
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਅੱਜ ਦਾਖ਼ਲ ਕੀਤੇ ਜਾਣਗੇ
ਪਟਿਆਲਾ, 5 ਦਸੰਬਰ - ਇਸ ਮਹੀਨੇ ਦੀ 15 ਤਰੀਕ ਨੂੰ ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਹੋ ਰਹੀਆਂ ਚੋਣਾਂ ਵਿੱਚ 1801 ਵਕੀਲ ਬਾਰ ਦੀ ਨਵੀਂ ਟੀਮ ਚੁਣਨ ਲਈ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ।
ਪਟਿਆਲਾ, 5 ਦਸੰਬਰ - ਇਸ ਮਹੀਨੇ ਦੀ 15 ਤਰੀਕ ਨੂੰ ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਹੋ ਰਹੀਆਂ ਚੋਣਾਂ ਵਿੱਚ 1801 ਵਕੀਲ ਬਾਰ ਦੀ ਨਵੀਂ ਟੀਮ ਚੁਣਨ ਲਈ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਵਕੀਲਾਂ ਦੀ ਇਹ ਗਿਣਤੀ ਆਡਿਟ ਕਮੇਟੀ ਦੀ ਮੀਟਿੰਗ ਮਗਰੋਂ ਸਾਹਮਣੇ ਆਈ ਹੈ। 6 ਦਸੰਬਰ ਨੂੰ ਵੱਖ ਵੱਖ ਵਕੀਲਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣਗੇ। ਇਸ ਮਗਰੋਂ ਇਨ੍ਹਾਂ ਕਾਗ਼ਜ਼ਾਂ ਦੀ ਜਾਂਚ ਹੋਵੇਗੀ ਅਤੇ 8 ਦਸੰਬਰ ਤਕ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। 6 ਪ੍ਰਮੁੱਖ ਅਹੁਦੇਦਾਰਾਂ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਖ਼ਜ਼ਾਨਚੀ, ਜੁਆਇੰਟ ਸਕੱਤਰ ਅਤੇ ਲਾਇਬ੍ਰੇਰੀ ਇੰਚਾਰਜ ਤੋਂ ਇਲਾਵਾ 10 ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਸ ਚੋਣ ਵਿੱਚ ਰਾਕੇਸ਼ ਗੁਪਤਾ ਅਤੇ ਐਮ ਐਸ ਟਿਵਾਣਾ ਧੜਿਆਂ ਵਿਚਾਲੇ ਟਾਕਰਾ ਹੈ। ਦੋਵਾਂ ਨੇ ਆਪੋ ਆਪਣੇ ਪ੍ਰਮੁੱਖ ਅਹੁਦੇਦਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ ਪਰ ਕਾਰਜਕਾਰਨੀ ਮੈਂਬਰਾਂ ਦੇ ਨਾਂ ਅਜੇ ਸਾਹਮਣੇ ਨਹੀਂ ਆਯੇ। ਟਿਵਾਣਾ ਗਰੁੱਪ ਦੇ ਪ੍ਰਮੁੱਖ ਉਮੀਦਵਾਰਾਂ ਦੇ ਨਾਂਵਾਂ ਵਿੱਚ ਖ਼ੁਦ ਐਮ ਐਸ ਟਿਵਾਣਾ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ ਜਦਕਿ ਬਾਕੀਆਂ ਵਿੱਚ ਸਵੀ ਦੇਵ ਸਿੰਘ (ਸੈਂਡੀ ਘੁੰਮਣ) ਮੀਤ ਪ੍ਰਧਾਨ, ਜਗਦੀਸ਼ ਸ਼ਰਮਾ ਸਕੱਤਰ, ਦੀਪਕ ਜਿੰਦਲ ਜੁਆਇੰਟ ਸਕੱਤਰ, ਗੁਰਜੀਤ ਸਿੰਘ ਬਾਵਾ ਖ਼ਜ਼ਾਨਚੀ ਅਤੇ ਮਨਪ੍ਰੀਤ ਚੀਮਾ ਲਾਇਬ੍ਰੇਰੀ ਇੰਚਾਰਜ ਸ਼ਾਮਲ ਹਨ। ਦੂਜੇ ਧੜੇ ਦੇ ਰਾਕੇਸ਼ ਗੁਪਤਾ ਪ੍ਰਧਾਨਗੀ ਲਈ ਚੋਣ ਮੈਦਾਨ ਵਿੱਚ ਹਨ। ਇਸ ਧੜੇ ਦੇ ਹੋਰਨਾਂ ਉਮੀਦਵਾਰਾਂ ਵਿੱਚ ਅਮਨ ਮਾਥੁਰ (ਮੀਤ ਪ੍ਰਧਾਨ), ਤੇਗਬੀਰ ਸਿੰਘ ਢਿੱਲੋਂ (ਸਕੱਤਰ), ਹਰਮਿੰਦਰ ਸਿੰਘ ਆਹਲੂਵਾਲੀਆ (ਜੁਆਇੰਟ ਸਕੱਤਰ), ਮਨਪ੍ਰੀਤ ਕੌਰ (ਖ਼ਜ਼ਾਨਚੀ) ਅਤੇ ਜਸਦੀਪ ਸਿੰਘ ਪਨੂੰ (ਲਾਇਬ੍ਰੇਰੀ ਇੰਚਾਰਜ) ਸ਼ਾਮਲ ਹਨ। ਪੋਲਿੰਗ 15 ਦਸੰਬਰ ਨੂੰ ਹੋਵੇਗੀ ਅਤੇ ਇਸੇ ਦਿਨ ਦੇਰ ਰਾਤ ਨਤੀਜਿਆਂ ਦੇ ਐਲਾਨ ਦੀ ਸੰਭਾਵਨਾ ਹੈ।
