ਪੰਜਾਬ ਖਿਲਾਫ ਸਾਜ਼ਿਸ਼ਾਂ ਤੋਂ ਬਾਜ ਆਵੇ ਭਾਜਪਾ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 8 ਜਨਵਰੀ- ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੇਂਦਰ ਵੱਲੋਂ ਚੰਡੀਗੜ੍ਹ ਵਿਚ ਮੁੱਖ ਸਕੱਤਰ ਦਾ ਅਹੁਦਾ ਸਥਾਪਿਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਾਜਪਾ ਪੰਜਾਬ ਖਿਲਾਫ ਸਾਜਿਸ਼ਾਂ ਕਰਨ ਤੋਂ ਬਾਜ ਆਵੇ।

ਐਸ ਏ ਐਸ ਨਗਰ, 8 ਜਨਵਰੀ- ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੇਂਦਰ ਵੱਲੋਂ ਚੰਡੀਗੜ੍ਹ ਵਿਚ ਮੁੱਖ ਸਕੱਤਰ ਦਾ ਅਹੁਦਾ ਸਥਾਪਿਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਾਜਪਾ ਪੰਜਾਬ ਖਿਲਾਫ ਸਾਜਿਸ਼ਾਂ ਕਰਨ ਤੋਂ ਬਾਜ ਆਵੇ।
ਅੱਜ ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਪੰਜਾਬ ਨਾਲ ਇੱਕ ਹੋਰ ਵੱਡਾ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਪੁੱਛਣਾ ਵੀ ਮੁਨਾਸਬ ਨਹੀਂ ਸਮਝਿਆ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬਿਲਕੁਲ ਗਲਤ ਫੈਸਲਾ ਅਤੇ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਰਾਜਧਾਨੀ ਵਿੱਚ ਕਦੀ ਵੱਖਰਾ ਚੀਫ ਸੈਕਟਰੀ ਨਹੀਂ ਲੱਗ ਸਕਦਾ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਮਸਲੇ ਨੂੰ ਸਦਾ ਲਈ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਮੇਂ ਸਮੇਂ ਤੇ ਚੰਡੀਗੜ੍ਹ ਵਿੱਚ ਆਈਏਐਸ ਦੀਆਂ ਪੋਸਟਾਂ ਵਧਾ ਕੇ ਇਸ ਨੂੰ ਪੂਰੀ ਤਰ੍ਹਾਂ ਕੇਂਦਰ ਸ਼ਾਸ਼ਕਤ ਪ੍ਰਦੇਸ਼ ਬਣਾਉਣ ਦਾ ਯਤਨ ਕਰ ਰਹੀ ਹੈ ਅਤੇ ਪੰਜਾਬ ਦੇ ਅਧਿਕਾਰ ਖਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਜੋ ਕਿ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ।
ਡਿਪਟੀ ਮੇਅਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਖੜਨ ਅਤੇ ਸਰਕਾਰ ਦਾ ਵਿਰੋਧ ਕਰਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੇ ਖਿਲਾਫ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇ। ਉਹਨਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਆਗੂਆਂ ਤੋ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਵਾਪਸ ਲੈਣ ਲਈ ਦਬਾਅ ਪਾਉਣ ਕਿਉਂਕਿ ਇਹ ਫੈਸਲਾ ਪੰਜਾਬ ਵਿਰੋਧੀ ਹੈ।
ਡਿਪਟੀ ਮੇਅਰ ਨੇ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੇ ਅਫਸਰ ਵੀ ਅਨੁਪਾਤ ਮੁਤਾਬਿਕ ਲਾਉਣੇ ਚਾਹੀਦੇ ਹਨ ਅਤੇ ਕੇਂਦਰ ਸਰਕਾਰ ਵਲੋਂ ਆਪਣੇ ਤੌਰ ਤੇ ਚੰਡੀਗੜ੍ਹ ਵਿੱਚ ਅਫਸਰ ਭੇਜਣੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਦੇ ਅਫਸਰ ਪਹਿਲਾਂ ਬਣੇ ਅਨੁਪਾਤ ਅਨੁਸਾਰ ਹੀ ਨਿਯੁਕਤ ਹੋਣੇ ਚਾਹੀਦੇ ਹਨ।