ਤਨਾਅ ਮੁਕਤ ਅਕਾਦਮਿਕ, ਖੋਜ ਅਤੇ ਪਸਾਰ ਦਾ ਮਾਹੌਲ ਸਿਰਜਣਾ ਸਾਡੀ ਤਰਜੀਹ - ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ
ਲੁਧਿਆਣਾ 23 ਅਕਤੂਬਰ 2024 - ਡਾ. ਜਤਿੰਦਰ ਪਾਲ ਸਿੰਘ ਗਿੱਲ ਦੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਬਤੌਰ ਉਪ-ਕੁਲਪਤੀ ਨਿਯੁਕਤੀ ਤੋਂ ਬਾਅਦ ਆਪਣੇ ਪਲੇਠੇ ਸੰਬੋਧਨ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਪੂਰਨ ਤਨਦੇਹੀ ਨਾਲ ਸੰਸਥਾ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਪਹਿਲਾਂ ਹੀ ਮੁਲਕ ਦੀ ਸਿਰਮੌਰ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ ਪਰ ਅਸੀਂ ਇਸ ਨੂੰ ‘ਉਤਮੱਤਾ ਦੇ ਕੇਂਦਰ’ ਵਜੋਂ ਸਥਾਪਿਤ ਕਰਨਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀ, ਵਿਭਾਗ ਮੁਖੀ ਅਤੇ ਸਮੂਹ ਅਧਿਆਪਕ ਮੌਜੂਦ ਸਨ।

ਡਾ. ਗਿੱਲ ਨੇ ਕਿਹਾ ਕਿ ਪਸ਼ੂ ਪਾਲਣ ਨੂੰ ਸਮਰਪਿਤ ਇਸ ਯੂਨੀਵਰਸਿਟੀ ਨੂੰ ਅਸੀਂ ਹੋਰ ਸੰਭਾਵਨਾਵਾਂ ਅਤੇ ਸਹੂਲਤਾਂ ਭਰਪੂਰ ਬਣਾਵਾਂਗੇ। ਅਕਾਦਮਿਕ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਿੰਨੇ ਵਧੀਆ ਵਿਦਿਆਰਥੀ ਤਿਆਰ ਕਰਾਂਗੇ ਉਹ ਉਨੇ ਹੀ ਵਧੀਆ ਪੇਸ਼ੇਵਰ ਬਣ ਕੇ ਸਮਾਜ ਦੀ ਸੇਵਾ ਕਰਨਗੇ।
ਖੋਜ ਗਤੀਵਿਧੀਆਂ ’ਤੇ ਪ੍ਰਕਾਸ਼ ਪਾਉਂਦਿਆਂ ਉਨ੍ਹਾਂ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਖੋਜ ਪ੍ਰਾਜੈਕਟਾਂ ਨਾਲ ਨਾ ਸਿਰਫ ਕਿਸਾਨੀ ਨੂੰ ਫਾਇਦਾ ਹੁੰਦਾ ਹੈ ਬਲਕਿ ਨਵੇਂ ਉਦਮੀਆਂ ਨੂੰ ਵੀ ਪਸ਼ੂਧਨ ਕਿੱਤਿਆਂ ਵਿਚ ਆਪਣੇ ਉਦਮ ਸਥਾਪਤ ਕਰਨ ਦੀ ਦਿਸ਼ਾ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਖੋਜ ਕਾਰਜ ਕਰਦਿਆਂ ਕਿਸਾਨਾਂ ਦੀ ਸਮੱਸਿਆ ਅਤੇ ਉਨ੍ਹਾਂ ਦੀ ਭਲਾਈ ਸਾਡਾ ਕੇਂਦਰੀ ਬਿੰਦੂ ਹੋਣਾ ਚਾਹੀਦਾ ਹੈ।
ਡਾ. ਗਿੱਲ ਨੇ ਕਿਹਾ ਕਿ ਸਾਡੀਆਂ ਪਸਾਰ ਗਤੀਵਿਧੀਆਂ ਰਾਹੀਂ ਅਸੀਂ ਕਿਸਾਨਾਂ ਨਾਲ ਬਹੁਤ ਨੇੜੇ ਦੀ ਸਾਂਝ ਬਣਾਈ ਹੋਈ ਹੈ ਪਰ ਅਸੀਂ ਉਨ੍ਹਾਂ ਦੇ ਹੋਰ ਨੇੜੇ ਹੋਣ ਲਈ ਪ੍ਰਕਾਸ਼ਨਾਵਾਂ, ਸਿਖਲਾਈਆਂ ਅਤੇ ਮੀਡੀਆ ਰਾਹੀਂ ਹੋਰ ਮਜ਼ਬੂਤ ਰਾਬਤਾ ਬਨਾਉਣ ਲਈ ਯਤਨਸ਼ੀਲ ਰਹਾਂਗੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਗਿਆਨੀਆਂ ਦੀ ਭਾਸ਼ਾ ਇਸ ਖਿੱਤੇ ਅਨੁਸਾਰ ਅਤੇ ਕਿਸਾਨਾਂ ਨੂੰ ਸਮਝ ਵਿੱਚ ਆਉਣ ਵਾਲੀ ਸੌਖੀ ਜ਼ੁਬਾਨ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਉਹ ਚੰਗੀ ਭਾਵਨਾ ਨਾਲ ਕੰਮ ਕਰ ਕਰਨ ਵਾਲਿਆਂ ਦਾ ਪੂਰਨ ਸਾਥ ਦੇਣਗੇ।
ਉਨ੍ਹਾਂ ਨੇ ਆਪਣੇ ਪੂਰਵਕਾਲੀ ਉਪ-ਕੁਲਪਤੀ ਸਾਹਿਬਾਨ ਦੇ ਦਿੱਤੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪੂਰਨਿਆਂ ’ਤੇ ਸਾਬਤ ਕਦਮੀਂ ਅੱਗੇ ਵੱਧਣਗੇ। ਉਨ੍ਹਾਂ ਕਿਹਾ ਕਿ ਉਹ ਸਿਹਤਮੰਦ ਮਾਹੌਲ ਸਿਰਜਣ ਨੂੰ ਪਹਿਲ ਦੇਣਗੇ ਜਿਸ ਵਿੱਚ ਕੰਮ ਹਾਂ-ਪੱਖੀ ਢੰਗ ਨਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਤਨਾਅ ਮੁਕਤ ਕੰਮਕਾਜੀ ਮਾਹੌਲ ਸਥਾਪਿਤ ਕਰਕੇ ਹੀ ਅਸੀਂ ਬਿਹਤਰ ਨਤੀਜੇ ਲੈ ਸਕਦੇ ਹਾਂ। ਡਾ. ਗਿੱਲ ਨੇ ਕਿਹਾ ਕਿ ਅਸੀਂ ਕਿਸਾਨਾਂ, ਸਮਾਜ, ਸੂਬੇ ਅਤੇ ਮੁਲਕ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਨਿਯੁਕਤ ਹੋਏ ਹਾਂ ਅਤੇ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਇਨ੍ਹਾਂ ਟੀਚਿਆਂ ਤੇ ਉਦੇਸ਼ਾਂ ਨੂੰ ਪੂਰਿਆਂ ਕਰੀਏ।