
ਸਿੱਖ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇ ਹਿਮਾਚਲ ਸਰਕਾਰ: ਪਰਮਜੀਤ ਸਿੰਘ ਕਾਹਲੋਂ
ਐਸ ਏ ਐਸ ਨਗਰ, 19 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਸਿੱਖ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਖਿਲਾਫ ਉੱਥੋਂ ਦੀ ਸਰਕਾਰ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਐਸ ਏ ਐਸ ਨਗਰ, 19 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਸਿੱਖ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਖਿਲਾਫ ਉੱਥੋਂ ਦੀ ਸਰਕਾਰ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇੱਥੇ ਜਾਰੀ ਬਿਆਨ ਵਿੱਚ ਸ੍ਰ. ਕਾਹਲੋਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਪ੍ਰਤੀ ਨਫਰਤ ਰੱਖਣ ਵਾਲੇ ਕੁਝ ਵਿਅਕਤੀਆਂ ਵਲੋਂ ਸਿੱਖ ਯਾਤਰੀਆਂ ਨਾਲ ਦੁਰਵਿਹਾਰ ਕਰਨ ਅਤੇ ਉਹਨਾਂ ਦੇ ਵਹੀਕਲਾਂ ਤੇ ਲੱਗੇ ਝੰਡੇ ਪਾੜ ਕੇ ਪੈਰਾਂ ਹੇਠ ਰੋਲਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹਿਮਾਚਲ ਪੁਲੀਸ ਵਲੋਂ ਬਹੁਤ ਨਿਰਪੱਖੀ ਭੂਮਿਕਾ ਨਿਭਾਈ ਗਈ ਹੈ ਅਤੇ ਪੁਲੀਸ ਵਲੋਂ ਮੌਕੇ ਤੇ ਮੌਜੂਦ ਹੋਣ ਦੇ ਬਾਵਜੂਦ ਸਮਾਜ ਵਿਰੋਧੀ ਅਨਸਰਾਂ ਨੂੰ ਰੋਕਣ ਦੀ ਥਾਂ ਉਲਟਾ ਉਹਨਾਂ ਦਾ ਸਾਥ ਦਿੱਤਾ ਗਿਆ ਅਤੇ ਕੋਲ ਖੜ ਕੇ ਯਾਤਰੀਆਂ ਨਾਲ ਦੁਰਵਿਵਹਾਰ ਕਰਵਾਇਆ ਗਿਆ ਹੈ।
ਉਹਨਾਂ ਕਿਹਾ ਕਿ ਪੁਲੀਸ ਦਸਤਾਰਾਂ ਸਜਾ ਕੇ ਮੋਟਰਸਾਈਕਲ ਤੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਬਿਨਾਂ ਹੈਲਮਟ ਵਾਲੇ ਚਲਾਨ ਕਰ ਰਹੀ ਹੈ। ਹਿਮਾਚਲ ਪੁਲੀਸ ਦੀ ਇਹ ਕਾਰਵਾਈ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਸ ਨਾਲ ਦੇਸ਼ ਅੰਦਰ ਮਾਹੌਲ ਖਰਾਬ ਹੋਵੇਗਾ, ਜਿਸ ਦੀ ਜਿੰਮੇਵਾਰੀ ਹਿਮਾਚਲ ਪ੍ਰਦੇਸ਼ ਸਰਕਾਰ ਦੀ ਹੋਵੇਗੀ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਅਤੇ ਉਹਨਾਂ ਨਫਰਤੀ ਲੋਕਾਂ ਵਿਰੁੱਧ ਕਾਰਵਾਈ ਕਰਵਾਉਣ ਅਤੇ ਪੁਲੀਸ ਵਲੋਂ ਕੀਤੀ ਤੇ ਧੱਕੇਸ਼ਾਹੀ ਬੰਦ ਕਰਵਾਉਣ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਧਰਮ ਦਾ ਯਾਤਰੀ ਆਪਣਾ ਝੰਡਾ ਲਗਾ ਕੇ ਕਿਸੇ ਵੀ ਆਪਣੇ ਧਰਮ ਅਸਥਾਨ ਤੇ ਜਾ ਸਕਦਾ ਹੈ। ਪੰਜਾਬੀ ਕਦੇ ਕਿਸੇ ਨਾਲ ਨਫਰਤ ਨਹੀਂ ਕਰਦੇ ਜਿਸ ਤੋਂ ਹਿਮਾਚਲ ਵਾਸੀਆਂ ਨੂੰ ਸਬਕ ਲੈਣਾ ਚਾਹੀਦਾ ਹੈ।
