ਵੈਟਨਰੀ ਯੂਨੀਵਰਸਿਟੀ ਵੱਲੋਂ ਮੱਛੀ ਪਾਲਣ ਸਟਾਰਟਅੱਪ ਅਤੇ ਜਲਜੀਵ ਪੇਸ਼ੇਵਰ ਉੱਦਮੀਆਂ ਦੀ ਮੀਟਿੰਗ ਦਾ ਆਯੋਜਨ
ਲੁਧਿਆਣਾ 19 ਅਗਸਤ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਸਟਾਰਟ-ਅੱਪ ਅਤੇ ਜਲਜੀਵ ਪੇਸ਼ੇਵਰ ਉੱਦਮੀਆਂ ਦੀ ਮੀਟਿੰਗ ਰਾਹੀਂ ਮੱਛੀ ਪਾਲਣ ਖੇਤਰ ਵਿੱਚ ਨਵੀਨਤਾ-ਅਧਾਰਤ ਤਕਨਾਲੋਜੀ ਅਤੇ ਸੇਵਾ-ਅਧਾਰਤ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਭਾਈਵਾਲ ਧਿਰਾਂ ਨੂੰ ਇਕੱਠਾ ਕੀਤਾ ਗਿਆ । ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ(MANAGE) -ਫਿਸ਼ਰੀਜ਼ ਇਨੋਵੇਸ਼ਨ ਐਂਡ ਸਟਾਰਟ-ਅੱਪ ਹੱਬ (FISHub), ਹੈਦਰਾਬਾਦ ਵੱਲੋਂ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਮੀਟਿੰਗ ਵਿੱਚ 300 ਤੋਂ ਵੱਧ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਮੱਛੀ ਪਾਲਣ ਵਿਗਿਆਨੀ, ਵਿਦਿਆਰਥੀ, ਮੱਛੀ ਪਾਲਣ ਪੇਸ਼ੇਵਰ, ਸਟਾਰਟ-ਅੱਪ, ਮੱਛੀ ਪਾਲਣ ਅਧਿਕਾਰੀ ਅਤੇ ਕਿਸਾਨ ਸ਼ਾਮਲ ਸਨ।
ਇਹ ਰਾਸ਼ਟਰੀ ਸੰਸਥਾ ਮੱਛੀ ਪਾਲਣ ਖੇਤਰ ਵਿੱਚ ਨਵੀਨਕਾਰੀ ਸਟਾਰਟ-ਅੱਪਸ ਨੂੰ ਕਾਨੂੰਨੀ, ਵਿੱਤੀ, ਅਤੇ ਤਕਨੀਕੀ ਸਹਾਇਤਾ ਦੁਆਰਾ ਨਵੇਂ ਵਿਚਾਰਾਂ ਨੂੰ ਸਫਲ ਕਾਰੋਬਾਰੀ ਮਾਡਲਾਂ ਵਿੱਚ ਬਦਲਣ ਲਈ ਸਲਾਹ ਦੇਣ ਅਤੇ ਉਤਸ਼ਾਹਿਤ ਕਰਨ ਲਈ ਇੱਕ ਕੌਮੀ ਮੰਚ ਵਜੋਂ ਕੰਮ ਕਰਦੀ ਹੈ
ਸਮਾਗਮ ਦੇ ਮੁੱਖ ਮਹਿਮਾਨ, ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਸਟਾਰਟ-ਅੱਪਸ ਅਤੇ ਉੱਦਮਤਾ ਦੀ ਮਹੱਤਤਾ 'ਤੇ ਚਾਨਣਾ ਪਾਇਆ। ਵੈਟਨਰੀ, ਡੇਅਰੀ ਅਤੇ ਮੱਛੀ ਪਾਲਣ ਪੇਸ਼ੇਵਰਾਂ ਵਿੱਚ ਸਟਾਰਟ-ਅੱਪਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਰਾਸ਼ਟਰੀ ਤਰਜੀਹਾਂ ਅਤੇ ਭੋਜਨ ਸੁਰੱਖਿਆ ਦੇ ਅਨੁਸਾਰ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਪ੍ਰਭਾਵਸ਼ਾਲੀ ਖੇਤਰ-ਪੱਧਰ 'ਤੇ ਅਪਣਾਉਣ ਦੀ ਸਹੂਲਤ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਟਾਰਟ-ਅੱਪ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਵੈਟਨਰੀ , ਪਸ਼ੂਧਨ ਅਤੇ ਮੱਛੀ ਪਾਲਣ ਵਿੱਚ ਸੰਭਾਵੀ ਵਿਚਾਰਾਂ ਨੂੰ ਸਾਰਥਕ ਕਰਨ ਲਈ ਵੈਟਨਰੀ ਅਤੇ ਪਸ਼ੂਧਨ ਨਵੀਨਤਾ ਇਨਕਿਊਬੇਸ਼ਨ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ।
ਮਹਿਮਾਨਾਂ ਡਾ. ਕੰਵਰ ਬਰਜਿੰਦਰ ਸਿੰਘ, ਡਾਇਰੈਕਟਰ, ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ (ਪਾਮੇਟੀ), ਲੁਧਿਆਣਾ ਅਤੇ ਸ਼੍ਰੀ ਹਰਦੇਵ ਸਿੰਘ, ਡਾਇਰੈਕਟਰ ਅਤੇ ਵਾਰਡਨ ਫਿਸ਼ਰੀਜ਼, ਪੰਜਾਬ ਨੇ ਮੱਛੀ ਪਾਲਕ ਨੌਜਵਾਨਾਂ, ਕਿਸਾਨ ਭਾਈਚਾਰੇ ਅਤੇ ਮਹਿਲਾ ਹਿੱਸੇਦਾਰਾਂ ਵਿੱਚ ਸਟਾਰਟ-ਅੱਪਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਸਬੰਧਤ ਸੰਸਥਾਵਾਂ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਅਤੇ ਸਮਰੱਥਾ ਨਿਰਮਾਣ ਸੇਵਾਵਾਂ ਬਾਰੇ ਜਾਣੂ ਕਰਵਾਇਆ।
ਡਾ. ਸਰਵਨਨ ਰਾਜ, ਡਾਇਰੈਕਟਰ (ਖੇਤੀਬਾੜੀ ਵਿਸਥਾਰ), MANAGE ਅਤੇ MANAGE-FISHub ਦੇ ਸੀਈਓ, ਨੇ ਹਿੱਸੇਦਾਰਾਂ ਨੂੰ ਨਵੀਨਤਾ, ਉੱਦਮਤਾ ਅਤੇ ਸਮਰੱਥਾ ਵਿਕਾਸ ਰਾਹੀਂ ਭਾਰਤੀ ਮੱਛੀ ਪਾਲਣ ਖੇਤਰ ਨੂੰ ਬਦਲਣ ਲਈ FISHub ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਮੱਛੀ ਪਾਲਣ ਸਟਾਰਟ-ਅੱਪਸ ਨੂੰ ਸਲਾਹ ਦੇਣ ਅਤੇ ਪਾਲਣ-ਪੋਸ਼ਣ ਕਰਨ ਅਤੇ ਤਕਨਾਲੋਜੀ ਅਪਣਾਉਣ ਅਤੇ ਵਪਾਰੀਕਰਨ ਨੂੰ ਤੇਜ਼ ਕਰਨ ਲਈ ਉੱਦਮੀਆਂ, ਅਕਾਦਮੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਵਿਚਕਾਰ ਸਬੰਧਾਂ ਨੂੰ ਸੁਚਾਰੂ ਬਣਾਉਣ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਅਕਾਦਮਿਕ-ਹਿੱਸੇਦਾਰਾਂ ਦੀਆਂ ਮੀਟਿੰਗਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਹ ਸਮਾਗਮ ਵਿਗਿਆਨੀਆਂ, ਵਿਦਿਆਰਥੀਆਂ, ਪੇਸ਼ੇਵਰਾਂ, ਪਸਾਰ ਕਰਮਚਾਰੀਆਂ, ਕਿਸਾਨਾਂ ਅਤੇ ਉੱਦਮੀ ਨੌਜਵਾਨਾਂ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਸਥਾਨ ਪ੍ਰਦਾਨ ਕਰਦਾ ਹੈ।
