ਸ਼ੁਤਰਾਣਾ ਦੇ ਐਮ.ਐਲ. ਏ. ਦੇ ਭਰਾ ਦੀ "ਸਰਬਸੰਮਤੀ" ਨਾਲ ਹੋਈ ਸਰਪੰਚ ਦੀ ਚੋਣ ਵਿਵਾਦਾਂ ’ਚ ਘਿਰੀ

ਪਟਿਆਲਾ, 2 ਅਕਤੂਬਰ - ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਨਗਰ ਚਿਚੜਵਾਲ ਵਿਚ ਉਨ੍ਹਾਂ ਦੇ ਭਰਾ ਜਗੀਰ ਸਿੰਘ ਦੀ "ਸਰਬਸੰਮਤੀ" ਨਾਲ ਸਰਪੰਚ ਵਜੋਂ ਚੋਣ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਕਰੀਮਨਗਰ ਚਿਚੜਵਾਲਾ ਦੇ ਵਸਨੀਕ ਗੁਰਚਰਨ ਰਾਮ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਪਿੰਡ ਵਿਚ ਸਰਪੰਚ ਤੇ ਪੰਚ ਦੇ ਅਹੁਦਿਆਂ ਲਈ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ।

ਪਟਿਆਲਾ, 2 ਅਕਤੂਬਰ - ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਨਗਰ ਚਿਚੜਵਾਲ ਵਿਚ ਉਨ੍ਹਾਂ ਦੇ ਭਰਾ ਜਗੀਰ ਸਿੰਘ ਦੀ "ਸਰਬਸੰਮਤੀ" ਨਾਲ ਸਰਪੰਚ ਵਜੋਂ ਚੋਣ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਕਰੀਮਨਗਰ ਚਿਚੜਵਾਲਾ ਦੇ ਵਸਨੀਕ ਗੁਰਚਰਨ ਰਾਮ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਪਿੰਡ ਵਿਚ ਸਰਪੰਚ ਤੇ ਪੰਚ ਦੇ ਅਹੁਦਿਆਂ ਲਈ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ। ਉਨ੍ਹਾਂ ਦੋਸ਼ ਲਗਾਇਆ ਕਿ ਸ਼ੁਤਰਾਣਾ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚੋਂ ਅਨੇਕਾਂ ਮੋਹਤਬਰ ਬੰਦੇ ਐਨ ਓ ਸੀ ਲੈਣ ਵਾਸਤੇ ਬੀ ਡੀ ਪੀ ਓ ਦਫਤਰ ਪਹੁੰਚੇ ਸਨ ਪਰ ਵਿਧਾਇਕ ਦੇ ਹੁਕਮਾਂ ’ਤੇ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਮੌਕੇ ਦੀ ਵੀਡੀਓ ਵੀ ਵਿਖਾਈ ਜਿਸ ਵਿਚ ਦਫਤਰ ਨੂੰ ਤਾਲਾ ਲੱਗਾ ਨਜ਼ਰ ਆ ਰਿਹਾ ਸੀ ਤੇ ਲੋਕ ਦਫਤਰ ਦੇ ਬਾਹਰ ਖੜ੍ਹੇ ਵਿਖਾਈ ਦੇ ਰਹੇ ਸਨ।
ਗੁਰਚਰਨ ਰਾਮ ਨੇ ਕਿਹਾ ਕਿ ਵਿਧਾਇਕ ਨੇ ਸਿਰਫ ਆਪਣੇ ਨਜ਼ਦੀਕੀ ਬੰਦਿਆਂ ਨੂੰ ਆਪਣੇ ਘਰ ਸੱਦ ਲਿਆ ਅਤੇ ਚਾਰ ਬੰਦਿਆਂ ਨੇ ਰਲ ਕੇ ਆਪ ਹੀ ਪਹਿਲਾਂ ਤੋਂ ਮੰਗਵਾ ਕੇ ਰੱਖੇ ਹਾਰ ਜਗੀਰ ਸਿੰਘ ਦੇ ਗੱਲ ਵਿਚ ਪਾ ਦਿੱਤੇ ਤੇ ਪਹਿਲਾਂ ਤੋਂ ਮੰਗਵਾਏ ਲੱਡੂ ਵੰਡ ਕੇ ਐਲਾਨ ਕਰ ਦਿੱਤਾ ਕਿ ਸਰਬਸੰਮਤੀ ਨਾਲ ਚੋਣ ਹੋ ਗਈ ਹੈ।
ਉਹਨਾਂ ਕਿਹਾ ਕਿ ਜੇਕਰ ਵਿਧਾਇਕ ਸਰਬਸੰਮਤੀ ਚਾਹੁੰਦੇ ਸੀ ਤਾਂ ਪਿੰਡ ਗੁਰਦੁਆਰਾ ਸਾਹਿਬ ਜਾਂ ਸਾਂਝੀ ਥਾਂ ’ਤੇ ਇਕੱਠ ਸੱਦਦੇ ਤੇ ਸਾਰੇ ਪਿੰਡ ਨੂੰ ਵੀ ਸੱਦਣਾ ਚਾਹੀਦਾ ਸੀ। ਉਨ੍ਹਾਂ 
ਕਿਹਾ ਕਿ ਉਹ ਆਪ ਸਰਪੰਚ ਦੇ ਅਹੁਦੇ ਦੀ ਚੋਣ ਲੜਨ ਦੇ ਚਾਹਵਾਨ ਨਹੀਂ ਹਨ ਪਰ ਚਾਹੁੰਦੇ ਹਨ ਕਿ ਧੱਕੇਸ਼ਾਹੀ ਦੀ ਥਾਂ ਪਾਰਦਰਸ਼ਤਾ ਨਾਲ ਚੋਣ ਹੋਵੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸਦੀ ਭਲਕੇ 3 ਅਕਤੂਬਰ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਣੀ ਹੈ।
ਉਹਨਾਂ ਨੇ ਪਿੰਡ ਦੇ ਸਕੂਲ ਦੇ ਨਾਲ ਖੜ੍ਹੇ ਗੰਦੇ ਪਾਣੀ ਦੀ ਵੀਡੀਓ ਵਿਖਾਉਂਦਿਆਂ ਕਿਹਾ ਕਿ ਕੁਲਵੰਤ ਸਿੰਘ ਪਹਿਲਾਂ ਸਰਪੰਚ ਵਜੋਂ ਪਿੰਡ ਲਈ ਕੰਮ ਨਹੀਂ ਕਰ ਸਕੇ ਤੇ ਹੁਣ ਐਮ ਐਲ ਏ ਵਜੋਂ ਵੀ ਉਹ ਪਿੰਡ ਵਿਚ ਕੋਈ ਵਿਕਾਸ ਕਾਰਜ ਨਹੀਂ ਕਰ ਸਕੇ ਤੇ ਪਿੰਡ ਵਿਚ ਸਫਾਈ ਦੇ ਵੀ ਮਾੜੇ ਹਾਲਾਤ ਹਨ।

ਐਮ ਐਲ ਏ ਦਾ ਪੱਖ :
ਇਸ ਮਾਮਲੇ ’ਚ ਸੰਪਰਕ ਕਰਨ ’ਤੇ ਐਮ ਐਲ ਏ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਆਪ ਸਰਬਸੰਮਤੀ ਕਰ ਕੇ ਜਗੀਰ ਸਿੰਘ ਨੂੰ ਸਰਪੰਚ ਚੁਣਿਆ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਆਪ ਕਹਿ ਰਹੇ ਸੀ ਕਿ ਮੈਂ ਆਪ ਸਰਪੰਚ ਰਹਿ ਚੁੱਕਾ ਹਾਂ ਤੇ ਹੁਣ ਐਮ ਐਲ ਏ ਹਾਂ ਪਰ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਗ੍ਰਾਂਟਾਂ ਤੁਹਾਡੇ ਰਾਹੀਂ ਹੀ ਖਰਚ ਹੋਣੀਆਂ ਹਨ, ਇਸ ਲਈ ਤੁਹਾਡੇ ਪਰਿਵਾਰ ਨੂੰ ਹੀ ਸਰਬਸੰਮਤੀ ਨਾਲ ਸਰਪੰਚੀ ਦੇਣੀ ਹੈ। ਉਨ੍ਹਾਂ ਕਿਹਾ ਕਿ  ਜਿਸ ਵਿਅਕਤੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਖਿਲਾਫ 7 ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਜਾਅਲਸਾਜ਼ੀ ਤੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ। ਇਸਦਾ ਇਕਲੌਤਾ ਮਕਸਦ ਗੰਨਮੈਨ ਲੈਣਾ ਹੈ।