ਅਜੋਕੇ ਸਮੋਂ ਵਿਚ ਬਾਬਾ ਸਾਹਿਬ ਦੇ ਸਿਧਾਂਤਾਂ ਦੀ ਪ੍ਰਸੰਗਿਕਤਾ

ਬੀਤੇ 14 ਅਪ੍ਰੈਲ ਨੂੰ ਮੁਲਕ ਭਰ ਵਿਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 134 ਵੀਂ ਜਯੰਤੀ ਮਨਾਈ ਗਈ। ਦੇਸ਼ ਭਰ ਵਿੱਚ ਵੱਖ-ਵੱਖ ਸਮਾਗਮਾਂ ਵਿਚ ਉਨਾਂ ਦੇ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਅੱਜ ਵੀ ਉਨਾਂ ਨੂੰ ਭਾਰਤੀ ਸੰਵਿਧਾਨ ਦੇ ਮੁਖ ਨਿਰਮਾਤਾ, ਇਕ ਸਮਾਜ ਸੁਧਾਰਕ ਅਤੇ ਦਲਿਤਾਂ ਦੇ ਅਧਿਕਾਰਾਂ ਦੇ ਚੈਂਪੀਅਨ ਵਜੋਂ ਜਾਣਿਆ ਜਾਂਦਾ ਹੈ। ਉਨਾਂ ਨੇ ਜਾਤੀ ਵਿਤਰਕੇ ਵਿਰੁੱਧ ਲੜਾਈ ਲੜੀ, ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕੀਤਾ, ਅਤੇ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਆਕਾਰ ਦੇਣ ਵਿੱਚ ਮੁਖ ਭੂਮਿਕਾ ਨਿਭਾਈ। ਉਨਾਂ ਨੇ ਸਮਾਜਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ।

ਬੀਤੇ 14 ਅਪ੍ਰੈਲ ਨੂੰ ਮੁਲਕ ਭਰ ਵਿਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 134 ਵੀਂ ਜਯੰਤੀ ਮਨਾਈ ਗਈ। ਦੇਸ਼ ਭਰ ਵਿੱਚ ਵੱਖ-ਵੱਖ ਸਮਾਗਮਾਂ ਵਿਚ ਉਨਾਂ ਦੇ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਅੱਜ ਵੀ ਉਨਾਂ ਨੂੰ ਭਾਰਤੀ ਸੰਵਿਧਾਨ ਦੇ ਮੁਖ ਨਿਰਮਾਤਾ, ਇਕ ਸਮਾਜ ਸੁਧਾਰਕ ਅਤੇ ਦਲਿਤਾਂ ਦੇ ਅਧਿਕਾਰਾਂ ਦੇ ਚੈਂਪੀਅਨ ਵਜੋਂ ਜਾਣਿਆ ਜਾਂਦਾ ਹੈ। ਉਨਾਂ ਨੇ ਜਾਤੀ ਵਿਤਰਕੇ ਵਿਰੁੱਧ ਲੜਾਈ ਲੜੀ, ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕੀਤਾ, ਅਤੇ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਆਕਾਰ ਦੇਣ ਵਿੱਚ ਮੁਖ ਭੂਮਿਕਾ ਨਿਭਾਈ। ਉਨਾਂ ਨੇ ਸਮਾਜਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ। 
ਡਾਕਟਰ ਅੰਬੇਡਕਰ ਉਹ ਵਿਅਕਤੀ ਸਨ ਜਿਨ੍ਹਾਂ ਨੇ 30 ਸਾਲਾਂ ਵਿੱਚ 3000 ਸਾਲ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਉਨਾਂ ਨੇ ਸਿੱਖਿਆ, ਫੌਜ, ਵਪਾਰ ਤੇ ਸਮਾਜਿਕ ਦਰਜਬੰਦੀ ਵਿਚ ਸਵਰਨ ਜਾਤੀਆਂ ਦੇ ਏਕਾ-ਧਿਕਾਰ ਨੂੰ ਖ਼ਤਮ ਕਰ ਦਿਤਾ ਜੋ ਆਪਣੇ ਆਪ ਨੂੰ ਸ਼ੂਦਰਾਂ ਜਾਂ ਅਛੂਤਾਂ ਤੋਂ ਉਪਰ ਸਮਝਦੇ ਸਨ। ਉਨਾਂ ਨੇ ਦਲਿਤਾਂ ਲਈ ਜਾਤੀਂ ਪਰੰਪਰਾਵਾਂ ਨੂੰ ਤੋੜਿਆ, ਉਨਾਂ ਪ੍ਰਤੀ ਸਮਾਜ ਦੀ ਮਾਨਸਿਕਤਾ ਨੂੰ ਬਦਲਿਆ, ਉਨਾਂ ਨੂੰ ਸਿਖਿਅਤ ਹੋਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਕਿਹਾ। ਦੇਸ਼ ਲਈ ਸੰਵਿਧਾਨ ਰਚ ਕੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ। ਉਨਾਂ ਨੇ ਅਛੂਤਾਂ, ਭਾਰਤੀ ਔਰਤਾਂ, ਮਜ਼ਦੂਰਾਂ ਦੀ ਸਮਾਜਿਕ ਸਥਿਤੀ ਨੂੰ ਸੁਧਾਰਨ ਵਿੱਚ ਵਿਚ ਕਾਮਯਾਬੀ ਹਾਸਿਲ ਕੀਤੀ।
ਵਰਤਮਾਨ ਸਮੋਂ ਵਿਚ ਸੰਵਿਧਾਨਿਕ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਰਾਜਨੀਤਿਕ ਜਮਾਤਾਂ ਡਾ: ਅੰਬੇਡਕਰ ਨੂੰ ਨਿਆਂ, ਅਤੇ ਸਮਾਜਿਕ ਜਾਗ੍ਰਤੀ ਦੇ ਪ੍ਰਤੀਕ ਵਜੋਂ ਵਰਤਦੀਆਂ ਹਨ। ਖਾਸ ਤੌਰ ਤੇ ਵੋਟਾਂ ਵੇਲੇ ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਬਾਬਾ ਸਾਹਿਬ ਦੇ ਨਾਂ ਦੀ ਵਰਤੋਂ ਕਰਦੀਆਂ ਹਨ। ਦਲਿਤ ਸਮਾਜ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਉਨਾਂ ਦਾ ਨਾਂ ਵਰਤਿਆ ਜਾਂਦਾ ਹੈ। ਅੱਜ ਹਰ ਛੋਟੇ ਵੱਡੇ ਸ਼ਹਿਰਾਂ ਕਸਬਿਆਂ ਵਿਚ ਬਾਬਾ ਸਾਹਿਬ ਦੇ ਬੁੱਤ ਅਤੇ ਯਾਦਗਾਰਾਂ ਨਜ਼ਰ ਆਉਂਦੀਆਂ ਹਨ। ਵਿਸ਼ਵ ਪੱਧਰ ਤੇ ਉਨਾਂ ਦੇ ਪੈਰੋਕਾਰਾਂ ਵੱਲੋਂ ਉਨਾਂ ਦੇ ਨਾਂ ਤੇ ਸੰਸਥਾਵਾਂ ਅਤੇ ਸਭਾਵਾਂ ਚਲਾਈਆਂ ਜਾ ਰਹੀਆਂ ਹਨ। ਕੋਲੰਬੀਆ ਯੂਨੀਵਰਸਿਟੀ ਵਿਚ ਡਾ: ਅੰਬੇਡਕਰ ਜੀ ਦਾ ਬੁੱਤ ਲੱਗਾ ਹੋਇਆ ਹੈ। ਇਸ ਤਰਾਂ ਜਪਾਨ ਦੀ ਕੋਯਾਸਨ ਯੂਨੀਵਰਸਿਟੀ ਵਿਖੇ ਉਨਾਂ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਜੇ ਅਸੀਂ ਪੰਜਾਬ ਦੀ ਗਲ ਕਰੀਏ ਤਾਂ ਇਥੇ ਬਾਕੀ ਦੇਸ਼ ਦੇ ਦਲਿਤਾਂ ਨਾਲੋਂ ਇਥੋਂ ਦੇ ਦਲਿਤ ਤੇ ਪਿਛੜੇ ਵਰਗ ਦੇ ਲੋਕਾਂ ਦੀ ਆਰਥਿਕ ਸਥਿਤੀ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ। ਇਥੇ ਇਹਨਾਂ ਵਰਗਾਂ ਦੀ ਜਨਸੰਖਿਆ ਵੀ ਕਾਫੀ ਹੈ ਜੋ ਰਾਜਨੀਤਿਕ ਪਾਰਟੀਆਂ ਦੀ ਜਿੱਤ ਹਾਰ ਨੂੰ ਪ੍ਰਭਾਵਿਤ ਕਰਨ ਵਿਚ ਹਮੇਸ਼ਾ ਫੈਸਲਾਕੁੰਨ ਰੋਲ ਅਦਾ ਕਰਦੀ ਹੈ।
ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਈਆਂ 77 ਸਾਲ ਤੋਂ ਵੱਧ ਦਾ ਸਮਾਂ ਹੋ ਚੁਕਿਆ ਹੈ ਪਰ ਅੱਜ ਵੀ ਦਲਿਤ ਵਰਗ ਦੇ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਸਿਖਿਆ ਦੇ ਖੇਤਰ ਵਿਚ ਬਹੁਤੀ ਤਰੱਕੀ ਨਹੀਂ ਹੋਈ। ਇਨਾਂ ਵਰਗਾਂ ਦੇ 80 ਪ੍ਰਤੀਸ਼ਤ ਲੋਕ ਅੱਜ ਵੀ ਦਿਹਾਤੀ ਖੇਤਰਾਂ ਵਿਚ ਰਹਿ ਰਹੇ ਹਨ। ਆਰਥਿਕ ਲੁੱਟ ਖਸੁੱਟ ਅੱਜ ਵੀ ਇੱਕ ਕੌੜਾ ਸੱਚ ਹੈ। ਬਹੁਗਿਣਤੀ ਮਜ਼ਦੂਰਾਂ ਤੇ ਸੀਮਾਂਤ ਕਾਸ਼ਤਕਾਰਾਂ ਦੀ ਹੈ। ਅੱਜ ਬਹੁ ਗਿਣਤੀ ਕਰਜ਼ੇ ਹੇਠ ਦੱਬੀ ਹੋਈ ਹੈ ਤੇ ਉਹ ਆਪਣਾ ਕਰਜ਼ਾ ਵਾਪਸ ਚੁਕਾਉਣਾ ਲਈ ਬੰਧੂਆ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਹਨ। ਭਾਵੇਂ ਦਲਿਤ ਵਰਗ ਦੇ ਹੱਕਾਂ ਲਈ ਕੁਝ ਸਰਕਾਰੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਗੈਰ ਸਰਕਾਰੀ ਸੰਸਥਾਵਾਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਦੇਸ਼ ਭਰ ਵਿਚ ਚਲ ਰਹੀਆਂ ਹਨ।
ਪੰਜਾਬ, ਕਿਉਂਕਿ ਆਰਥਿਕ ਤੌਰ ਤੇ ਇਕ ਸੰਪੰਨ ਸੂਬਾ ਹੈ ਤੇ ਅਨੁਸੂਚਿਤ ਜਾਤੀ ਤੇ ਹੋਰ ਪਛੜੀਆਂ ਜਾਤੀਆਂ ਦੇ ਲੋਕਾਂ ਦਾ ਜੀਵਨ ਪੱਧਰ ਕਾਫੀ ਬਿਹਤਰ ਹੈ, ਇਥੇ ਬਾਬਾ ਸਾਹਿਬ ਦੇ ਨਾਂ ਤੇ ਅਨੇਕਾਂ ਜਥੇਬੰਦੀਆਂ ਬਣੀਆਂ ਹੋਈਆਂ ਹਨ। ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਜ਼ਮੀਨੀ ਪੱਧਰ ਤੇ ਸੰਸਥਾਵਾਂ ਆਪਣੇ ਭਾਈਚਾਰੇ ਦੀ ਭਲਾਈ ਲਈ ਸ਼ਾਇਦ ਹੀ ਕੁਝ ਕਰ ਰਹੀਆਂ ਹਨ।
ਮੈਂ ਸਾਰੀਆਂ ਸੰਸਥਾਵਾਂ ਨੂੰ ਦੋਸ਼ੀ ਨਹੀਂ ਮੰਨਦਾ ਪਰ ਬਹੁਤੀਆਂ ਸਭਾਵਾਂ, ਸੰਸਥਾਵਾਂ ਦੇ ਸੰਸਥਾਪਕਾਂ ਨੇ ਨਾ ਬਾਬਾ ਸਾਹਿਬ ਦੇ ਸੰਘਰਸ਼ ਜਾਂ ਉਨਾਂ ਦੇ ਰਚਿਤ ਸਾਹਿਤ ਪੜ੍ਹੀਆ ਹੈ। ਉਨਾਂ ਲਈ ਸਿਰਫ਼ ਬਾਬਾ ਸਾਹਿਬ ਦਾ ਨਾਂ ਇਕ ਰੋਟੀ ਰੋਜ਼ੀ ਦਾ ਵਸੀਲਾ ਬਣ ਗਿਆ ਹੈ। ਬਹੁਤੇ ਸਾਡੇ ਵਰਗਾਂ ਦੇ ਆਗੂ ਸਾਡੀਆਂ ਵੋਟਾਂ ਲੈ ਕੇ ਸੱਤਾ ਹਾਸਿਲ ਕਰ ਲੈਂਦੇ ਹਨ ਪਰ ਬਾਅਦ ਵਿਚ ਉਨਾਂ ਦੇ ਵਾਅਦੇ ਸਟੇਜਾਂ ਤੇ ਮੈਨੀਫੈਸਟੋ ਤੱਕ ਹੀ ਸੀਮਿਤ ਰਹੀ ਜਾਂਦੇ ਹਨ।
ਅੱਜ ਵੀ ਦਲਿਤ ਵਰਗ ਦੇ ਹੱਕ ਪੂਰੀ ਤਰਾਂ ਸੁਰਿਖਿਅਤ ਨਹੀਂ ਹਨ। ਦਫਤਰਾਂ ਵਿਚ ਅੱਜ ਵੀ ਮੁਲਾਜ਼ਮ ਜਾਤੀ ਵਿਤਰਕੇ ਦਾ ਸ਼ਿਕਾਰ ਹੋ ਰਹੇ ਹਨ। ਸਮੋਂ ਦੀ ਲੋੜ ਹੈ ਕਿ ਸਾਨੂੰ ਸੱਚੇ ਮਨ ਨਾਲ, ਜੋ ਪੜਿਆ ਲਿਖਿਆ ਵਰਗ ਹੈ, ਉਨਾਂ ਨੂੰ ਬਾਕੀ ਲੋਕਾਂ ਦੀ ਆਵਾਜ਼ ਬਨਣਾ ਚਾਹੀਦਾ ਹੈ। ਇਹ ਡਾ: ਬੀ. ਆਰ. ਅੰਬੇਡਕਰ ਜੀ ਦੀ ਵਿਰਾਸਤ ਅਤੇ ਸੋਚ ਨੂੰ ਸੰਭਾਲਣ ਲਈ ਸਹੀ ਉਪਰਾਲਾ ਹੋਵੇਗਾ।

ਦਵਿੰਦਰ ਕੁਮਾਰ

- ਦਵਿੰਦਰ ਕੁਮਾਰ