ਐਨ ਐਚ ਐਮ ਮੁਲਾਜ਼ਮਾਂ ਵੱਲੋਂ ਲੁਧਿਆਣਾ ਜਿਮਨੀ ਚੋਣ ਵਿੱਚ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ

ਐਸ ਏ ਐਸ ਨਗਰ, 9 ਜੂਨ- ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਲੁਧਿਆਣਾ ਜਿਮਨੀ ਚੋਣ ਵਿੱਚ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਫੈਸਲਾ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ ਹੈ।

ਐਸ ਏ ਐਸ ਨਗਰ, 9 ਜੂਨ- ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਲੁਧਿਆਣਾ ਜਿਮਨੀ ਚੋਣ ਵਿੱਚ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਫੈਸਲਾ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ ਹੈ।
ਇਸ ਸੰਬੰਧੀ ਗੱਲ ਕਰਦਿਆਂ ਐਨ ਐਚ ਐਮ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ 19 ਜਿਲ੍ਹਿਆਂ ਤੋਂ ਲਗਭਗ 80 ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਏਜੰਡਾ ਲੁਧਿਆਣਾ ਜਿਮਨੀ ਚੋਣਾਂ ਮੌਕੇ ਐਨ ਐਚ ਐਮ ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਤੈਅ ਕਰਨਾ ਸੀ। ਉਹਨਾਂ ਦੱਸਿਆ ਕਿ ਇਸ ਮੌਕੇ ਐਨ ਐਚ ਐਮ ਮੁਲਾਜ਼ਮਾਂ ਵੱਲੋਂ ਸਰਬਸੰਮਤੀ ਨਾਲ ਐਨ ਐਚ ਐਮ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਜੋ ਕਿ ਐਨ ਐਚ ਐਮ ਮੁਲਾਜ਼ਮਾਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਰਹਿਨੁਮਾਈ ਕਰੇਗੀ।
ਆਗੂਆਂ ਨੇ ਕਿਹਾ ਕਿ ਐਨ ਐਚ ਐਮ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਲਗਭਗ 50 ਤੋਂ ਵੱਧ ਕੈਟੇਗਰੀਆਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਰੰਤੂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਮੁਲਾਜ਼ਮਾਂ ਦਾ ਸਿਰਫ ਸ਼ੋਸ਼ਣ ਹੀ ਕੀਤਾ ਹੈ ਅਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਵੰਚਿਤ ਰੱਖਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਨੇ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ, ਪਰ ਅਫਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ’ਤੇ ਖਰੀ ਨਹੀਂ ਉਤਰੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅੱਜ ਦੀ ਸਰਕਾਰ ਦੇ ਮੌਜੂਦਾ ਕੈਬਿਨਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਐਨ ਐਚ ਐਮ ਮੁਲਾਜ਼ਮਾਂ ਦੁਆਰਾ ਕਾਂਗਰਸ ਸਰਕਾਰ ਵਿਰੁੱਧ ਕੀਤੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਸਰਕਾਰ ਬਣਦੇ ਸਾਰ ਹੀ ਪੱਕਾ ਕਰਨ ਦੇ ਵਾਅਦੇ ਕੀਤੇ ਗਏ ਸਨ ਅਤੇ ਸਰਕਾਰ ਬਣਨ ਉਪਰੰਤ ਸਮੇਂ-ਸਮੇਂ ’ਤੇ ਵਿਭਾਗ ਦੇ ਅਧਿਕਾਰੀਆਂ ਨਾਲ ਦਰਜਨਾਂ ਮੀਟਿੰਗਾਂ ਕਰਨ ਦੇ ਬਾਅਦ ਵੀ ਮੌਜੂਦਾ ਸਰਕਾਰ ਵੱਲੋਂ ਸਿਰਫ ਟਾਈਮ ਟਪਾਉਣ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ ਅਤੇ ਜਿਹੜੇ ਐਨ ਐਚ ਐਮ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ, ਉਹਨਾਂ ਨੂੰ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਨਾ ਤਾਂ ਪੱਕਾ ਕੀਤਾ ਗਿਆ ਅਤੇ ਨਾ ਹੀ ਕਿਸੇ ਮੁਲਾਜ਼ਮ ਦੀਆਂ ਤਨਖਾਹਾਂ ਵਿੱਚ ਕਿਸੇ ਤਰੀਕੇ ਦਾ ਕੋਈ ਵਾਧਾ ਕੀਤਾ ਗਿਆ।
 ਆਗੂਆਂ ਨੇ ਕਿਹਾ ਕਿ ਮਿੱਥੇ ਗਏ ਸੰਘਰਸ਼ ਦੇ ਤਹਿਤ 13 ਜੂਨ ਨੂੰ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਆਪਣਾ ਕੰਮ ਬੰਦ ਰੱਖ ਕੇ ਆਪਣੇ-ਆਪਣੇ ਜਿਲ੍ਹੇ, ਬਲਾਕ ’ਤੇ ਇਕੱਠੇ ਹੋ ਕੇ ਸਰਕਾਰ ਦਾ ਪੁਤਲਾ ਸਾੜਨਗੇ। 15 ਜੂਨ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ 9000 ਮੁਲਾਜ਼ਮ ਲੁਧਿਆਣਾ ਵਿਖੇ ਇੱਕ ਵੱਡੀ ਰੈਲੀ ਕਰਨਗੇ ਅਤੇ ਸਰਕਾਰ ਦਾ ਪੁਤਲਾ ਸਾੜਦੇ ਹੋਏ ਸਥਾਨਕ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨਗੇ।
ਮੀਟਿੰਗ ਵਿੱਚ ਅਵਤਾਰ ਸਿੰਘ ਮਾਨਸਾ, ਸੁਖਜੀਤ ਕੰਬੋਜ ਰੋਪੜ, ਡਾ. ਸੁਨੀਲ ਤਰਗੋਤਰਾ ਗੁਰਦਾਸਪੁਰ, ਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬ, ਹਰਪਾਲ ਸੋਢੀ ਫਤਿਹਗੜ੍ਹ ਸਾਹਿਬ, ਦੀਪਸ਼ਿਖਾ ਕਸ਼ਯਪ ਮੁਹਾਲੀ, ਪ੍ਰਿਤਪਾਲ ਸਿੰਘ ਲੁਧਿਆਣਾ, ਰਜੇਸ਼ ਕੁਮਾਰ ਫਾਜਿਲਕਾ, ਸੁਰਿੰਦਰ ਕੰਬੋਜ, ਨਰਿੰਦਰ ਸਿੰਘ ਫਿਰੋਜਪੁਰ, ਰਮਨਵੀਰ ਕੌਰ ਬਠਿੰਡਾ, ਗੁਰਵਿੰਦਰ ਸਿੰਘ ਮੋਗਾ, ਅਵਤਾਰ ਸਿੰਘ ਅੰਮ੍ਰਿਤਸਰ, ਰਵਿੰਦਰ ਕੌਰ ਤਰਨਤਾਰਨ, ਡਾ. ਸੁਨੀਲ ਨਵਾਂਸ਼ਹਿਰ, ਡਾ. ਜਤਿੰਦਰ ਸਿੰਘ ਮਲੇਰਕੋਟਲਾ, ਰਜਿੰਦਰ ਸਿੰਘ ਸੰਗਰੂਰ, ਡਾ. ਵਿਪਨ ਜਲੰਧਰ ਹਾਜਰ ਸਨ।