ਸੁੱਖੀ ਬਾਠ ਦੀ ਸਰਪ੍ਰਸਤੀ ਹੇਠ ਬਾਲ ਲੇਖਕਾਂ ਦਾ ਕਵੀ ਦਰਬਾਰ ਯਾਦਗਾਰੀ ਬਣਿਆ

ਗੁਰਦਾਸਪੁਰ- ਸਾਹਿਤ ਦੀ ਸਿਰਜਣਾ ਕਰਨ ਤੋਂ ਪਹਿਲਾਂ ਸਾਨੂੰ ਨਰੋਏ ਅਤੇ ਰੌਚਕ ਸਾਹਿਤ ਦੇ ਪਾਠਕ ਬਣਨਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਨਿੱਕੀਆਂ ਕਰੁੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਬਾਲ ਲੇਖਕਾਂ ਨੂੰ ਆਪਣੇ ਸੰਬੋਧਨ ਵਿੱਚ ਆਖੇ। ਉਹਨਾਂ ਸ੍ਰੀ ਸੁਖੀ ਬਾਟ ਪੰਜਾਬ ਭਵਨ ਸਰੀ ਦੇ ਸੰਸਥਾਪਕ ਵੱਲੋਂ ਚਲਾਏ ਜਾ ਰਹੇ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੇ ਇਹਨਾਂ ਕਾਰਜਾਂ ਦੀ ਸ਼ਲਾਘਾ ਕਰਦਿਆਂ ਅੱਗੇ ਕਿਹਾ ਕਿ ਇਹਨਾਂ ਯਤਨਾਂ ਨਾਲ ਮਾਤ ਭਾਸ਼ਾ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਰਿਹਾ ਹੈ।

ਉਹਨਾਂ ਦਾ ਸਵਾਗਤ ਕਰਦਿਆਂ ਜ਼ਿਲਾ ਪ੍ਰਧਾਨ ਡਾ.ਸਤਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੀ ਦੀ ਰਹਿਨੁਮਾਈ ਹੇਠ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਪਿਛਲੇ ਸਾਲ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਤਹਿਤ ਵੱਖ ਵੱਖ ਜ਼ਿਲ੍ਹਿਆਂ ਦੇ ਬੱਚਿਆਂ ਦੀਆਂ 40 ਕਿਤਾਬਾਂ ਹੁਣ ਤੱਕ ਲੋਕ ਅਰਪਿਤ ਹੋ ਚੁੱਕੀਆਂ ਹਨ ਤੇ ਹੋਰ ਤਿਆਰ ਹੋ ਰਹੀਆਂ ਹਨ। ਜ਼ਿਲਾ ਗੁਰਦਾਸਪੁਰ ਦੇ ਬੱਚਿਆਂ ਦਾ ਸਾਹਿਬਜ਼ਾਦਿਆਂ ਨੂੰ ਸਮਰਪਿਤ ਆਨ ਲਾਈਨ ਕਵੀ ਦਰਬਾਰ ਸਤਿੰਦਰ ਕੌਰ ਕਾਹਲੋਂ ਦੀ ਅਗਵਾਈ ਵਿੱਚ ਕਰਵਾਇਆ ਗਿਆ।
 ਜਿਸਦੇ ਮੁੱਖ ਮਹਿਮਾਨ ਬਲਜਿੰਦਰ ਮਾਨ ਬਾਲ ਸਾਹਿਤ ਦੇ ਉੱਘੇ ਸਿਰਜਕ ਸੰਪਾਦਕ,ਪ੍ਰਕਾਸ਼ਕ, ਸ਼੍ਰੋਮਣੀ ਬਾਲ ਸਾਹਿਤ ਲੇਖਕ ਸਨ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ 24 ਬੱਚਿਆਂ ਨੇ ਭਾਗ ਲਿਆ ਤੇ ਆਪਣੀਆਂ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਤੇ ਗਾਈਡ ਅਧਿਆਪਕ ਵੀ ਪੂਰਾ ਸਮਾਂ ਹਾਜ਼ਰ ਰਹੇ।
           ਬਲਜਿੰਦਰ ਮਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਦੀ ਸਿਰਜਣਾ ਕਰਨ ਤੋਂ ਪਹਿਲਾਂ ਸਾਨੂੰ ਨਰੋਏ ਅਤੇ ਰੌਚਕ ਸਾਹਿਤ ਦੇ ਪਾਠਕ ਬਣਨਾ ਚਾਹੀਦਾ ਹੈ। ਜਦੋਂ ਅਸੀਂ ਵੰਨ ਸੁਵੰਨੀਆਂ ਪੁਸਤਕਾਂ ਦਾ ਅਧਿਐਨ ਕਰਾਂਗੇ ਤਾਂ ਸਾਡੇ ਅੰਦਰ ਨਵੇਂ ਫੁਰਨੇ ਫੁਰਨਗੇ ਅਤੇ ਨਵੇਂ ਵਿਚਾਰ ਪੈਦਾ ਹੋਣਗੇ। ਇਹ ਵਿਚਾਰ ਸਾਡੀ ਨਵੀਂ ਤੇ ਨਿਵੇਕਲੀ ਸਿਰਜਣਾ ਦਾ ਵਿਸ਼ਾ ਵਸਤੂ ਬਣਨਗੇ। ਪੁਸਤਕਾਂ ਪੜ੍ਹ ਕੇ ਅਸੀਂ ਆਪਣੀ ਉਮਰ ਤੋਂ ਪਹਿਲਾਂ  ਸਿਆਣੇ ਹੋ ਜਾਂਦੇ ਹਾਂ ਕਿਉਂਕਿ ਇਹਨਾਂ ਵਿੱਚੋਂ ਮਿਲੇ ਤਜਰਬੇ ਸਾਡੇ ਜੀਵਨ ਦਾ ਅੰਗ ਬਣ ਜਾਂਦੇ ਹਨ। ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਇਹੀ ਬੇਨਤੀ ਹੈ ਕਿ ਉਹ ਬੱਚਿਆਂ ਹੱਥ ਵੱਧ ਤੋਂ ਵੱਧ ਉਹਨਾਂ ਦੀ ਰੁਚੀ ਅਨੁਸਾਰ ਪੁਸਤਕਾਂ ਦੇਣ। ਆਪ ਸਭ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਨਿੱਗਰ ਯੋਗਦਾਨ ਪਾ ਰਹੇ ਹਨ। ਇਸ ਪ੍ਰੋਜੈਕਟ ਤੋਂ ਪੰਜਾਬੀ ਪਿਆਰਿਆਂ ਨੂੰ ਬਹੁਤ ਉਮੀਦਾਂ ਹਨ।
      ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਮੁੱਖ ਮਹਿਮਾਨ ,ਅਧਿਆਪਕਾਂ ਤੇ ਭਾਗ ਲੈਣ ਵਾਲੇ ਬੱਚਿਆਂ ਦਾ ਧੰਨਵਾਦ ਕੀਤਾ। ਸ਼੍ਰੀ ਸੁੱਖੀ ਬਾਠ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਤੇ ਪੂਰਾ ਕਵੀ ਦਰਬਾਰ ਸੁਣਿਆ। ਉਹਨਾਂ ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਕਵੀ ਦਰਬਾਰ ਟੀਮ ਮੈਂਬਰ ਰਣਜੀਤ ਕੌਰ ਬਾਜਵਾ ,ਨਵਜੋਤ ਕੌਰ ਬਾਜਵਾ,ਕਮਲਜੀਤ ਕੌਰ,ਗਗਨਦੀਪ ਸਿੰਘ ਤੇ ਸੁੱਖਵਿੰਦਰ ਕੌਰ ਦੇ ਸਹਿਯੋਗ ਸਦਕਾ ਅਮਿੱਟ ਪੈੜਾਂ ਛੱਡ ਗਿਆ।