ਮੁਕਤਸਰ ਵਿਚ ਸਿਹਤ ਅਧਿਕਾਰੀਆਂ ਨੇ ਸ਼ਰਾਬ ਦੇ ਨਮੂਨੇ ਲਏ

ਮੁਕਤਸਰ, 05 ਜੂਨ- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਾਲ ਹੀ ’ਚ ਵਾਪਰੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਮੱਦੇਨਜ਼ਰ ਮੁਕਤਸਰ ਦੇ ਸਿਹਤ ਅਧਿਕਾਰੀਆਂ ਨੇ ਲਗਭਗ ਦੋ ਸਾਲਾਂ ਵਿੱਚ ਪਹਿਲੀ ਵਾਰ ਜਾਂਚ ਲਈ ਸ਼ਰਾਬ ਦੇ ਨਮੂਨੇ ਇਕੱਠੇ ਕਰਨ ਦੀ ਕਾਰਵਾਈ ਕੀਤੀ ਹੈ।

ਮੁਕਤਸਰ, 05 ਜੂਨ- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਾਲ ਹੀ ’ਚ ਵਾਪਰੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਮੱਦੇਨਜ਼ਰ ਮੁਕਤਸਰ ਦੇ ਸਿਹਤ ਅਧਿਕਾਰੀਆਂ ਨੇ ਲਗਭਗ ਦੋ ਸਾਲਾਂ ਵਿੱਚ ਪਹਿਲੀ ਵਾਰ ਜਾਂਚ ਲਈ ਸ਼ਰਾਬ ਦੇ ਨਮੂਨੇ ਇਕੱਠੇ ਕਰਨ ਦੀ ਕਾਰਵਾਈ ਕੀਤੀ ਹੈ।
ਜ਼ਿਲ੍ਹਾ ਸਿਹਤ ਅਧਿਕਾਰੀ (ਡੀਐੱਚਓ) ਮੁਕਤਸਰ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹੇ ਦੇ ਦੋ ਲਾਇਸੈਂਸ ਸ਼ੁਦਾ ਸ਼ਰਾਬ ਠੇਕਿਆਂ ਤੋਂ ਚਾਰ ਨਮੂਨੇ ਲਏ ਗਏ ਸਨ। ਉਨ੍ਹਾਂ ਮੰਨਿਆ ਕਿ ਇਹ ਲਗਪਗ ਦੋ ਸਾਲਾਂ ਦੇ ਅੰਤਰਾਲ ਤੋਂ ਬਾਅਦ ਕੀਤੀ ਗਈ ਪਹਿਲੀ ਅਜਿਹੀ ਕਾਰਵਾਈ ਹੈ। ਉਨ੍ਹਾਂ ਕਿਹਾ, “ਇਕੱਠੇ ਕੀਤੇ ਸ਼ਰਾਬ ਦੇ ਨਮੂਨੇ ਵਿਸ਼ਲੇਸ਼ਣ ਲਈ ਖਰੜ ਵਿੱਚ ਪੰਜਾਬ ਰਾਜ ਜਨ ਸਿਹਤ ਪ੍ਰਯੋਗਸ਼ਾਲਾ ਨੂੰ ਭੇਜੇ ਗਏ ਹਨ। ਟੈਸਟ ਦੇ ਨਤੀਜੇ ਅਗਲੇ ਦੋ ਹਫ਼ਤਿਆਂ ਦੇ ਅੰਦਰ ਆਉਣ ਦੀ ਉਮੀਦ ਹੈ।’’
ਹਾਲਾਂਕਿ ਨਮੂਨੇ ਲੈਣ ਵਿੱਚ ਇੰਨੀ ਲੰਬੀ ਦੇਰੀ ਨੇ ਗੁਣਵੱਤਾ ਜਾਂਚ ਦੀ ਬਾਰੰਬਾਰਤਾ ਬਾਰੇ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਨਿਵਾਸੀਆਂ ਅਤੇ ਕਾਰਕੁਨਾਂ ਨੇ ਸਖ਼ਤੀ ਨਾਲ ਨਿਯਮਾਂ ਨੂੰ ਲਾਗੂ ਕਰਨ ਅਤੇ ਨਿਯਮਤ ਜਾਂਚ ਦੀ ਮੰਗ ਕੀਤੀ ਹੈ। 
ਵਸਨੀਕਾਂ ਨੇ ਕਿਹਾ, ‘‘”ਸਿਰਫ ਸ਼ਰਾਬ ਹੀ ਨਹੀਂ, ਸਿਹਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਤਰ੍ਹਾਂ ਦੇ ਖਾਣ-ਪੀਣ ਵਾਲੇ ਪਦਾਰਥਾਂ ਦੇ ਨਮੂਨੇ ਨਿਯਮਿਤ ਤੌਰ ’ਤੇ ਲਏ ਜਾਣ।’’ ਉਧਰ ਮੁਕਤਸਰ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਰਾਬ ਦੇ ਹੋਰ ਨਮੂਨੇ ਲਏ ਜਾਣਗੇ ਜਾਂ ਨਹੀਂ।