
ਸਮਾਜ ਦੇ ਹਰ ਵਰਗ ਦੇ ਪੀੜਤ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੇ ਹੱਲ ਲਈ ਲਾਮਬੰਦੀ ਕਰੇਗਾ ਪ੍ਰੋਗਰੈਸਿਵ ਫਰੰਟ ਪੰਜਾਬ
ਐਸ.ਏ.ਐਸ. ਨਗਰ, 28 ਜੂਨ- ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸੰਬੰਧੀ ਪਲੇਠੀ ਕਾਨਫਰੰਸ ਮੁਹਾਲੀ ਦੇ ਫੇਜ਼ 10 ਵਿੱਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ।
ਐਸ.ਏ.ਐਸ. ਨਗਰ, 28 ਜੂਨ- ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸੰਬੰਧੀ ਪਲੇਠੀ ਕਾਨਫਰੰਸ ਮੁਹਾਲੀ ਦੇ ਫੇਜ਼ 10 ਵਿੱਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ।
ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਨਵੀਂ ਬਣੀ ਸੰਸਥਾ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਨਵੀਂ ਜਥੇਬੰਦੀ ਦੇ ਉਦੇਸ਼ਾਂ ਅਤੇ ਕਾਰਜਸ਼ੈਲੀ ਸੰਬੰਧੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫਰੰਟ ਸਮਾਜ ਵਿੱਚ ਹਰ ਵਰਗ ਦੇ ਪੀੜਤ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੇਗਾ ਅਤੇ ਉਨ੍ਹਾਂ ਨੂੰ ਹੱਲ ਕਰਾਉਣ ਦੇ ਲਈ ਲਾਮਬੰਦੀ ਕਰੇਗਾ।
ਸ੍ਰੀ ਧਾਲੀਵਾਲ ਨੇ ਪੰਜਾਬ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਵਿਅਕਤੀਆਂ ਤੇ ਰਾਜਨੀਤਕ ਪਾਰਟੀਆਂ ਦੇ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਵਿੱਚ ਰਾਜਨੀਤੀਵਾਨਾਂ ਅਤੇ ਨੌਕਰਸ਼ਾਹਾਂ ਦਾ ਗਠਜੋੜ ਹੈ ਜੋ ਆਪਸ ਵਿੱਚ ਮਿਲ ਕੇ ਲੋਕਾਂ ਦੀ ਲੁੱਟ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪ੍ਰੋਗਰੈਸਿਵ ਫਰੰਟ ਪੰਜਾਬ ਵਿੱਚ ਵੱਡੇ ਪੱਧਰ ’ਤੇ ਭਰਤੀ ਮੁਹਿੰਮ ਚਲਾਵੇਗਾ ਅਤੇ ਸਾਰੇ ਪੰਜਾਬ ਵਿੱਚ ਫਰੰਟ ਦੀਆਂ ਇਕਾਈਆਂ ਦਾ ਗਠਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਜਿਹਨਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਉਨ੍ਹਾਂ ਨੂੰ ਹੱਲ ਕਰਾਉਣ ਦੇ ਲਈ ਲੋਕਾਂ ਨੂੰ ਲਾਮਬੰਦ ਕਰਕੇ ਮੁਹਿੰਮ ਵਿੱਢੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਫਰੰਟ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਉਨ੍ਹਾਂ ਦਾ ਜਥੇਬੰਦੀਆਂ ਵਿੱਚ ਕੰਮ ਕਰਨ ਦਾ ਲੰਮਾ-ਚੌੜਾ ਤਜਰਬਾ ਹੈ। ਉਹ ਇਸ ਤਜਰਬੇ ਦੇ ਅਨੁਸਾਰ ਕਰੰਟ ਵਿੱਚ ਸ਼ਾਮਲ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੱਖ-ਵੱਖ ਵਰਗਾਂ ਦੀਆਂ ਸੰਬੰਧਿਤ ਸਮੱਸਿਆਵਾਂ ਦਾ ਸਾਂਝਾ ਪਲੇਟਫਾਰਮ ਤਿਆਰ ਕਰਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨਗੇ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਮੈਨੀਫੈਸਟੋ ਬਾਰੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਸੰਘਰਸ਼ ਲਈ ਤਿਆਰ ਕਰਨਗੇ।
ਸਮਾਗਮ ਵਿੱਚ ਸਟੇਜ ਸਕੱਤਰ ਦੀ ਜਿੰਮੇਵਾਰੀ ਫਰੰਟ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਮਨੌਲੀ ਸੂਰਤ (ਸੇਵਾਮੁਕਤ ਇੰਸਪੈਕਟਰ) ਨੇ ਨਿਭਾਈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਅਧਿਕਾਰੀ ਅਤੇ ਕਰਮਚਾਰੀ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਿਰਕਤ ਕੀਤੀ।
ਸਮਾਗਮ ਦੌਰਾਨ ਫਰੰਟ ਵੱਲੋਂ 25 ਮੰਗਾਂ ਵਾਲਾ ਚਾਰਟਰ ਵੀ ਤਿਆਰ ਕੀਤਾ ਗਿਆ, ਜਿਸ ਵਿੱਚ ਮੁਹਾਲੀ ਇਲਾਕੇ ਅਤੇ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਫਰੰਟ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਸਾਹਮਣੇ ਮੰਗ ਚਾਰਟਰ ਪੇਸ਼ ਕਰੇਗਾ ਅਤੇ ਉਨ੍ਹਾਂ ਨੂੰ ਹੱਲ ਕਰਾਉਣ ਲਈ ਉਪਰਾਲਾ ਕਰੇਗਾ।
ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਨਛੱਤਰ ਸਿੰਘ ਬੈਦਵਾਨ, ਗਿਆਨ ਸਿੰਘ ਧੜਾਕ (ਸਾਰੇ ਕਿਸਾਨ ਆਗੂ), ਗੀਤਕਾਰ ਭੁੱਟੀ ਭੜੀ ਵਾਲਾ, ਡਾਕਟਰ ਜਸਪਾਲ ਸਿੰਘ ਲਖਨੌਰ, ਰਵਿੰਦਰ ਸਿੰਘ ਉਪ ਪ੍ਰਧਾਨ ਸਹਿਜਧਾਰੀ ਸਿੱਖ ਪਾਰਟੀ, ਅਵਤਾਰ ਸਿੰਘ ਗਿੱਲ ਸਾਬਕਾ ਪ੍ਰਿੰਸੀਪਲ, ਓਮ ਪ੍ਰਕਾਸ਼ ਬਿਲਡਰ, ਜਸਪਾਲ ਸਿੰਘ ਸੋਹਾਣਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਜ਼ਿਕਰਯੋਗ ਹੈ ਕਿ ਫਰੰਟ ਨਾਲ ਸੰਬੰਧਿਤ ਆਗੂਆਂ ਦੀ ਅਗਵਾਈ ਹੇਠ ਪਹਿਲਾਂ ਹੀ ਆਮ ਆਦਮੀ ਘਰ ਬਚਾਓ ਮੋਰਚਾ ਨਾਮ ਦੀ ਜਥੇਬੰਦੀ ਕੰਮ ਕਰ ਰਹੀ ਸੀ ਜਿਸ ਨੂੰ ਅੱਜ ਭੰਗ ਕਰਕੇ ਪ੍ਰੋਗਰੈਸਿਵ ਫਰੰਟ ਪੰਜਾਬ ਨਾਮ ਦੀ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਫਰੰਟ ਦੀ 15 ਮੈਂਬਰੀ ਕਾਰਜਕਾਰਨੀ ਟੀਮ ਦੀ ਲਿਸਟ ਵੀ ਪੇਸ਼ ਕੀਤੀ ਗਈ।
ਜਿਸ ਵਿੱਚ ਮੀਤ ਪ੍ਰਧਾਨ ਨਰਿੰਦਰ ਸਿੰਘ ਜੌਲੀ, ਰਾਣਾ ਸੋਹਣ ਸਿੰਘ ਮਛਲੀ ਕਲਾਂ, ਪਰਮਜੀਤ ਸਿੰਘ ਸਵਾੜਾ, ਲੀਗਲ ਐਡਵਾਈਜ਼ਰ ਐਡਵੋਕੇਟ ਅਮਰਜੀਤ ਸਿੰਘ ਲੌਂਗੀਆ, ਐਡਵਾਈਜ਼ਰ ਰਜਨੀਸ਼ ਖੰਨਾ ਖਰੜ, ਜੁਆਇੰਟ ਸਕੱਤਰੀ ਬਲਵਿੰਦਰ ਕੌਰ ਸਿੰਘ, ਜੁਆਇੰਟ ਸਕੱਤਰੀ ਡਾਕਟਰ ਕਰਨੈਲ ਸਿੰਘ ਮਾਵੀ, ਸੋਸ਼ਲ ਮੀਡੀਆ ਇੰਚਾਰਜ ਸੋਨੂ ਆਸ਼ਾਦ ਨਡਿਆਲੀ, ਕੈਸ਼ੀਅਰ ਐਡਵੋਕੇਟ ਰੋਹਿਤ ਬਨੂੜ, ਕਾਰਜਕਾਰਨੀ ਮੈਂਬਰ ਪਰਮਜੀਤ ਸਿੰਘ ਮਲਕਪੁਰ, ਸਿਕੰਦਰ ਸਿੰਘ ਬਨੂੜ, ਕਮਲ ਹੁਸੈਨ ਆਲਮਪੁਰ ਦਾ ਨਾਮ ਸ਼ਾਮਲ ਸੀ।
ਅਖੀਰ ਵਿੱਚ ਫਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
