ਮਰੀਜ਼ ਨੂੰ ਹਰ ਦਵਾਈ ਸਰਕਾਰੀ ਸਿਹਤ ਸੰਸਥਾ ਵਿਚ ਹੀ ਮਿਲੇ : ਸਿਵਲ ਸਰਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 30 ਜੁਲਾਈ: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉੁਣ ਵਾਲੇ ਮਰੀਜ਼ਾਂ ਨੂੰ ਹਰ ਦਵਾਈ ਹਸਪਤਾਲ ਦੀ ਫ਼ਾਰਮੇਸੀ ਵਿਚੋਂ ਮਿਲਣੀ ਚਾਹੀਦੀ ਹੈ।ਜੇ ਕੋਈ ਦਵਾਈ ਪ੍ਰਾਈਵੇਟ ਕੈਮਿਸਟ ਤੋਂ ਖ਼ਰੀਦਣ ਦੀ ਲੋੜ ਹੈ ਤਾਂ ਸੰਸਥਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਹੈ ਕਿ ਉਹ ਸਬੰਧਤ ਦਵਾਈ ਮਰੀਜ਼ ਨੂੰ ਖ਼ਰੀਦ ਕੇ ਦੇਵੇ ਅਤੇ ਪੈਸਿਆਂ ਦੀ ਅਦਾਇਗੀ ਖ਼ੁਦ ਕਰੇ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 30 ਜੁਲਾਈ: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉੁਣ ਵਾਲੇ ਮਰੀਜ਼ਾਂ ਨੂੰ ਹਰ ਦਵਾਈ ਹਸਪਤਾਲ ਦੀ ਫ਼ਾਰਮੇਸੀ ਵਿਚੋਂ ਮਿਲਣੀ ਚਾਹੀਦੀ ਹੈ।ਜੇ ਕੋਈ ਦਵਾਈ ਪ੍ਰਾਈਵੇਟ ਕੈਮਿਸਟ ਤੋਂ ਖ਼ਰੀਦਣ ਦੀ ਲੋੜ ਹੈ ਤਾਂ ਸੰਸਥਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਹੈ ਕਿ ਉਹ ਸਬੰਧਤ ਦਵਾਈ ਮਰੀਜ਼ ਨੂੰ ਖ਼ਰੀਦ ਕੇ ਦੇਵੇ ਅਤੇ ਪੈਸਿਆਂ ਦੀ ਅਦਾਇਗੀ ਖ਼ੁਦ ਕਰੇ। 
ਇਹ ਹਦਾਇਤ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਦਿਤੀ।ਉਨ੍ਹਾਂ ਕਿਹਾ ਕਿ ਹਰ ਸਰਕਾਰੀ ਸਿਹਤ ਸੰਸਥਾ ਵਿਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕੋਈ ਘਾਟ ਨਹੀਂ, ਇਸ ਲਈ ਮਰੀਜ਼ ਨੂੰ ਹਰ ਦਵਾਈ ਸਿਹਤ ਸੰਸਥਾ ਦੇ ਅੰਦਰੋਂ ਹੀ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਡਾਕਟਰਾਂ ਦੁਆਰਾ ਓ.ਪੀ.ਡੀ. ਸਲਿੱਪ ਉਤੇ ਸਿਰਫ਼ ਜੈਨਰਿਕ ਦਵਾਈਆਂ ਹੀ ਲਿਖੀਆਂ ਜਾਣ।ਡਾ. ਜੈਨ ਨੇ ਹਦਾਇਤ ਕੀਤੀ ਕਿ ਸਰਕਾਰੀ ਸੰਸਥਾ ਵਿਚ ਮੈਡੀਕਲ ਆਕਸੀਜਨ ਅਤੇ ਬਿਜਲੀ ਸਪਲਾਈ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਸ ਨੂੰ ਚਲਾਉਣ ਲਈ ਰੈਗੂਲਰ ਸਟਾਫ਼ ਦੀ ਡਿਊਟੀ ਲਗਾਈ ਜਾਵੇ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਸਿੱਝਣ ਵਾਸਤੇ ਪੂਰਾ ਪਾਵਰ ਬੈਕਅੱਪ ਵੀ ਜ਼ਰੂਰੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਹਰ ਸਰਕਾਰੀ ਸੰਸਥਾ ਵਿਚ ਮਰੀਜ਼ਾਂ ਖ਼ਾਸਕਰ ਗਰਭਵਤੀ ਔਰਤਾਂ ਵਾਸਤੇ ਜਾਂਚ ਅਤੇ ਇਲਾਜ ਸੇਵਾਵਾਂ ਮੁਫ਼ਤ ਹਨ। ਉਨ੍ਹਾਂ ਹਦਾਇਤ ਕੀਤੀ ਕਿ ਗਰਭਵਤੀ ਔਰਤਾਂ ਦੇ ਅਲਟਰਾਸਾਊਂਡ ਟੈਸਟ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਾਈਵੇਟ ਸੈਂਟਰਾਂ ਵਿਚ ਹੀ ਕਰਵਾਏ ਜਾਣ।ਉਨ੍ਹਾਂ ਕਿਹਾ ਕਿ ਜਾਂਚ ਅਤੇ ਇਲਾਜ ਪੱਖੋਂ ਲੋਕਾਂ ਨੂੰ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਜਿਥੇ ਕਿਤੇ ਕਿਸੇ ਤਰ੍ਹਾਂ ਦੀ ਕੋਈ ਕਮੀ-ਪੇਸ਼ੀ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। 
ਉਨ੍ਹਾਂ ਕਿਹਾ ਕਿ ਸਮੁੱਚੀਆਂ ਸਿਹਤ ਸੰਸਥਾਵਾਂ ਖ਼ਾਸਕਰ ਪਖ਼ਾਨੇ ਆਦਿ ਬਿਲਕੁਲ ਸਾਫ਼ੑਸੁਥਰੇ ਹੋਣੇ ਚਾਹੀਦੇ ਹਨ ਤਾਕਿ ਮਰੀਜ਼ਾਂ ਨੂੰ ਸਿਹਤ ਸੰਸਥਾ ਅੰਦਰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇ। ਡੇਂਗੂ, ਮਲੇਰੀਆ, ਚਿਕਨਗੁਨੀਆ ਬੀਮਾਰੀਆਂ ਦੇ ਚਾਲੂ ਸੀਜ਼ਨ ਨੂੰ ਮੁੱਖ ਰੱਖਦਿਆਂ ਡਾ.ਜੈਨ ਨੇ ਤਮਾਮ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂਕਿ ਇਸ ਸੀਜ਼ਨ ਦੌਰਾਨ ਇਨ੍ਹਾਂ ਬੀਮਾਰੀਆਂ ਦੇ ਘੱਟ ਤੋਂ ਘੱਟ ਕੇਸ ਸਾਹਮਣੇ ਆਉਣ। 
ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੇ ‘ਆਮ ਆਦਮੀ ਕਲੀਨਿਕਾਂ’ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਲਈ। ਸਿਵਲ ਸਰਜਨ ਨੇ ਵੱਖ—ਵੱਖ ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਅਤੇ ਸਾਰੇ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਸਨ।