ਹੜ੍ਹਾਂ ਦੀ ਮਾਰ: ਇਕ ਵੱਡੀ ਚੁਨੌਤੀ
ਭਾਵੇਂ ਹਰ ਸਾਲ ਬਰਸਾਤ ਦਾ ਮੌਸਮ ਹਰ ਕਿਸੇ ਲਈ ਮੁਸੀਬਤਾਂ ਭਰਿਆ ਹੁੰਦਾ ਹੈ ਪਰ ਉਤਰੀ ਭਾਰਤ ਵਿਚ ਭੂਗੋਲਿਕ ਸਥਿਤੀ ਅਜਿਹੀ ਹੋਣ ਕਰਕੇ ਕੁਦਰਤ ਹੋਰ ਵੀ ਕਹਿਰਵਾਰ ਹੋ ਜਾਂਦੀ ਹੈ। ਪੰਜਾਬ ਦੀ ਸੀਮਾਂ ਪਹਾੜੀ ਰਾਜਾਂ, ਜੰਮੂ ਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲਗਦੀ ਹੈ। ਇਥੋਂ ਨਿਕਲਣ ਵਾਲੇ ਦਰਿਆ ਰਾਵੀ, ਸਤਲੁਜ ਅਤੇ ਬਿਆਸ ਪੰਜਾਬ ਵਿਚ ਪਹੁੰਚ ਕੇ ਖਾਸ ਤੌਰ ਤੇ ਬਾਰਸ਼ਾਂ ਦੀ ਰੁੱਤ ਵਿਚ, ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ।
ਭਾਵੇਂ ਹਰ ਸਾਲ ਬਰਸਾਤ ਦਾ ਮੌਸਮ ਹਰ ਕਿਸੇ ਲਈ ਮੁਸੀਬਤਾਂ ਭਰਿਆ ਹੁੰਦਾ ਹੈ ਪਰ ਉਤਰੀ ਭਾਰਤ ਵਿਚ ਭੂਗੋਲਿਕ ਸਥਿਤੀ ਅਜਿਹੀ ਹੋਣ ਕਰਕੇ ਕੁਦਰਤ ਹੋਰ ਵੀ ਕਹਿਰਵਾਰ ਹੋ ਜਾਂਦੀ ਹੈ। ਪੰਜਾਬ ਦੀ ਸੀਮਾਂ ਪਹਾੜੀ ਰਾਜਾਂ, ਜੰਮੂ ਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲਗਦੀ ਹੈ। ਇਥੋਂ ਨਿਕਲਣ ਵਾਲੇ ਦਰਿਆ ਰਾਵੀ, ਸਤਲੁਜ ਅਤੇ ਬਿਆਸ ਪੰਜਾਬ ਵਿਚ ਪਹੁੰਚ ਕੇ ਖਾਸ ਤੌਰ ਤੇ ਬਾਰਸ਼ਾਂ ਦੀ ਰੁੱਤ ਵਿਚ, ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ।
ਇਸ ਤੋਂ ਇਲਾਵਾ ਕੁਝ ਛੋਟੀਆਂ ਮੌਸਮੀ ਨਦੀਆਂ ਤੇ ਖੱਡਾਂ ਜੋ ਸ਼ਿਵਾਲਿਕ ਦੀ ਪਹਾੜੀਆਂ ਵਿਚ ਉਤਪੰਨ ਹੁੰਦੀਆਂ ਹਨ, ਇਸ ਮੌਸਮ ਵਿਚ ਔਸਤ ਤੋਂ ਵੱਧ ਮੀਂਹ ਪੌਣ ਨਾਲ ਹੜ੍ਹਾਂ ਦਾ ਕਾਰਨ ਬਣ ਰਹੀਆਂ ਹਨ। 1988 ਵਿਚ ਵੀ ਪੰਜਾਬ ਨੇ ਹੜ੍ਹਾਂ ਦੀ ਮਾਰ ਝੱਲੀ ਸੀ ਪਰ ਇਸ ਵਾਰ ਦੀ ਇਹ ਤ੍ਰਾਸਦੀ ਉਸ ਤੋਂ ਕਿਤੇ ਵੱਧ ਭਿਆਨਕ ਹੈ। ਹੜ੍ਹਾਂ ਨੇ ਪੰਜਾਬ ਦੇ ਵੱਡੇ ਹਿਸੇ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਪੰਜਾਬ ਦੇ 9 ਜ਼ਿਲੇ ਇਸ ਆਫ਼ਤ ਤੋਂ ਬੁਰੀ ਤਰਾਂ ਗ੍ਰਸਤ ਹੋਏ ਹਨ। ਦੇ ਦਰਜਨ ਤੋਂ ਵੱਧ ਲੋਕੀ ਹੜ੍ਹਾਂ ਕਾਰਨ ਆਪਣੀਆ ਜਾਨਾਂ ਗੁਆ ਚੁੱਕੇ ਹਨ।
ਸੈਂਕੜੋਂ ਘਰ ਤਬਾਹ ਹੋ ਚੁੱਕੇ ਹਨ। ਅਣਗਿਣਤ ਬੇਜ਼ੁਬਾਨ ਪਸ਼ੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਲੱਖਾਂ ਏਕੜ ਫਸਲਾਂ ਬੁਰੀ ਤਰਾਂ ਤਬਾਹ ਹੋ ਚੁਕੀਆਂ ਹਨ। ਸੜ੍ਹਕਾਂ, ਪੁਲ ਤੇ ਹੋਰ ਬੁਨਿਆਦੀ ਢਾਂਚੇ ਕਾਫ਼ੀ ਹੱਦ ਤੱਕ ਨੁਕਸਾਨੇ ਗਏ ਹਨ। ਬਹੁਤ ਸਾਰੇ ਲੋਕੀਂ ਲਾਪਤਾ ਹਨ ਜਿਨਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਹਜ਼ਾਰਾਂ ਲੋਕੀਂ ਆਪਣੇ ਘਰਾਂ ਦੀਆਂ ਛੱਤਾਂ ਉਪਰ, ਧਾਰਮਿਕ ਥਾਵਾਂ 'ਤੇ ਅਤੇ ਰਾਹਤ ਕੈਂਪਾਂ ਵਿਚ ਦਿਨ ਕੱਟ ਰਹੇ ਹਨ।
ਪੰਜਾਬ ਦੇ ਲੋਕ ਆਪਣੀ ਦਰਿਆ ਦਿਲੀ ਲਈ ਸੰਸਾਰ ਭਰ ਵਿਚ ਜਾਣੇ ਜਾਂਦੇ ਹਨ। ਅੱਜ ਪੰਜਾਬ ਅੱਤ ਦੀ ਮੁਸ਼ਕਿਲ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਪਰ ਇਹ ਇਕ ਸਬਰ ਸ਼ੁਕਰ ਦੀ ਗੱਲ ਹੈ ਕਿ ਇਸ ਸੂਬੇ ਦੇ ਲੋਕੀ ਆਪਣੀ ਸਮਰੱਥਾ ਅਨੁਸਾਰ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਸਾਰੀਆਂ ਰਾਜਨੀਤਕ ਪਾਰਟੀਆਂ, ਗੈਰਸਰਕਾਰੀ ਸੰਸਥਾਵਾਂ, ਧਾਰਮਿਕ ਅਦਾਰੇ ਦਿਨ ਰਾਤ ਲੋੜਵੰਦ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।
ਪੰਜਾਬੀ ਗਾਇਕ ਤੇ ਕਲਾਕਾਰ ਦਿਲ ਖੋਲ੍ਹ ਕੇ ਸਹਾਇਤਾ ਕਰ ਰਹੇ ਹਨ। ਕੁਝ ਗਾਇਕਾਂ ਕਲਾ ਕਾਰਾਂ ਨੇ ਰਾਹਤ ਕੈਂਪ ਸਥਾਪਤ ਕੀਤੇ ਹਨ। ਲੋਕਾਂ ਦੀ ਵੇਦਨਾ ਨੂੰ ਮਹਿਸੂਸ ਕਰਨ ਵਾਲੇ ਮਾਨਵ ਹਿਤੈਸ਼ੀ ਕਲਾਕਾਰ ਖੁਦ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਦੇਖਭਾਲ ਕਰ ਰਹੇ ਹਨ। ਲੋੜਵੰਦਾਂ ਤੱਕ ਲੋੜੀਂਦੀ ਸਮਗਰੀ ਤੇ ਰਸਦ ਵਗੈਰਾ ਪਹੁੰਚਾਣ ਲਈ ਕਿਸ਼ਤੀਆਂ ਦੀ ਮੁੱਹਈਆ ਕਰਵਾ ਰਹੇ ਹਨ।
ਅਜਨਾਲਾ, ਫਾਜ਼ਿਲਕਾ ਅਤੇ ਰਾਮਦਾਸ ਦੇ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚਣ ਲਈ ਤੁਰੰਤ ਇਕ ਕਿਸ਼ਤੀ ਦੀ ਜ਼ਰੂਰਤ ਸੀ ਤੇ ਇਸ ਦੀ ਕੀਮਤ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਸੀ। ਗਾਇਕਾਂ ਨੇ ਤੁਰੰਤ ਪੈਸੇ ਇਕੱਠੇ ਕਰਕੇ 6 ਸੀਟਾਂ ਵਾਲੀ ਕਿਸ਼ਤੀ ਨੂੰ ਏਅਰ ਲਿਫਟ ਕੀਤਾ। ਇਹ ਕਿਸ਼ਤੀ 6 ਕੁਇੰਟਲ ਤੱਕ ਦਾ ਵਜ਼ਨ ਲਿਜਾ ਸਕਦੀ ਹੈ। ਵਲੰਟੀਅਰ ਹੁਣ ਇਸ ਕਿਸ਼ਤੀ ਦੀ ਵਰਤੋਂ ਕਰਕੇ ਹੜ੍ਹ ਗ੍ਰਸਤ ਪਿੰਡਾਂ ਵਿਚ ਰਾਸ਼ਨ ਵੰਡ ਰਹੇ ਹਨ। ਪ੍ਰਵਾਸੀ ਭਾਰਤੀ ਵੀ ਇਸ ਔਖੇ ਸਮੋਂ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਹਤ ਪਹੁੰਚਾਣ ਅਤੇ ਜਾਨ ਮਾਲ ਨੂੰ ਬਚਾਉਣ ਲਈ ਤਨਦੇਹੀ ਨਾਲ ਲੱਗੇ ਹੋਏ ਹਨ। ਉਹ ਭੋਜਨ ਸਮੱਗਰੀ ਤੇ ਪਸ਼ੂਆਂ ਲਈ ਹਰ ਤਰਾਂ ਦਾ ਚਾਰਾ ਪਹੁੰਚਾ ਰਹੇ ਹਨ। ਉਹ ਬਿਮਾਰ, ਕਮਜ਼ੋਰ, ਬਜ਼ੁਰਗਾਂ ਔਰਤਾਂ ਅਤੇ ਬੱਚਿਆਂ ਨੂੰ ਪਾਣੀ ਵਿਚ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਪਹੁੰਚਾ ਰਹੇ ਹਨ।
ਕਈ ਪ੍ਰਭਾਵਿਤ ਥਾਵਾਂ ਉਪਰ ਲੋਕਾਂ ਨੇ ਦੱਸਿਆ ਕਿ ਉਨਾਂ ਦੇ ਪਿੰਡਾਂ, ਘਰਾਂ ਤੇ ਮੁਹੱਲਿਆਂ ਵਿਚ 5 ਤੋਂ 6 ਫੁੱਟ ਤਕ ਪਾਣੀ ਆ ਚੁਕਾ ਹੈ ਤੇ ਉਹ ਆਪਣੇ ਘਰਾਂ ਦੀਆਂ ਛੱਤਾਂ ਉਪਰ ਰਾਤਾਂ ਗੁਜ਼ਾਰਨ ਲਈ ਮਜ਼ਬੂਰ ਹਨ। ਬੁਰੀ ਤਰਾਂ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਉਨਾਂ ਦਾ ਘਰੇਲੂ ਵਰਤੋਂ ਦਾ ਸਮਾਨ, ਇਲੈਕਟ੍ਰਾਨਿਕਸ ਆਦਿ ਦਾ ਬਹੁਤ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿਚ ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲੇ ਸ਼ਾਮਿਲ ਹਨ।
ਜੇ ਹੜ੍ਹਾਂ ਦੀ ਮਾਰ ਤੋਂ ਬਾਅਦ ਪੈਣ ਵਾਲੇ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਇਸ ਨੁਕਸਾਨ ਦੀ ਪੂਰਤੀ ਲਈ ਸ਼ਾਇਦ ਸਾਲਾਂ ਬੱਧੀ ਸਮੋਂ ਦੀ ਲੋੜ ਹੈ। ਜੋ ਬੁਨਿਆਦੀ ਢਾਂਚਾ, ਨਿਜੀ ਜਾਇਦਾਦਾਂ, ਕਾਰੋਬਾਰ ਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਵਿਚੋਂ ਦੁਬਾਰਾ ਉਭਰਨ ਲਈ ਕਾਫੀ ਵਕਤ ਲਗੇਗਾ। ਇਸ ਨਾਲ ਜਨ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਪਾਣੀ, ਬਿਜਲੀ ਤੇ ਸੰਚਾਰ ਵਿਵਸਥਾ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਉਪਜਾਊ ਭੂਮੀ ਉਪਰ ਰੇਤ ਗਾਰਾ ਜਮਾ ਹੋ ਗਿਆ ਹੈ ਉਸ ਨੂੰ ਮੁੜ ਵਾਹੀਯੋਗ ਬਣਾਉਣਾ ਇਕ ਵੱਡੀ ਚੁਨੌਤੀ ਹੈ। ਗਿਰ ਚੁੱਕੇ ਘਰਾਂ, ਟੁੱਟੀਆਂ ਸੜਕਾਂ, ਇਮਾਰਤਾਂ ਦਾ ਮੁੜ ਨਿਰਮਾਣਾ ਕਰਨਾ ਪਏਗਾ। ਘਰੋਂ ਬੇਘਰ ਹੋਏ ਲੋਕ ਦੇ ਮੁੜ ਵਸੇਬੇ ਦੀ ਲੋੜ ਹੈ, ਸਰਕਾਰਾਂ ਅੱਗੇ ਇਹ ਵੱਡੇ ਸਵਾਲ ਹਨ। ਲੋਕੀਂ, ਖਾਸ ਤੌਰ ਤੇ ਪੰਜਾਬ ਵਾਸੀ ਆਪਣੇ ਸੁਭਾਅ ਅਨੁਸਾਰ ਵੱਧ ਚੜ੍ਹਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਮੀਦ ਹੈ ਕਿ ਪੰਜਾਬ ਇਸ ਦੁਖਾਂਤ ਨੂੰ ਜਲਦੀ ਹੀ ਭੁੱਲ ਕੇ ਮੁੜ ਤਰੱਕੀ ਦੀ ਰਾਹ ਉਪਰ ਆ ਜਾਵੇਗਾ।
-ਦਵਿੰਦਰ ਕੁਮਾਰ