
ਐਫ.ਏ.ਓ. ਦੀ ਟੀਮ ਨੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਕੀਤਾ ਦੌਰਾ
ਪਟਿਆਲਾ, 15 ਦਸੰਬਰ - ਐਫ.ਏ.ਓ. ਦੀ ਟੀਮ ਅਤੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਡਾ. ਅਰੁਣ ਗੋਇਲ ਵੱਲੋਂ ਅੱਜ ਪਟਿਆਲਾ ਦੇ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਵਿੱਚ ਖੇਤੀਬਾੜੀ ਦਾ ਭਵਿੱਖ, ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਅੱਜ ਦੇ ਸਮੇਂ ਦੇ ਬਹੁਤ ਹੀ ਗੰਭੀਰ ਮੁੱਦੇ, "ਫ਼ਸਲੀ ਵਿਭਿੰਨਤਾ" ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ।
ਪਟਿਆਲਾ, 15 ਦਸੰਬਰ - ਐਫ.ਏ.ਓ. ਦੀ ਟੀਮ ਅਤੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਡਾ. ਅਰੁਣ ਗੋਇਲ ਵੱਲੋਂ ਅੱਜ ਪਟਿਆਲਾ ਦੇ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਵਿੱਚ ਖੇਤੀਬਾੜੀ ਦਾ ਭਵਿੱਖ, ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਅੱਜ ਦੇ ਸਮੇਂ ਦੇ ਬਹੁਤ ਹੀ ਗੰਭੀਰ ਮੁੱਦੇ, "ਫ਼ਸਲੀ ਵਿਭਿੰਨਤਾ" ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਵਿਸ਼ੇ 'ਤੇ ਚਰਚਾ ਕਰਦਿਆਂ ਜੁਆਇੰਟ ਡਾਇਰੈਕਟਰ ਡਾ. ਅਰੁਣ ਗੋਇਲ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਹੁਤ ਹੀ ਨਾਜ਼ੁਕ ਹੈ, ਜਿਨ੍ਹਾਂ ਵਿੱਚ ਸੰਗਰੂਰ ਅਤੇ ਪਟਿਆਲਾ ਸਭ ਤੋਂ ਅੱਗੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਫ਼ਸਲੀ ਵਿਭਿੰਨਤਾ ਦੀ ਬਹੁਤ ਲੋੜ ਹੈ।
ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜੇਕਰ ਸਰਕਾਰ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵਧਾਉਣਾ ਚਾਹੁੰਦੀ ਹੈ ਤਾਂ ਫ਼ਸਲੀ ਵਿਭਿੰਨਤਾ ਵਾਲੀਆਂ ਫ਼ਸਲਾਂ ਜਿਵੇਂ ਕਿ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦਾ ਘੱਟੋ-ਘੱਟ ਮੁੱਲ ਨਿਸ਼ਚਿਤ ਕਰਨਾ ਪਏਗਾ। ਉਹਨਾਂ ਕਿਹਾ ਕਿ ਚਾਹੇ ਸਰਕਾਰ ਇਹਨਾਂ ਫ਼ਸਲਾਂ ਦੀ ਖਰੀਦ ਨਾ ਕਰੇ ਪਰ ਇਹ ਯਕੀਨੀ ਬਣਾਵੇ ਕਿ ਮੰਡੀ ਵਿੱਚ ਇਹਨਾਂ ਫ਼ਸਲਾਂ ਦੀ ਖਰੀਦ ਦੀ ਬੋਲੀ ਇਸੇ ਨਿਰਧਾਰਿਤ ਕੀਤੇ ਮੁੱਲ ਤੋਂ ਸ਼ੁਰੂ ਹੋਏਗੀ। ਇਥੇ ਇਹ ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਪਿਛਲੇ 27 ਸਾਲਾਂ ਤੋਂ ਫਲੋਰੀਕਲਚਰ, ਵਰਮੀਕਲਚਰ ਅਤੇ ਮੱਛੀ ਪਾਲਣ ਰਾਹੀਂ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਹੋਇਆ ਹੈ, ਜਿਸ ਲਈ ਉਹਨਾਂ ਨੂੰ "ਨੈਸ਼ਨਲ ਐਵਾਰਡ" ਨਾਲ ਸਨਮਾਨਤ ਵੀ ਕੀਤਾ ਗਿਆ ਹੈ। ਇਸ ਮੌਕੇ ਪਟਿਆਲਾ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਮੇਲ ਸਿੰਘ ਦੇ ਨਾਲ-ਨਾਲ ਡਾ. ਵਿਮਲਪ੍ਰੀਤ, ਅਗਾਂਹਵਧੂ ਕਿਸਾਨ ਨਵਜੋਤ ਸਿੰਘ ਅਤੇ ਕਰਮਜੀਤ ਸਿੰਘ ਵੀ ਮੌਜੂਦ ਰਹੇ।
