ਭਾਸ਼ਾ ਵਿਭਾਗ ਨੇ ‘ਪੰਜਾਬੀ ਕੰਪਿਊਟਰਕਾਰੀ ਤੇ ਮਸ਼ੀਨੀ ਬੁੱਧੀਮਾਨਤਾ’ ਬਾਰੇ ਕਰਵਾਈ ਵਰਕਸ਼ਾਪ

ਪਟਿਆਲਾ, 27 ਅਗਸਤ - ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ‘ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀਮਾਨਤਾ’ ਵਿਸ਼ੇ ’ਤੇ ਆਪਣੀ ਕਿਸਮ ਦੀ ਪਲੇਠੀ ਵਰਕਸ਼ਾਪ ਕਰਵਾਈ ਗਈ। ਉੱਘੇ ਕੰਪਿਊਟਰ ਮਾਹਿਰ ਤੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਲੰਬੇ ਅਰਸੇ ਤੋਂ ਕਾਰਜਸ਼ੀਲ ਡਾ. ਸੀ.ਪੀ. ਕੰਬੋਜ ਨੇ ਵੱਖ-ਵੱਖ ਤਕਨੀਕੀ ਨੁਕਤਿਆਂ ਬਾਰੇ ਅਭਿਆਸ ਰੂਪ ’ਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੀ ਟੀਮ ’ਚ ਸੁਰਿੰਦਰ ਸਿੰਘ, ਮਨਿੰਦਰ ਸਿੰਘ ਤੇ ਜੋਤੀ ਕੌਰ ਸ਼ਾਮਲ ਸਨ। ਇਸ ਵਰਕਸ਼ਾਪ ਵਿੱਚ ਭਾਸ਼ਾ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

ਪਟਿਆਲਾ, 27 ਅਗਸਤ - ਭਾਸ਼ਾ ਵਿਭਾਗ ਦੇ ਡਾਇਰੈਕਟਰ  ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ  ‘ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀਮਾਨਤਾ’ ਵਿਸ਼ੇ ’ਤੇ ਆਪਣੀ ਕਿਸਮ ਦੀ ਪਲੇਠੀ ਵਰਕਸ਼ਾਪ ਕਰਵਾਈ ਗਈ। ਉੱਘੇ ਕੰਪਿਊਟਰ ਮਾਹਿਰ ਤੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਲੰਬੇ ਅਰਸੇ ਤੋਂ ਕਾਰਜਸ਼ੀਲ ਡਾ. ਸੀ.ਪੀ. ਕੰਬੋਜ ਨੇ ਵੱਖ-ਵੱਖ ਤਕਨੀਕੀ ਨੁਕਤਿਆਂ ਬਾਰੇ ਅਭਿਆਸ ਰੂਪ ’ਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੀ ਟੀਮ ’ਚ ਸੁਰਿੰਦਰ ਸਿੰਘ, ਮਨਿੰਦਰ ਸਿੰਘ ਤੇ ਜੋਤੀ ਕੌਰ ਸ਼ਾਮਲ ਸਨ। ਇਸ ਵਰਕਸ਼ਾਪ ਵਿੱਚ ਭਾਸ਼ਾ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਵਰਕਸ਼ਾਪ ਦੀ ਰੂਪ-ਰੇਖਾ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਡਿਜੀਟਲ ਯੁੱਗ ਦੇ ਹਾਣ ਦੀ ਬਣਾਉਣ ਲਈ ਬਹੁਤ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ। ਇਸੇ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ’ਚ ਸਥਾਪਤ ਕਰਨ ਲਈ ਯਤਨ ਆਰੰਭ ਕੀਤੇ ਹਨ।   ਡਾ. ਸੀ. ਪੀ. ਕੰਬੋਜ ਨੇ ਚਾਰ ਸ਼ੈਸ਼ਨਾਂ ਵਾਲੀ ਵਰਕਸ਼ਾਪ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੰਪਿਊਟਰ ਤੇ ਫੋਨ ਦੀ ਵਰਤੋਂ, ਪੰਜਾਬੀ ਫੌਂਟਸ ਤੇ ਭਾਸ਼ਾ ਨਾਲ ਸਬੰਧਤ ਸਾਫਟਵੇਅਰਜ਼ ਦੀ ਸਹੀ ਤੇ ਸੁਚੱਜੀ ਵਰਤੋਂ, ਪੰਜਾਬੀ ਸਾਹਿਤ ਤੇ ਭਾਸ਼ਾ ਨਾਲ ਸਬੰਧਤ ਹੋਰ ਸਮੱਗਰੀ ਦੀ ਡਿਜੀਟਾਈਜ਼ੇਸ਼ਨ ਬਾਰੇ ਵੱਖ-ਵੱਖ ਸੈਸ਼ਨਾਂ ਦੌਰਾਨ ਪ੍ਰੋਜੈਕਟਰ ਦੀ ਮੱਦਦ ਨਾਲ ਅਭਿਆਸ ਰੂਪ ’ਚ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਕੰਬੋਜ ਨੇ ਕਿਹਾ ਕਿ ਭਾਸ਼ਾ ਵਿਭਾਗ ਨੇ ਇਸ ਵਰਕਸ਼ਾਪ ਰਾਹੀਂ ਬੜੀ ਵੱਡੀ ਸ਼ੁਰੂਆਤ ਕੀਤੀ ਹੈ। ਸਾਡੇ ਕੋਲ ਪੰਜਾਬੀ ਭਾਸ਼ਾ ’ਚ ਰਚਿਆ ਵੱਡਮੁੱਲਾ ਸਾਹਿਤਕ ਤੇ ਬਹੁਪੱਖੀ ਖਜ਼ਾਨਾ ਉਪਲਬਧ ਹੈ, ਜਿਸ ਨੂੰ ਡਿਜੀਟਲ ਰੂਪ ’ਚ ਵੱਖ-ਵੱਖ ਪਲੇਟਫਾਰਮਾਂ ’ਤੇ ਅੱਪਲੋਡ ਕਰਨ ਦੀ ਜ਼ਰੂਰਤ ਹੈ। ਇਸ ਵਰਕਸ਼ਾਪ ਸਬੰਧੀ ਲਾਂਬੜਾ ਸੱਥ ਜਲੰਧਰ ਤੋਂ ਆਏ ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਨਵੀਂ ਸੇਧ ਦੇਣ ਦਾ ਵੱਡਾ ਉੱਦਮ ਕੀਤਾ ਗਿਆ ਹੈ। ਡਾ. ਲਖਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਭਾਸ਼ਾ ਵਿਭਾਗ ਨੇ ਪੁਸਤਕਾਂ ਤੇ ਸ਼ਬਦ ਕੋਸ਼ਾਂ ਨੂੰ ਡਿਜ਼ੀਟਲ ਰੂਪ ਦੇ ਕੇ ਵਿਲੱਖਣ ਸ਼ੁਰੂਆਤ ਕੀਤੀ ਹੈ, ਹੋਰਨਾਂ ਸੰਸਥਾਵਾਂ ਨੂੰ ਵੀ ਸਾਇੰਸ ਤੇ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਦੇ ਪਾਠਕ੍ਰਮ ਨੂੰ ਪੰਜਾਬੀ ਭਾਸ਼ਾ ’ਚ ਡਿਜ਼ੀਟਲ ਰੂਪ ’ਚ ਤਿਆਰ ਕਰਨਾ ਚਾਹੀਦਾ ਹੈ। ਭਾਸ਼ਾ ਵਿਭਾਗ ਵੱਲੋਂ ਡਾ. ਸੀ.ਪੀ. ਕੰਬੋਜ ਅਤੇ ਉਨ੍ਹਾਂ ਦੀ ਟੀਮ ਦਾ ਸ਼ਾਲਾਂ ਨਾਲ ਸਨਮਾਨ ਕੀਤਾ ਗਿਆ।