ਰਾਮਬਨ ਵਿਚ ਢਿੱਗਾਂ ਖ਼ਿਸਕਣ ਕਾਰਨ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ਬੰਦ

ਰਾਮਬਨ/ਜੰਮੂ, 8 ਮਈ- ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਪੈਣ ਦੌਰਾਨ ਢਿਗਾਂ ਖਿਸਕਣ ਅਤੇ ਪਹਾੜੀਆਂ ਤੋਂ ਪੱਥਰ ਡਿੱਗਣ ਕਾਰਨ ਵੀਰਵਾਰ ਦੀ ਸਵੇਰ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ’ਤੇ ਆਵਜਾਈ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਚਾਨਕ ਆਏ ਹੜ੍ਹ ਨੇ ਰਾਮਬਨ ਬਾਜ਼ਾਰ ਨੂੰ ਵੀ ਪ੍ਰਭਾਵਿਤ ਕੀਤਾ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਟਰੈਫਿਕ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸੀਰੀ ਅਤੇ ਨਚਲਾਨਾ ਦੇ ਵਿਚਕਾਰ ਕਈ ਥਾਂਈ ਢਿੱਗਾਂ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਸਵੇਰੇ ਸਾਢੇ ਸੱਤ ਵਜੇ ਰਾਜਮਾਰਗ ’ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ, ਜਿਸ ਕਾਰਨ ਦੋਹਾਂ ਪਾਸੇ ਸੈਂਕੜੇ ਵਾਹਨ ਫਸੇ ਹੋਏ ਹਨ। ਇਹ ਰਾਜਮਾਰਗ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੀ ਇਕੋ ਇਕ ਸੜਕ ਹੈ, ਜੋ ਹਰ ਮੌਸਮ ਵਿਚ ਖੁੱਲੀ ਰਹਿੰਦੀ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਸ਼ਹਿਰ ਦੇ ਨੇੜੇ ਚੰਬਾ-ਸੀਰੀ ’ਚ ਵੱਡੇ ਪੱਧਰ ’ਤੇ ਢਿੱਗਾਂ ਖਿਸਕੀਆਂ ਹਨ, ਜਦ ਕਿ ਰਾਮਬਨ ਬਾਜ਼ਾਰ ਵਿਚ ਇਕ ਹੋਟਲ ਦੇ ਨੇੜੇ ਅਚਾਨਕ ਹੜ੍ਹ ਆਉਣ ਦੀ ਵੀ ਸੂਚਨਾ ਹੈ ਜਿਸ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਯਾਤਰਾ ਮੁੜ ਚਾਲੂ ਕਰਨ ਦੇ ਕੰਮ ਵਿਚ ਰੁਕਾਵਟ ਪੇਸ਼ ਆ ਰਹੀ ਹੈ।
ਟਰੈਫਿਕ ਵਿਭਾਗ ਦੇ ਬੁਲਾਰੇ ਨੇ ਕਿਹਾ, ‘‘ਯਾਤਰੀਆਂ ਨੂੰ ਮੌਸਮ ਵਿਚ ਸੁਧਾਰ ਅਤੇ ਸੜਕ ਸਾਫ਼ ਹੋਣ ਤੱਕ ਕੌਮੀ ਰਾਜਮਾਰਗ ਨੰਬਰ-44 ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।’’ ਮੌਸਮ ਵਿਭਾਗ ਨੇ 8 ਤੋਂ 11 ਮਈ ਤੱਕ ਜੰਮੂ-ਕਸ਼ਮੀਰ ਵਿਚ ਕੁੱਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ, ਗਰਜ ਦੇ ਨਾਲ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਤੋਂ ਬਾਅਦ 12 ਮਈ ਨੂੰ ਕੁਝ ਸਥਾਨਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ, ‘‘ਕੁਝ ਸੰਵੇਦਨਸ਼ੀਲ ਥਾਵਾਂ ’ਤੇ ਤੇਜ਼ ਮੀਂਹ ਕਾਰਨ ਢਿੱਗਾ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ।’ ਉਨ੍ਹਾਂ ਨੇ 13 ਮਈ ਤੋਂ ਮੁੱਖ ਤੌਰ ’ਤੇ ਜੰਮੂ ਸੰਭਾਗ ਵਿਚ ਦਿਨ ਦੇ ਤਾਪਮਾਨ ਵਿਚ ਵਾਧਾ ਹੋਣ ਦਾ ਅਨੁਮਾਨ ਵੀ ਜਤਾਇਆ ਹੈ।