
ਸਿਹਤ ਵਿਭਾਗ ਸਵਾਈਨ ਫਲੂ ਦੀ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਚੌਕਸ -ਸਿਵਲ ਸਰਜਨ ਡਾ ਜਸਪ੍ਰੀਤ ਕੌਰ
ਨਵਾਂਸ਼ਹਿਰ - ਸਿਵਲ ਸਰਜਨ ਡਾ ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਸ਼ੁੱਕਰਵਾਰ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ, ਬਾਇਓ ਮੈਡੀਕਲ ਵੇਸਟ ਮੈਨੇਜਮੈਂਟ, ਪੀ.ਪੀ.ਈ. ਨੂੰ ਸੁਰੱਖਿਅਤ ਪਾਉਣ ਤੇ ਉਤਾਰਨ ਦੇ ਕ੍ਰਮ, ਇਲਾਜ ਪ੍ਰਬੰਧਨ ਸਬੰਧੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਿਹਤ ਬਲਾਕਾਂ ਦੇ ਮੈਡੀਕਲ ਅਫਸਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਤੇ ਐਲ ਐਚ ਵੀਜ ਨੇ ਭਾਗ ਲਿਆ।
ਨਵਾਂਸ਼ਹਿਰ - ਸਿਵਲ ਸਰਜਨ ਡਾ ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਸ਼ੁੱਕਰਵਾਰ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ, ਬਾਇਓ ਮੈਡੀਕਲ ਵੇਸਟ ਮੈਨੇਜਮੈਂਟ, ਪੀ.ਪੀ.ਈ. ਨੂੰ ਸੁਰੱਖਿਅਤ ਪਾਉਣ ਤੇ ਉਤਾਰਨ ਦੇ ਕ੍ਰਮ, ਇਲਾਜ ਪ੍ਰਬੰਧਨ ਸਬੰਧੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਿਹਤ ਬਲਾਕਾਂ ਦੇ ਮੈਡੀਕਲ ਅਫਸਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਤੇ ਐਲ ਐਚ ਵੀਜ ਨੇ ਭਾਗ ਲਿਆ। ਡਾ. ਜਸਪ੍ਰੀਤ ਕੌਰ ਨੇ ਇਲਾਜ ਪ੍ਰਬੰਧਨ ਸਬੰਧੀ ਦੱਸਿਆ ਕਿ ਖਾਂਸੀ, ਜ਼ੁਖ਼ਾਮ, ਬੁਖਾਰ ਦੇ ਮਰੀਜ਼ਾਂ ਨੂੰ ਤਿੰਨ ਕੈਟਾਗਰੀਆਂ ਏ,ਬੀ, ਸੀ ਵਿੱਚ ਰੱਖ ਕੇ ਇਲਾਜ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਹਰ ਸੰਭਵ ਇਲਾਜ ਕੀਤਾ ਜਾ ਸਕੇ ਅਤੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਵੱਖਰੀ ਪਹਿਚਾਣ ਕੀਤੀ ਜਾ ਸਕੇ। ਜੇਕਰ ਕਿਸੇ ਮਰੀਜ਼ ਨੂੰ ਹਲਕਾ ਬੁਖਾਰ, ਗਲਾ ਖਰਾਬ ਅਤੇ ਜੁਖਾਮ ਹੈ ਤਾਂ ਉਹ ਏ ਕੈਟਾਗਰੀ ਵਿੱਚ ਆਉਂਦਾ ਹੈ ਤੇ ਅਜਿਹੇ ਮਰੀਜ਼ਾਂ ਨੂੰ ਦਵਾਈ ਦੇ ਕੇ ਇਲਾਜ ਕੀਤਾ ਜਾਂਦਾ ਹੈ। ਬੀ ਕੈਟਾਗਰੀ ਵਿੱਚ ਉਹ ਮਰੀਜ਼ ਆਉਂਦੇ ਹਨ, ਜਿਨ੍ਹਾਂ ਦਾ ਗਲਾ ਖਰਾਬ ਹੁੰਦਾ ਹੈ ਅਤੇ ਬੁਖਾਰ 102 ਤੋਂ ਵੱਧ ਹੁੰਦਾ ਹੈ, ਉਨ੍ਹਾਂ ਨੂੰ ਘਰ 'ਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸੀ ਕੈਟਾਗਰੀ ਵਿੱਚ ਉਹ ਮਰੀਜ਼ ਆਉਂਦੇ ਹਨ, ਜਿਨਾਂ ਦਾ ਗਲਾ ਹੱਦ ਤੋਂ ਵੱਧ ਖਰਾਬ ਹੈ, ਥਕਾਵਟ ਹੁੰਦੀ ਹੈ ਅਤੇ ਥੁੱਕ ਵਿੱਚ ਖੂਨ ਆਉਂਦਾ ਹੈ । ਉਨ੍ਹਾਂ ਨੂੰ ਇਲਾਜ ਲਈ ਦਾਖਲ ਕੀਤਾ ਜਾਂਦਾ ਹੈ ਅਤੇ ਅਜਿਹੇ ਮਰੀਜ਼ਾਂ ਦੇ ਸੈਂਪਲ ਲਏ ਜਾਂਦੇ ਹਨ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਦੇ ਹੋਰ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕ ਆਪਣੀ ਸਿਹਤ ਸਬੰਧੀ ਵਿਸ਼ੇਸ਼ ਧਿਆਨ ਰੱਖ ਸਕਣ। ਜੇਕਰ ਕਿਸੇ ਵੀ ਵਿਆਕਤੀ ਵਿਚ ਸਾਹ ਦਾ ਚੜਨਾ, ਖਾਂਸੀ, ਗਲੇ ਵਿੱਚ ਖਰਾਸ, ਤੇਜ ਬੁਖਾਰ, ਸਿਰ ਦਰਦ, ਸਰੀਰ ਵਿਚ ਦਰਦ, ਠੰਡ ਲੱਗਣਾ ਅਤੇ ਸਰੀਰ ਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਾ. ਪਾਲ ਨੇ ਦੱਸਿਆ ਕਿ ਆਮ ਲੋਕਾਂ ਖਾਸ ਤੌਰ ‘ਤੇ ਇਮਿਊਨੋ-ਕੰਪ੍ਰੋਮਾਈਜ਼ਡ ਵਿਅਕਤੀਆਂ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ। ਇਮਿਊਨੋ-ਕੰਪ੍ਰੋਮਾਈਜ਼ਡ ਵਿਅਕਤੀਆਂ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਪਰ ਜੇਕਰ ਕੋਈ ਵਿਅਕਤੀ ਤੰਦਰੁਸਤ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਕਿ ਇਹ ਬਿਮਾਰੀ 10 ਦਿਨਾਂ ਵਿੱਚ ਆਪਣੇ-ਆਪ ਠੀਕ ਹੋ ਜਾਂਦੀ ਹੈ। ਸਾਵਧਾਨੀਆਂ ਦੇ ਤੌਰ 'ਤੇ ਮਾਸਕ ਪਹਿਨਣਾ , ਨਿਯਮਤ ਤੌਰ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ, ਤਰਲ ਪਦਾਰਥਾਂ ਦੀ ਜਿਆਦਾ ਵਰਤੋਂ ਕਰਨ, ਬੁਖਾਰ ਹੋਣ 'ਤੇ ਪੈਰਾਸੀਟਾਮੋਲ ਗੋਲੀ ਲੈਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਐਪੀਡੀਮੋਲੋਜਿਸਟ (ਆਈ ਡੀ ਐੱਸ ਪੀ) ਸਿਆਮਾਵੇਦਾ ਦੇਵੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
