਮ ਦੇ ਨਵੇਂ ਆਏ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨਾਲ ਓਹਾੜੀ ਮਾਜਰਾ ਦੇ ਆਰ ਐਮ ਸੀ ਪੁਆਇੰਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਓਹਾੜੀ ਮਾਜਰਾ ਦੇ ਕੌਂਸਲਰ ਜਗਦੀਪ ਸਿੰਘ ਜੱਗਾ ਅਤੇ ਫੇਜ਼ 5 ਦੇ ਕੌਂਸਲਰ ਬਲਜੀਤ ਕੌਰ ਮੁਹਾਲੀ ਵਿਖੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਫਾਈ ਜਾਂ ਕੂੜੇ ਪੱਖੋਂ ਓਹਾੜੀ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਡੰਪਿੰਗ ਗਰਾਊਂਡ ਬੰਦ ਹੋਣ ਕਾਰਨ ਆਰ ਐਮ ਸੀ ਪੁਆਇੰਟਾਂ ਉੱਤੇ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਉੱਥੇ ਹੀ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਫਾਈ ਠੇਕੇਦਾਰਾਂ ਨੂੰ ਤਾੜਨਾ ਕੀਤੀ ਕਿ ਆਰ.ਐਮ.ਸੀ. ਪੁਆਇੰਟਾਂ ਤੋਂ ਫੌਰੀ ਤੌਰ 'ਤੇ ਕੂੜਾ ਚੁਕਵਾਇਆ ਜਾਵੇ ਅਤੇ ਸਾਫ਼ ਸਫਾਈ ਦੇ ਬਿਹਤਰ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਇੱਥੇ ਪਏ ਕੂੜੇ ਉੱਤੇ ਉਨ੍ਹਾਂ ਦੇ ਨਾਲ ਆਏ ਸ੍ਰੀ ਚੰਦਰਮੁਖੀ ਵੱਲੋਂ ਸਿੱਧੂ ਫਾਊਂਡੇਸ਼ਨ ਦੇ ਤਹਿਤ ਸਪਰੇਅ ਕਰਵਾਇਆ ਗਿਆ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇਸ ਸਪਰੇਅ ਦਾ ਟਰਾਇਲ ਕੀਤਾ ਜਾ ਰਿਹਾ ਹੈ। ਇਹ ਸਪਰੇਅ ਕਰਨ ਤੋਂ ਬਾਅਦ ਮੱਖੀ ਜਾਂ ਮੱਛਰ ਕੂੜੇ ਉੱਤੇ ਨਹੀਂ ਆਉਂਦੇ ਅਤੇ ਕੂੜਾ ਆਪਣੇ ਆਪ ਡੀ-ਕੰਪੋਜ਼ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਲਾਸਟਿਕ, ਕੰਚ ਜਾਂ ਮਿੱਟੀ ਡੀ-ਕੰਪੋਜ਼ ਨਹੀਂ ਹੁੰਦੇ ਪਰ ਘਰੇਲੂ ਰਸੋਈ ਦਾ ਕੂੜਾ ਕੁੱਝ ਸਪਰੇਆਂ ਬਾਅਦ ਆਸਾਨੀ ਨਾਲ ਡੀ-ਕੰਪੋਜ਼ ਹੋ ਕੇ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਨਾਲ ਕੂੜੇ ਦੀ ਮਾਤਰਾ ਵੀ ਕਾਫ਼ੀ ਘੱਟ ਜਾਂਦੀ ਹੈ ਅਤੇ ਖਾਦ ਵੱਖ-ਵੱਖ ਪਾਰਕਾਂ ਵਿੱਚ ਵਰਤੀ ਜਾ ਸਕਦੀ ਹੈ।
ਇਸ ਮੌਕੇ ਮੇਅਰ ਨੇ ਵਿਸ਼ੇਸ਼ ਤੌਰ 'ਤੇ ਓਹਾੜੀ ਮਾਜਰਾ ਅਤੇ ਫੇਜ਼ ਪੰਜ ਦੀ ਗ੍ਰੀਨ ਬੈਲਟ (ਜਿੱਥੇ ਆਪਣੀ ਮੰਡੀ ਲੱਗਦੀ ਹੈ) ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਥਾਂ ਦੀ ਸਫਾਈ ਵਿਵਸਥਾ ਠੀਕ ਕਰਨ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਮੰਡੀ ਲੱਗਣ ਤੋਂ ਬਾਅਦ ਇੱਥੇ ਸਫਾਈ ਕਰਨ ਲਈ ਠੇਕਾ ਵੀ ਦਿੱਤਾ ਗਿਆ ਹੈ, ਪਰ ਇਹ ਠੇਕੇਦਾਰ ਠੀਕ ਢੰਗ ਨਾਲ ਕੰਮ ਨਹੀਂ ਕਰਦਾ, ਜਿਸ ਦੀ ਸ਼ਿਕਾਇਤ ਮੰਡੀ ਬੋਰਡ ਵੱਲੋਂ ਲਿਖਤੀ ਤੌਰ 'ਤੇ ਕੀਤੀ ਜਾਵੇਗੀ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਹਾਲੇ ਮੁਹਾਲੀ ਦੀਆਂ ਮੁੱਖ ਸਮੱਸਿਆਵਾਂ ਬਾਰੇ ਜਾਣੂ ਹੋ ਰਹੇ ਹਨ ਅਤੇ ਇਨ੍ਹਾਂ ਦੇ ਤਰਤੀਬਵਾਰ ਹੱਲ ਕੱਢੇ ਜਾਣਗੇ।
