ਜਲ ਸੰਕਟ: ਭਵਿਖ ਲਈ ਖ਼ਤਰੇ ਦੀ ਘੰਟੀ
ਸੁੱਕ ਰਹੇ ਜਲ ਸਰੋਤ ਅਤੇ ਜ਼ਮੀਨ ਹੇਠਲੇ ਪਾਣੀ ਦਾ ਦਿਨੋਂ ਦਿਨ ਗਿਰ ਰਿਹਾ ਪੱਧਰ ਅੱਜ ਇਕ ਦੇਸ਼ ਵਿਆਪੀ ਸਮੱਸਿਆ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਹ ਸੰਕਟ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। "ਜਲ ਹੀ ਜੀਵਨ ਹੈ" ਇਹ ਵਾਕ ਸਾਰੀ ਕਾਇਨਾਤ ਉਪਰ ਢੁੱਕਦਾ ਹੈ। ਹਰ ਇੰਨਸਾਨ, ਜੀਵ ਜੰਤੂ ਤੇ ਸਮੁੱਚੀ ਬਨਸਪਤੀ ਦੀ ਜੀਵਨ ਰੇਖਾ ਪਾਣੀ ਹੈ। ਪਾਣੀ ਦੀ ਮੌਜ਼ੂਦਗੀ ਤੋਂ ਬਿਨਾ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਸੁੱਕ ਰਹੇ ਜਲ ਸਰੋਤ ਅਤੇ ਜ਼ਮੀਨ ਹੇਠਲੇ ਪਾਣੀ ਦਾ ਦਿਨੋਂ ਦਿਨ ਗਿਰ ਰਿਹਾ ਪੱਧਰ ਅੱਜ ਇਕ ਦੇਸ਼ ਵਿਆਪੀ ਸਮੱਸਿਆ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਹ ਸੰਕਟ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। "ਜਲ ਹੀ ਜੀਵਨ ਹੈ" ਇਹ ਵਾਕ ਸਾਰੀ ਕਾਇਨਾਤ ਉਪਰ ਢੁੱਕਦਾ ਹੈ। ਹਰ ਇੰਨਸਾਨ, ਜੀਵ ਜੰਤੂ ਤੇ ਸਮੁੱਚੀ ਬਨਸਪਤੀ ਦੀ ਜੀਵਨ ਰੇਖਾ ਪਾਣੀ ਹੈ। ਪਾਣੀ ਦੀ ਮੌਜ਼ੂਦਗੀ ਤੋਂ ਬਿਨਾ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਕਾਦਰ ਦੀ ਕੁਦਰਤ ਨੂੰ ਸਜੀਵ ਰੱਖਣ ਲਈ ਸਾਫ਼ ਹਵਾ, ਪਾਣੀ ਅਤਿਅੰਤ ਜ਼ਰੂਰੀ ਹੈ। ਪਰ ਅਜ ਇੰਨਸਾਨ ਆਪਣੇ ਸਵਾਰਥ ਲਈ ਕੁਦਰਤੀ ਸੋਮਿਆਂ, ਖਾਸ ਤੌਰ ਤੇ ਪਾਣੀ ਦਾ ਦੁਰਉਪਯੋਗ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਬਹੁਤ ਕਠਿਨ ਬਣਾ ਰਿਹਾ ਹੈ। ਅੱਜ ਜੇ ਅਸੀਂ ਭਾਰਤ ਵਿਚ ਜਲ ਸੰਕਟ ਦੀ ਗੱਲ ਕਰੀਏ ਤਾਂ ਸਾਡਾ ਦੇਸ਼ ਬਹੁਤ ਹੀ ਕਠਿਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ।
ਸਾਡੇ ਕੋਲ ਤਾਜ਼ੇ ਪਾਣੀ ਦੇ ਸੋਮਿਆਂ ਦੀ ਘਾਟ ਹੈ ਅਤੇ ਭੂਮੀ ਹੇਠਲੇ ਜਲ ਭੰਡਾਰ ਦੀ ਖ਼ਤਰਨਾਕ ਪੱਧਰ ਤੱਕ ਦੁਰਵਰਤੋਂ ਹੋ ਰਹੀ ਹੈ। ਅੱਜ ਹਾਲਤ ਇਹ ਹਨ ਕਿ ਦੇਸ਼ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਜੇ ਸਥਿਤੀ ਇਹੋ ਜਹੀ ਰਹੀ ਤਾਂ ਸਾਲ 2030 ਤੱਕ ਦੇਸ਼ ਦੀ 40% ਵਸੋਂ ਪੀਣ ਵਾਲੇ ਪਾਣੀ ਲਈ ਤਰਸੇਗੀ। ਭਾਰਤ ਕੋਲ ਸੰਸਾਰ ਦੇ ਸ਼ੁੱਧ ਜਲ ਭੰਡਾਰ ਦਾ ਕੇਵਲ 4% ਹਿਸਾ ਹੈ, ਪਰੰਤੂ ਇਸ ਦੇ ਊਪਰ ਸੰਸਾਰ ਦੀ 18 ਫੀਸਦੀ ਜਨਸੰਖਿਆ ਨਿਰਭਰ ਕਰ ਰਹੀ ਹੈ।
ਅਜ ਪੀਣ ਵਾਲੇ ਪਾਣੀ ਦੀ ਦਿਨੋਂ ਦਿਨ ਹੋ ਰਹੀ ਕਮੀ ਇਕ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਇਸ ਸਮੱਸਿਆ ਦੇ ਸਾਡੇ ਦੇਸ਼ ਦੀ ਅਰਥ ਵਿਵਸਥਾ ਉਪਰ ਵਿਪਰੀਤ ਪ੍ਰਭਾਵ ਪੈ ਰਹੇ ਹਨ। ਇਕ ਅਨੁਮਾਨ ਅਨੁਸਾਰ ਇਸ ਸੰਕਟ ਕਾਰਨ ਸਕਲ ਘਰੇਲੂ ਉਤਪਾਦ ਵਿਚ 6 ਫੀਸਦੀ ਦੀ ਕਮੀ ਆਈ ਹੈ। ਸਾਫ਼ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਦੇਸ਼ ਭਰ ਵਿਚ ਲੋਕਾਂ ਨੂੰ ਕਈ ਤਰਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਦਿਨੀਂ ਉਤਰਾਖੰਡ ਰਾਜ ਦੇ ਇਕ ਸੁਹਿਰਦ ਪ੍ਰੋਫੈਸਰ ਚੰਦਰਮੋਹਨ ਕਾਂਡ ਪਾਲ ਦੀ ਕਹਾਣੀ ਪੜ੍ਹਨ ਨੂੰ ਮਿਲੀ। ਉਹ ਕੈਮਿਸਟਰੀ ਵਿਚ ਪੋਸਟ ਗਰੈਜੂਏਟ ਹਨ ਤੇ ਆਦਰਸ਼ ਇੰਟਰ ਕਾਲਜ ਸੁਰਈਖੇਤ ਵਿਚ ਅਧਿਆਪਨ ਦੇ ਕਿੱਤ ਨਾਲ ਜੁੜੇ ਹੋਏ ਹਨ। ਉਨਾਂ ਨੇ "ਪਰਿਆਵਰਣ ਚੇਤਨਾ ਮੰਚ" ਦਾ ਗਠਨ ਕੀਤਾ ਅਤੇ ਉਨਾਂ ਨੇ ਕਾਲਜ ਵਿਚ ਛੁੱਟੀ ਹੋਣ ਤੋਂ ਬਾਦ ਵਿਹਲੇ ਸਮੋਂ ਵਿਚ ਬੱਚਿਆਂ ਨੂੰ ਵਾਤਾਵਰਣ ਸੰਭਾਲ ਬਾਰੇ ਜਾਗਰੂਕ ਕਰਨਾ ਸ਼ੁਰੂ ਕੀਤਾ।
ਚੰਦਰ ਮੋਹਨ ਕਾਂਡ ਪਾਲ ਨੇ ਪਾਣੀ ਬਚਾਉਣ ਲਈ ਇਕ ਅਨੋਖਾ ਨਾਅਰਾ ਦਿਤਾ, "ਪਾਣੀ ਬੀਜੋ, ਪਾਣੀ ਉਗਾਉ"। ਉਨਾਂ ਨੇ ਬੰਜਰ ਹੋਏ ਖੇਤਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਛੋਟੇ ਛੋਟੇ ਤਲਾਬ ਬਣਾਏ। ਉਨਾਂ ਦੀ ਅਣਥੱਕ ਮਿਹਨਤ ਸਦਕਾ 22 ਜਲਕੁੰਡ ਮੁੜ ਸਰਸ਼ਾਰ ਹੋ ਗਏ। ਉਨਾਂ ਦੇ ਇਸ ਉੱਦਮ ਲਈ ਉਨਾਂ ਨੂੰ ਛੇਵੇਂ ਰਾਸ਼ਟਰੀ ਜਲ ਸਨਮਾਨ ਨਾਲ ਨਵਾਜਿਆ ਗਿਆ ਅਤੇ ਹੁਣ ਇਸ ਮੁਹਿੰਮ ਦਾ ਸੂਬੇ ਪੱਧਰ ਉਪਰ ਵਿਸਥਾਰ ਕੀਤਾ ਜਾ ਰਿਹਾ ਹੈ।
ਇਕ ਸਮਾਂ ਸੀ ਜਦੋ ਇਸ ਪ੍ਰਾਂਤ ਦੇ ਪਿੰਡ ਰੁਜ਼ਗਾਰ ਦੀ ਤਲਾਸ਼ ਵਿਚ ਖਾਲੀ ਹੋਕੇ ਲੋਕੀਂ ਪ੍ਰਵਾਸ ਕਰ ਰਹੇ ਸਨ। ਉਸ ਵੇਲੇ ਮੋਹਨ ਕਾਂਡ ਪਾਲ ਨੇ ਔਰਤਾਂ ਨੂੰ ਜਾਗਰੂਕ ਕਰਨ ਦੇ ਇਰਾਦੇ ਨਾਲ ਦੁਆਰਾਹਾਟ ਅਤੇ ਭਿਕੀਆਮੌਣ ਦੇ ਖੇਤਰਾਂ ਵਿਚ 62 ਮਹਿਲ ਮੰਗਲ ਦਲਾਂ ਦਾ ਗਠਨ ਕੀਤਾ। ਇਨਾਂ ਪਿੰਡਾਂ ਦੇ ਚੌਗਿਰਦੇ ਵਿਚ ਇਕ ਲੱਖ ਤੋਂ ਵੱਖ ਪੌਦੇ ਲਗਾਏ ਗਏ। ਪਾਣੀ ਦੀ ਕਿੱਲਤ ਨਾਲ ਜੂਝ ਰਹੀਆਂ ਗ੍ਰਹਿਣੀਆਂ ਨੂੰ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਅਤੇ 2012 ਵਿਚ "ਪਾਣੀ ਬੀਜੋ, ਪਾਣੀ ਉਗਾਉ" ਮੁਹਿੰਮ ਚਲਾਈ।
ਪੂਰੇ ਦੇਸ਼ ਦੀ ਤਰਾਂ ਅੱਜ ਸਾਡਾ ਆਪਣਾ ਸੂਬਾ, ਪੰਜਾਬ, ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਖੱਲੇ ਜਾ ਰਿਹਾ ਹੈ। ਪੀਣ ਵਾਲੇ ਪਾਣੀ ਦੇ ਸਰੋਤ ਖ਼ਤਮ ਹੋ ਰਹੇ ਹਨ। ਅੱਜ ਤੋਂ ਪੰਜਾਹ ਸਾਲ ਪਹਿਲਾਂ ਹਰ ਪਿੰਡ ਵਿਚ 10-12 ਖੂਹ ਹੁੰਦੇ ਸਨ ਜੋ ਪੂਰਾ ਸਾਲ ਸਾਫ਼ ਸਵੱਛ ਜਲ ਨਾਲ ਭਰੇ ਰਹਿੰਦੇ ਸਨ। ਹਰ ਕਿਸਾਨ ਦਾ ਖੇਤਾਂ ਵਿਚ ਆਪਣਾ ਨਿੱਜੀ ਖੂਹ ਹੁੰਦਾ ਸੀ।
ਪਰ ਅੱਜ ਸ਼ਾਇਦ ਹੀ ਪੂਰੇ ਰਾਜ ਵਿਚ ਕੋਈ ਖੂਹ ਹੋਵੇਗਾ ਜਿਸ ਵਿਚ ਪਾਣੀ ਹੋਵੇ ਜਾਂ ਜਿਸ ਦਾ ਪਾਣੀ ਵਰਤੋਂ ਦੇ ਕਾਬਿਲ ਹੋਵੇ। ਧਰਤੀ ਹੇਠਲਾ ਪਾਣੀ ਔਸਤ 0.49 ਮੀਟਰ ਸਲਾਨਾ ਦੀ ਡਰ ਨਾਲ ਥੱਲੇ ਜਾ ਰਿਹਾ ਹੈ। ਅੱਜ ਪੰਜਾਬ ਦਾ ਕਾਫੀ ਹਿੱਸਾ ਪਾਣੀ ਦਾ ਪੱਧਰ ਘਟਣ ਕਾਰਨ ਬਲੈਕ ਜ਼ੋਨ ਵਿਚ ਆ ਚੁੱਕਾ ਹੈ। ਇਸ ਦਾ ਮੁਖ ਕਾਰਨ ਝੋਨੇ ਦੀ ਖੇਤੀ ਅਤੇ ਕੁਝ ਉਦਯੋਗਾਂ ਨੂੰ ਮੰਨਿਆ ਜਾ ਰਿਹਾ ਹੈ।
ਉਪਰਲੀ ਸਤਹਾ ਦੇ ਪਾਣੀ ਵਿਚ ਪ੍ਰਦੂਸ਼ਣ ਲਈ ਉਦਯੋਗਿਕ ਰਹਿੰਦ ਖੂੰਹਦ ਅਤੇ ਸੀਵਰੇਜ਼ ਦੇ ਮਾੜੇ ਨਿਕਾਸ ਪ੍ਰਬੰਧਨ ਨੂੰ ਜ਼ਿਮੇਵਾਰ ਕਿਹਾ ਜਾ ਰਿਹਾ ਹੈ।ਅੱਜ ਸਾਡੀਆਂ ਬਚੀਆਂ ਖੁਚੀਆਂ ਨਦੀਆਂ ਜਿਵੇ ਬਿਆਸ, ਸਤਲੁਜ, ਘੱਗਰ ਅਤੇ ਕਾਲੀ ਵੇਈਂ ਬਹੁਤ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚ ਭੂਮੀਗਤ ਪਾਣੀ ਵਿਚ ਬਹੁਤ ਸਾਰੇ ਖ਼ਤਰਨਾਕ ਤੱਤਾਂ ਦੀ ਮੌਜ਼ੂਦਗੀ ਹੈ ਜਿਨ੍ਹਾਂ ਵਿਚ ਸੀਸਾ, ਸੇਲੇਨੀਅਮ, ਆਰਸੈਨਿਕ ਵਰਗੀਆਂ ਭਾਰੀ ਧਾਤਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮਨੁੱਖੀ ਸਿਹਤ ਲਈ ਘਾਤਕ ਫਲੋਰਾਈਡ ਅਤੇ ਸ਼ੋਰੇ ਵਰਗੇ ਰਸਾਇਣਕ ਤੱਤਾਂ ਦੀ ਵੀ ਭਰਮਾਰ ਹੈ।
ਪੰਜਾਬ ਦੇਸ਼ ਦਾ ਅੰਨਦਾਤਾ ਹੈ, ਪਰ ਅਜ ਸਾਡਾ ਸੂਬਾ ਗੰਭੀਰ ਜਲ ਸੰਕਟ ਦੇ ਕਾਰਨ ਖੇਤੀਬਾੜੀ, ਜਨਤਕ ਸਿਹਤ ਅਤੇ ਸੰਤੁਲਿਤ ਵਿਕਾਸ ਨੂੰ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅੱਜ ਸਾਡੇ ਸਾਹਮਣੇ ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਦੀ ਦੂਹਰੀ ਸਮੱਸਿਆ ਹੈ। ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਰਾਜ ਸਰਕਾਰ ਨੇ ਕੁਝ ਉਪਾਅ ਆਰੰਭ ਕੀਤੇ ਹਨ। ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਤਰੀਕੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਵਾਸਤੇ " ਪਾਣੀ ਬਚਾਉ, ਪੈਸੇ ਕਮਾਊ" ਯੋਜਨਾ ਸ਼ੁਰੂ ਕੀਤੀ ਗਈ ਹੈ।
ਸੂਖ਼ਮ ਜਲ ਪ੍ਰਣਾਲੀ, ਤੁਪਕਾ ਸਿੰਜਾਈ ਤਕਨੀਕ ਦੀ ਵਰਤੋਂ ਰਾਂਹੀ ਵੀ ਪਾਣੀ ਬਚਾਉਣ ਦੇ ਤਰੀਕੇ ਲਾਗੂ ਕੀਤੇ ਜਾ ਰਹੇ ਹਨ। ਪ੍ਰਚਾਰ, ਪ੍ਰਸਾਰ ਮਾਧਿਅਮਾਂ ਰਾਂਹੀ ਲੋਕਾਂ ਨੂੰ ਸੰਜਮ ਨਾਲ ਪਾਣੀ ਵਰਤਣ ਲਈ ਸੁਚੇਤ ਕੀਤਾ ਜਾਂਦਾ ਹੈ। ਪਾਣੀ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਉਪਰ ਜ਼ੁਰਮਾਨੇ ਵੀ ਲਗਾਏ ਜਾ ਰਹੇ ਹਨ। ਬਾਕੀ ਸਭ ਨਾਗਰਿਕਾਂ ਦਾ ਆਪਣਾ ਵੀ ਨੈਤਿਕ ਫ਼ਰਜ਼ ਹੈ ਕਿ ਅਸੀਂ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਨੂੰ ਸੂਝਬੂਝ ਨਾਲ ਵਰਤੀਏ।
-ਦਵਿੰਦਰ ਕੁਮਾਰ